ਨਵੀਂ ਦਿੱਲੀ, 26 ਮਾਰਚ (ਉਪਮਾ ਡਾਗਾ ਪਾਰਥ)-ਭਾਰਤ ਸਰਕਾਰ ਨੇ ਹਥਿਆਰਬੰਦ ਫੌਜਾਂ ਦੇ ਜਵਾਨਾਂ ਦੇ ਸਨਮਾਨ 'ਚ ਵੱਡਾ ਫ਼ੈਸਲਾ ਲੈਂਦਿਆਂ ਸੈਨਾ ਮੈਡਲ, ਨੌਸੈਨਾ ਮੈਡਲ ਅਤੇ ਹਵਾਈ ਸੈਨਾ ਮੈਡਲ (ਵੀਰਤਾ) ਨਾਲ ਸਨਮਾਨਿਤ ਜਵਾਨਾਂ ਨੂੰ ਹੁਣ ਭਾਰਤੀ ਰੇਲਵੇ 'ਚ ਜੀਵਨ ਭਰ ਮੁਫ਼ਤ ਸਫ਼ਰ ਦੀ ਸੁਵਿਧਾ ਦਿੱਤੇ ਜਾਣ ਦਾ ਐਲਾਨ ਕੀਤਾ | ਐਵਾਰਡ ਜੇਤੂ ਦੇ ਨਾਲ ਇਕ ਸਹਿਯੋਗੀ ਵੀ ਮੁਫ਼ਤ ਸਫ਼ਰ ਕਰ ਸਕੇਗਾ | ਸਰਕਾਰ ਵਲੋਂ ਜਾਰੀ ਆਦੇਸ਼ ਤਹਿਤ ਇਨ੍ਹਾਂ ਵੀਰਤਾ ਅਵਾਰਡ ਜੇਤੂਆਂ ਨੂੰ ਫਰਸਟ ਕਲਾਸ, ਸੈਕਿੰਡ ਏ.ਸੀ. ਅਤੇ ਏ.ਸੀ. ਚੇਅਰ ਕਾਰ 'ਚ ਬਿਨਾਂ ਕਿਸੇ ਫ਼ੀਸ 'ਤੇ ਸਫ਼ਰ ਕਰਨ ਦੀ ਇਜਾਜ਼ਤ ਹੋਵੇਗੀ | ਆਦੇਸ਼ ਮੁਤਾਬਿਕ ਵੀਰਤਾ ਪਦਕ ਜੇਤੂਆਂ ਦੇ ਜੀਵਨਸਾਥੀ, ਸ਼ਹੀਦ ਫੌਜੀਆਂ ਦੇ ਜੀਵਨ ਸਾਥੀ ਅਤੇ ਮਰਨ ਉਪਰੰਤ ਅਵਾਰਡਾਂ ਨਾਲ ਨਵਾਜੇ ਕੁਆਰੇ ਫੌਜੀਆਂ ਦੇ ਮਾਤਾ-ਪਿਤਾ ਨੂੰ ਇਹ ਸੁਵਿਧਾ ਮਿਲੇਗੀ | ਜ਼ਿਕਰਯੋਗ ਹੈ ਕਿ ਹੁਣ ਤੱਕ ਤਾਉਮਰ ਮੁਫ਼ਤ ਰੇਲ ਸਫ਼ਰ ਦੀ ਸੁਵਿਧਾ 6 ਅਵਾਰਡ ਜੇਤੂਆਂ ਪਰਮਵੀਰ ਚੱਕਰ, ਮਹਾਵੀਰ ਚੱਕਰ, ਵੀਰ ਚੱਕਰ, ਅਸ਼ੋਕ ਚੱਕਰ, ਕੀਰਤੀ ਚੱਕਰ ਅਤੇ ਸੌਰਯ ਚੱਕਰ ਨੂੰ ਮਿਲਦੀ ਸੀ | ਨਵੇਂ ਆਦੇਸ਼ ਤੋਂ ਬਾਅਦ ਵੀਰਤਾ ਪਦਕ ਜੇਤੂ ਵੀ ਇਸ ਵਰਗ 'ਚ ਸ਼ਾਮਿਲ ਕਰ ਦਿੱਤੇ ਗਏ ਹਨ |