ਅਬੋਹਰ, 29 ਜਨਵਰੀ (ਵਿਵੇਕ ਹੂੜੀਆ)-ਅਬੋਹਰ ਸ਼ਹਿਰ 'ਚ ਪਾਬੰਦੀ ਦੇ ਬਾਵਜੂਦ ਚਾਈਨਾ ਡੋਰ ਦੀ ਵਰਤੋਂ ਲਗਾਤਾਰ ਜਾਰੀ ਹੈ, ਜਿਸ ਕਾਰਨ ਅੱਜ ਦੁਪਹਿਰ ਥਾਣਾ ਰੋਡ 'ਤੇ ਇਕ ਵੱਡਾ ਹਾਦਸਾ ਹੁੰਦੇ-ਹੁੰਦੇ ਬਚ ਗਿਆ | ਹਵਾ ਵਿਚ ਉੱਡ ਕੇ ਆਈ ਖ਼ਤਰਨਾਕ ਚਾਈਨੀਜ਼ ਡੋਰ ਦੀ ਲਪੇਟ 'ਚ ਆਉਣ ਤੋਂ ਕਈ ਵਾਹਨ ਚਾਲਕ ਵਾਲ-ਵਾਲ ਬਚ ਗਏ | ਖ਼ੁਸ਼ਕਿਸਮਤੀ ਰਹੀ ਕਿ ਵਾਹਨਾਂ ਦੀ ਗਤੀ ਘੱਟ ਸੀ, ਨਹੀਂ ਤਾਂ ਕੋਈ ਜਾਨੀ ਨੁਕਸਾਨ ਹੋ ਸਕਦਾ ਸੀ | ਘਟਨਾ ਦੇ ਸਮੇਂ ਮਾਰਗ 'ਤੇ ਪੰਜਾਬ ਸਰਕਾਰ ਵਲੋਂ ਲਗਾਏ ਗਏ 10 ਲੱਖ ਰੁਪਏ ਦੇ ਸਿਹਤ ਬੀਮਾ ਕੈਂਪ ਕਾਰਨ ਕਾਫ਼ੀ ਭੀੜ ਸੀ | ਜਾਣਕਾਰੀ ਅਨੁਸਾਰ ਅਚਾਨਕ ਹਵਾ ਦੇ ਬੁੱਲ੍ਹੇ ਨਾਲ ਡੋਰ ਸੜਕ 'ਤੇ ਫੈਲ ਗਈ | ਮੌਕੇ 'ਤੇ ਮੌਜੂਦ ਓਜਸ ਛਾਬੜਾ ਨਾਮੀ ਨੌਜਵਾਨ ਨੇ ਤੁਰੰਤ ਮੁਸਤੈਦੀ ਦਿਖਾਉਂਦੇ ਹੋਏ ਡੋਰ ਨੂੰ ਇਕੱਠਾ ਕੀਤਾ ਤੇ ਹੋਰ ਲੋਕਾਂ ਨੂੰ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਚਾਇਆ | ਲੋਕਾਂ ਨੇ ਦੱਸਿਆ ਕਿ ਜਦੋਂ ਡੋਰ ਨੂੰ ਰਬੜ ਨਾਲ ਕੱਟਣ ਦੀ ਕੋਸ਼ਿਸ਼ ਕੀਤੀ ਗਈ ਤਾਂ ਰਬੜ ਕੱਟ ਗਈ ਪਰ ਡੋਰ ਨਹੀਂ ਟੁੱਟੀ, ਜੋ ਇਸ ਦੀ ਮਾਰੂ ਸਮਰੱਥਾ ਨੂੰ ਦਰਸਾਉਂਦਾ ਹੈ | ਸਥਾਨਕ ਲੋਕਾਂ ਨੇ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਚਾਈਨੀਜ਼ ਡੋਰ ਨਾਲ ਪਹਿਲਾਂ ਵੀ ਕਈ ਹਾਦਸੇ ਵਾਪਰ ਚੁੱਕੇ ਹਨ | ਕੁੱਝ ਦਿਨ ਪਹਿਲਾਂ ਪੰਜਪੀਰ ਨਗਰ ਦੇ ਇਕ ਨੌਜਵਾਨ ਦੇ ਗਲੇ 'ਤੇ 16 ਟਾਂਕੇ ਲੱਗੇ ਸਨ | ਪੰਜਾਬ 'ਚ ਹਾਲ ਹੀ ਵਿਚ ਇਕ 18 ਸਾਲਾ ਨੌਜਵਾਨ ਤੇ 40 ਸਾਲਾ ਮਹਿਲਾ ਦੀ ਇਸ ਡੋਰ ਕਾਰਨ ਮੌਤ ਹੋ ਚੁੱਕੀ ਹੈ | ਲੋਕਾਂ ਦਾ ਦੋਸ਼ ਹੈ ਕਿ ਪਾਬੰਦੀ ਦੇ ਬਾਵਜੂਦ ਪੁਲਿਸ ਵਲੋਂ ਡੋਰ ਵੇਚਣ ਵਾਲਿਆਂ ਖ਼ਿਲਾਫ਼ ਕੋਈ ਸਖ਼ਤ ਮਾਮਲਾ ਦਰਜ ਨਹੀਂ ਕੀਤਾ ਜਾ ਰਿਹਾ | ਸ਼ਹਿਰ ਵਾਸੀਆਂ ਨੇ ਮੰਗ ਕੀਤੀ ਹੈ ਕਿ ਪੁਲਿਸ ਪ੍ਰਸ਼ਾਸਨ ਵਿਸ਼ੇਸ਼ ਮੁਹਿੰਮ ਚਲਾ ਕੇ ਡੋਰ ਦੀ ਜਾਂਚ ਕਰੇ ਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰੇ ਤਾਂ ਜੋ ਕੀਮਤੀ ਜਾਨਾਂ ਬਚਾਈਆਂ ਜਾ ਸਕਣ |