ਤਿਰੂਵਨੰਤਪੁਰਮ, 26 ਮਾਰਚ (ਏਜੰਸੀ)-ਕੇਰਲ ਪੁਲਿਸ ਦੇ ਸਾਈਬਰ ਵਿੰਗ ਨੇ ਸੋਸ਼ਲ ਮੀਡੀਆ ਮੰਚ ਐਕਸ ਅਤੇ ਇਸਦੇ ਇਕ ਹੈਂਡਲ ਵਿਰੁੱਧ ਇਕ ਏ.ਆਈ. ਨਾਲ ਤਿਆਰ ਕੀਤੀ ਵੀਡੀਓ ਪ੍ਰਸਾਰਿਤ ਕਰਨ ਦੇ ਦੋਸ਼ 'ਚ ਕੇਸ ਦਰਜ ਕੀਤਾ ਹੈ | ਇਸ ਵੀਡੀਓ 'ਚ ਪ੍ਰਧਾਨ ਮੰਤਰੀ ਅਤੇ ਚੋਣ ਕਮਿਸ਼ਨ ਨੂੰ ਗੁੰਮਰਾਹ ਕਰਨ ਵਾਲੇ ਤੇ ਅਪਮਾਨਜਨਕ ਤਰੀਕੇ ਨਾਲ ਦਰਸਾਇਆ ਗਿਆ ਹੈ | ਜਿਸ ਵੀਡੀਓ ਦੀ ਗੱਲ ਹੋ ਰਹੀ ਹੈ ਉਹ ਚੋਣ ਕਮਿਸ਼ਨ ਦੇ ਅਜਿਹੇ ਪੱਤਰ ਨਾਲ ਜੁੜੀ ਘਟਨਾ ਦਾ ਜ਼ਿਕਰ ਕਰਦੀ ਹੈ ਜਿਸ 'ਤੇ ਭਾਜਪਾ ਦੀ ਕੇਰਲ ਇਕਾਈ ਦੀ ਮੋਹਰ ਲੱਗੀ ਸੀ, ਇਹ ਇਕ ਅਜਿਹਾ ਮੁੱਦਾ ਹੈ ਜੋ ਚੋਣ ਵਾਲੇ ਇਸ ਰਾਜ 'ਚ ਇਕ ਰਾਜਨੀਤਕ ਵਿਵਾਦ ਬਣ ਗਿਆ ਹੈ | ਪੁਲਿਸ ਨੇ ਦੱਸਿਆ ਕਿ ਇਹ ਵੀਡੀਓ ਅਜੇ ਤੱਕ ਉਸ ਐਕਸ ਹੈਾਡਲ ਤੋਂ ਹਟਾਇਆ ਨਹੀਂ ਗਿਆ, ਜਿਸ 'ਤੇ ਇਸ ਨੂੰ ਪੋਸਟ ਕੀਤਾ ਗਿਆ ਸੀ | ਪੁਲਿਸ ਨੇ ਬਿਆਨ 'ਚ ਅੱਗੇ ਕਿਹਾ ਕਿ ਅਪਮਾਨਜਨਕ ਸਮਗਰੀ ਦੀ ਜਾਣਕਾਰੀ ਉਨ੍ਹਾਂ ਨੂੰ ਅਧਿਕਾਰਤ ਚੈਨਲਾਂ ਜ਼ਰੀਏ ਮਿਲੀ | ਬਿਆਨ 'ਚ ਕਿਹਾ ਗਿਆ ਕਿ ਜਾਂਚ ਕਰਨ 'ਤੇ ਪਾਇਆ ਗਿਆ ਕਿ ਇਸ ਸਮਗਰੀ 'ਚ ਜਨਤਾ ਨੂੰ ਗੁੰਮਰਾਹ ਕਰਨ, ਸੰਵਿਧਾਨਿਕ ਸੰਸਥਾਵਾਂ ਦੀ ਭਰੋਸੇਯੋਗਤਾ ਨੂੰ ਘੱਟ ਕਰਨ ਅਤੇ ਸੁਤੰਤਰ ਅਤੇ ਨਿਰਪੱਖ ਚੋਣ ਕਰਵਾਉਣ ਦੀ ਪ੍ਰਕਿਰਿਆ 'ਤੇ ਬੁਰਾ ਅਸਰ ਪਾਉਣ ਦੀ ਸਮਰੱਥਾ ਸੀ |