27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਪੰਜਾਬ ਸਰਕਾਰ ਨੇ ਵਿਸਾਰਿਆ ਨਸ਼ਾ ਰੋਕੂ ਕਮੇਟੀ ਖੇੜੀ-ਸ਼ੇਰਪੁਰ ਨੂੰ <br/>

ਅਜੀਤ ਡੈਸਕ 23-01-2026
ਸ਼ੇਰਪੁਰ, 22 ਜਨਵਰੀ (ਦਰਸ਼ਨ ਸਿੰਘ ਖੇੜੀ) - ਨਸ਼ਾ ਰੋਕੂ ਕਮੇਟੀ ਸ਼ੇਰਪੁਰ-ਖੇੜੀ ਨੇ ਲਗਭਗ ਢਾਈ ਸਾਲ ਤੋਂ ਨਸ਼ਿਆਂ ਨੂੰ ਰੋਕਣ ਲਈ ਸ਼ੇਰਪੁਰ ਅਤੇ ਖੇੜੀ ਦੇ ਨੌਜਵਾਨਾਂ ਨੇ ਨਸ਼ਿਆਂ ਦੀ ਹੱਬ ਵਜੋਂ ਜਾਣੇ ਜਾਂਦੇ ਕਸਬਾ ਸ਼ੇਰਪੁਰ ਵਿਚੋਂ ਚਿੱਟੇ ਦੇ ਖ਼ਾਤਮੇ ਦਾ ਬੀੜਾ ਚੁੱਕਿਆ | ਬਹੁਤ ਹੀ ਵਿਉਂਤਬੰਦੀ ਨਾਲ ਕਮੇਟੀ ਦੇ ਆਗੂਆਂ ਬਲਵਿੰਦਰ ਸਿੰਘ ਬਿੰਦਾ ਖੇੜੀ ਅਤੇ ਸੰਦੀਪ ਸਿੰਘ ਗੋਪੀ ਗਰੇਵਾਲ ਦੀ ਅਗਵਾਈ ਹੇਠ ਨਸ਼ਿਆਂ ਦੇ ਸੌਦਾਗਰਾਂ ਨੂੰ ਘੇਰਨ ਲਈ ਦੋ ਥਾਵਾਂ 'ਤੇ ਠੀਕਰੀ ਪਹਿਰੇ ਪੱਕੇ ਤੌਰ 'ਤੇ ਸਥਾਪਿਤ ਕਰ ਦਿੱਤੇ | ਬਹੁਤ ਹੀ ਸਿਰੜ ਅਤੇ ਸਿਦਕ ਦਿਲੀ ਨਾਲ ਗੁਰੀਲਾ ਢੰਗ ਵਰਤ ਕੇ ਨਸ਼ਿਆਂ ਦੇ ਸੌਦਾਗਰਾਂ ਨੂੰ ਰੰਗੇ ਹੱਥੀਂ ਫੜਨਾ ਸ਼ੁਰੂ ਕੀਤਾ | ਨਸ਼ਿਆਂ ਦੇ ਵਪਾਰੀਆਂ ਨੇ ਬਹੁਤ ਚਿਰ ਲੁਕਣ ਛਿਪਣ ਦੀ ਕੋਸ਼ਿਸ਼ ਕੀਤੀ ਪਰੰਤੂ ਇਨ੍ਹਾਂ ਨੌਜਵਾਨਾਂ ਦੀ ਸਮੁੱਚੀ ਟੀਮ ਨੇ ਦਿਨ ਰਾਤ ਇੱਕ ਕਰ ਕੇ ਚਿੱਟਾ ਵੇਚਣ ਵਾਲਿਆਂ ਦੀ ਤੋਬਾ ਕਰਵਾਈ | ਕਮੇਟੀ ਨੇ ਬਹੁਤ ਸਾਰੇ ਅਲੋਕਾਰੀ ਕਦਮ ਵਧਾ ਕੇ ਜੋ ਇਤਿਹਾਸਕ ਕੀਰਤੀਮਾਨ ਸਥਾਪਿਤ ਕੀਤੇ, ਉਨ੍ਹਾਂ ਨੂੰ ਸਮੇਂ ਸਮੇਂ ਦੇ ਪੁਲਿਸ ਪ੍ਰਸ਼ਾਸਨ ਵਲੋਂ ਵੀ ਸਨਮਾਨਿਤ ਕੀਤਾ ਗਿਆ ਹੈ | ਕਮੇਟੀ ਵਲੋਂ ਨਸ਼ਿਆਂ ਵਿਚ ਗ਼ਲਤਾਨ ਨੌਜਵਾਨਾਂ ਨੂੰ ਨਸ਼ਾ ਛੁਡਾਊ ਕੇਂਦਰਾਂ ਵਿਚ ਲਿਜਾ ਕੇ ਇਲਾਜ ਵੀ ਕਰਵਾਇਆ | ਇਸ ਤੋਂ ਬਿਨਾਂ ਕਿਸਾਨਾਂ ਦੀਆਂ ਮੋਟਰਾਂ ਤੋਂ ਕੇਬਲ ਚੋਰੀ ਕਰਨ ਵਾਲੇ ਚੋਰਾਂ ਨੂੰ ਸਮਾਜਿਕ ਤੌਰ 'ਤੇ ਉਜਾਗਰ ਕਰ ਕੇ ਲਾਹਨਤਾਂ ਪਾਈਆਂ | ਮਾਈਆਂ ਦੇ ਕੰਨਾਂ ਵਿਚੋਂ ਝਪਟ ਮਾਰ ਕੇ ਖੋਹਣ ਵਾਲਿਆਂ ਨਸ਼ੇੜੀਆਂ ਨੂੰ ਅਤੇ ਲੁਟੇਰਿਆਂ ਨੂੰ ਭਾਜੜਾਂ ਪਾਈਆਂ, ਅਨੇਕਾਂ ਚੋਰੀ ਹੋਏ ਮੋਟਰਸਾਈਕਲਾਂ ਨੂੰ ਬਰਾਮਦ ਕਰਵਾ ਕੇ ਮਾਲਕਾਂ ਦੇ ਸਪੁਰਦ ਕੀਤੇ, ਨਸ਼ਿਆਂ ਦੀ ਰੋਕਥਾਮ ਲਈ ਸਕੂਲਾਂ ਵਿਚ ਜਾ ਕੇ ਵਿਦਿਆਰਥੀਆਂ ਨੂੰ ਸੁਚੇਤ ਕੀਤਾ, ਜਦੋਂ ਕਿਸੇ ਵੀ ਸਮੇਂ ਅੱਗ ਲੱਗਣ ਦੀਆਂ ਵਾਰਦਾਤਾਂ ਹੋਈਆਂ ਤਾਂ ਕਮੇਟੀ ਦੇ ਜੁਝਾਰੂ ਵਰਕਰਾਂ ਨੇ ਪਹਿਲਕਦਮੀ ਕਰ ਕੇ ਅੱਗ ਬੁਝਾਉਣ ਦਾ ਕਾਰਜ ਕੀਤਾ, ਹੜ੍ਹ ਪੀੜਤਾਂ ਨੂੰ ਰਾਸ਼ਨ ਤੇ ਚਾਰੇ ਦੀਆਂ ਟਰਾਲੀਆਂ ਭੇਜੀਆਂ, ਹੜ੍ਹਾਂ ਕਾਰਨ ਖ਼ਰਾਬ ਹੋਈਆਂ ਜ਼ਮੀਨਾਂ ਨੂੰ ਉਪਜਾਊ ਬਣਾਉਣ ਲਈ ਦਰਜਨਾਂ ਟਰੈਕਟਰ ਲਿਜਾ ਕੇ ਲਗਾਤਾਰ ਦੋ ਤਿੰਨ ਮਹੀਨੇ ਪੀੜਤਾਂ ਨੂੰ ਰਾਹਤ ਦਿਵਾਈ | ਇਨ੍ਹਾਂ ਕੁੱਝ ਕਰਨ ਤੋਂ ਬਾਅਦ ਵੀ ਜੇਕਰ ਪੰਜਾਬ ਸਰਕਾਰ ਵੱਲੋਂ ਸਟੇਟ ਅਵਾਰਡ ਨਾਲ ਸਨਮਾਨਿਤ ਨਾ ਕੀਤੇ ਜਾਣਾ, ਇਹ ਇਕ ਬੁਝਾਰਤ ਬਣਿਆ ਹੋਇਆ ਹੈ | ਹੁਣ ਲੋਕਾਂ ਦੀਆਂ ਨਿਗਾਹਾਂ 26 ਜਨਵਰੀ 'ਤੇ ਹਨ, ਵੇਖੋ ਸਰਕਾਰ ਦੇ ਕੰਨਾਂ 'ਤੇ ਜੂੰ ਸਰਕਦੀ ਹੈ ਜਾਂ ਨਹੀਂ | ਜਦੋਂ ਇਸ ਸਬੰਧੀ ਨਸ਼ਾ ਰੋਕੂ ਕਮੇਟੀ ਦੇ ਮੋਹਰੀ ਆਗੂਆਂ ਬਲਵਿੰਦਰ ਸਿੰਘ ਬਿੰਦਾ ਅਤੇ ਸੰਦੀਪ ਸਿੰਘ ਗੋਪੀ ਗਰੇਵਾਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਨੂੰ ਢਾਈ ਸਾਲ ਹੋ ਚੁੱਕੇ ਹਨ ਲਗਾਤਾਰ ਪੱਕਾ ਪਹਿਰਾ ਲਗਾਏ ਹੋਏ ਨੂੰ ਜਿਸ ਸਦਕਾ ਸ਼ੇਰਪੁਰ ਇਲਾਕੇ ਵਿਚੋਂ 98% ਨਸ਼ਾ ਬੰਦ ਹੋ ਚੁੱਕਿਆ ਹੈ ਪਰੰਤੂ ਅਫ਼ਸੋਸ ਹੈ ਕਿ ਇਸ ਪੱਕੇ ਪਹਿਰੇ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਤਾ ਹੀ ਨਹੀਂ ਲੱਗਿਆ ਕਿ ਮੇਰੇ ਜ਼ਿਲੇ੍ਹ ਸੰਗਰੂਰ ਦੇ ਕਸਬਾ ਸ਼ੇਰਪੁਰ ਵਿਖੇ ਪੱਕਾ ਪਹਿਰਾ ਚੱਲਦਾ ਹੈ | ਚਾਹੀਦਾ ਦਾ ਤਾਂ ਇਹ ਸੀ ਕਿ ਵਿਧਾਨ ਸਭਾ 'ਚ ਇਸ ਪਹਿਰੇ ਦੀ ਚਰਚਾ ਹੁੰਦੀ ਤਾਂ ਇਹ ਪੂਰੇ ਪੰਜਾਬ ਲਈ ਉਦਾਹਰਣ ਬਣਦਾ | ਉਨ੍ਹਾਂ ਕਿਹਾ ਕਿ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਵੱਲੋਂ ਵੀ ਇਸ ਪਹਿਰੇ ਬਾਬਤ ਵਿਧਾਨ ਸਭਾ 'ਚ ਚਰਚਾ ਛੇੜਨੀ ਚਾਹੀਦੀ ਸੀ |

ਪਿਛਲੀ ਖ਼ਬਰ ਨਗਰ ਕੌਂਸਲ ਸੰਗਰੂਰ ਦਾ ਨਵਾਂ ਦਫ਼ਤਰ ਬਣਾਉਣ ਲਈ ਜਗ੍ਹਾ ਦੀ ਕੀਤੀ ਮੰਗ <br/> ਅਗਲੀ ਖ਼ਬਰ ਕੋਆਪ੍ਰੇਟਿਵ ਸੋਸਾਇਟੀ ਛਾਹੜ ਦੇ ਮੈਂਬਰਾਂ ਦੀ ਹੋਈ ਚੋਣ-ਅਕਾਲੀ ਦਲ ਦੇ 6 ਮੈਂਬਰ ਰਹੇ ਜੇਤੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।