ਰਾਏਕੋਟ, 22 ਜਨਵਰੀ (ਸੁਸ਼ੀਲ)-ਪਿਛਲੇ ਦਿਨੀਂ ਮੰਗਲੌਰ (ਕਰਨਾਟਕਾ) ਵਿਖੇ ਸਕੂਲ ਗੇਮਜ਼ ਫੈੱਡਰੇਸ਼ਨ ਆਫ਼ ਇੰਡੀਆ ਵਲੋਂ 69ਵੀਂ ਨੈਸ਼ਨਲ ਗੇਮਜ਼ ਕਰਵਾਈਆਂ ਗਈਆਂ | ਜਿਸ ਵਿਚ ਪੀ.ਐੱਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੈਣੀ ਬੜਿੰਗਾ ਦੇ ਵਿਦਿਆਰਥੀਆਂ ਹਰਮਨਜੋਤ ਸਿੰਘ ਪੁੱਤਰ ਗੁਲਸ਼ਨ ਸਿੰਘ ਅਤੇ ਅਨਮੋਲਦੀਪ ਸਿੰਘ ਪੁੱਤਰ ਸਨਦੀਪ ਸਿੰਘ ਨੇ ਪੰਜਾਬ ਵਲੋਂ ਭਾਗ ਲੈਂਦਿਆਂ ਅੰਡਰ-19 ਨੈੱਟਬਾਲ ਦੇ ਮੁਕਾਬਲਿਆਂ 'ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਨੈਸ਼ਨਲ ਪੱਧਰ 'ਤੇ ਪਹਿਲਾ ਸਥਾਨ ਹਾਸਲ ਕੀਤਾ | ਜਿੰਨ੍ਹਾਂ ਦਾ ਉਨ੍ਹਾਂ ਦੇ ਜੱਦੀ ਪਿੰਡ ਤਾਜਪੁਰ ਵਿਖੇ ਐੱਨ.ਆਰ.ਆਈਜ਼ ਅਤੇ ਪਿੰਡ ਵਾਸੀਆਂ ਵਲੋਂ ਸਨਮਾਨ ਕੀਤਾ ਗਿਆ | ਇਸ ਸਬੰਧੀ ਬਾਬਾ ਸੋਹਣ ਸਿੰਘ ਤਾਜਪੁਰ, ਹਰਜੀਤ ਸਿੰਘ ਕਾਕਾ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਬੱਚਿਆਂ ਨੇ ਨੈਸ਼ਨਲ ਪੱਧਰ 'ਤੇ ਮੱਲਾਂ ਮਾਰ ਕੇ ਪਿੰਡ ਦਾ ਨਾਮ ਰੌਸ਼ਨ ਕੀਤਾ ਹੈ | ਸੋਹਣ ਸਿੰਘ ਬਾਬਾ ਨੇ ਕਿਹਾ ਕਿ ਨੌਜਵਾਨੀ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਅਤੇ ਸਰੀਰਕ ਤੌਰ ਤੇ ਤੰਦਰੁਸਤ ਰੱਖਣ ਲਈ ਖੇਡਾਂ ਵੱਲ ਪ੍ਰੇਰਿਤ ਕਰਨਾ ਚਾਹੀਦਾ ਹੈ | ਇਸ ਮੌਕੇ ਖੇਡਾਂ ਵਿਚ ਮੱਲਾਂ ਮਾਰਨ ਵਾਲੇ ਖਿਡਾਰੀਆਂ ਹਰਮਨਜੋਤ ਸਿੰਘ ਅਤੇ ਅਨਮੋਲਦੀਪ ਸਿੰਘ ਨੂੰ ਹਾਰ ਪਾ ਕੇ ਅਤੇ ਕੈਸ਼ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਗੁਰਵਿੰਦਰ ਮਨੀਲਾ, ਰਣਜੋਧ ਮਨੀਲਾ, ਸੋਹਣ ਸਿੰਘ ਬਾਬਾ, ਹਰਜੀਤ ਸਿੰਘ ਕਾਕਾ, ਕੁਲਵਿੰਦਰ ਸਿੰਘ ਦੁੱਲਾ, ਹਰਮਿੰਦਰ ਸਿੰਘ, ਪ੍ਰਧਾਨ ਸੁਖਵਿੰਦਰ ਸਿੰਘ ਸੁੱਖੂ, ਅਜੀਤ ਸਿੰਘ, ਅੰਮਿ੍ਤ ਸਿੰਘ ਖੰਗੂੜਾ, ਭੁਪਿੰਦਰ ਸਿੰਘ ਗੋਰਾ, ਹੈਪੀ ਸੇਖੋਂ, ਗੁਲਸ਼ਨ ਸਿੰਘ, ਜੱਗਾ ਸਿੰਘ, ਰਾਜਪਾਲ ਸਿੰਘ, ਕੁਲਦੀਪ ਸਿੰਘ, ਸੋਨੀ ਸਿੰਘ, ਮਨਵੀਰ ਸਿੰਘ, ਬਲਵੀਰ ਸਿੰਘ, ਸੰਤ ਸਿੰਘ, ਵਿੱਕੀ, ਅਮਨਦੀਪ ਖੰਗੂੜਾ, ਗੁਰਪ੍ਰੇਮ ਸਿੰਘ, ਗੁਰਮੀਤ ਸਿੰਘ ਆਦਿ ਹਾਜ਼ਰ ਸਨ |