ਰਯਾਵਰਮ (ਆਂਧਰਾ ਪ੍ਰਦੇਸ਼), 26 ਮਾਰਚ (ਏਜੰਸੀ)-ਮਾਰਕਾਪੁਰਮ ਜ਼ਿਲ੍ਹੇ 'ਚ ਇਕ ਨਿੱਜੀ ਟਰੈਵਲਰ ਬੱਸ ਨੂੰ ਟਿੱਪਰ ਨਾਲ ਟਕਰਾਉਣ ਦੇ ਬਾਅਦ ਅੱਗ ਲੱਗਣ ਕਾਰਨ 13 ਲੋਕਾਂ ਦੀ ਮੌਤ ਹੋ ਗਈ ਅਤੇ 22 ਹੋਰ ਜ਼ਖ਼ਮੀ ਹੋ ਗਏ | ਹਾਲਾਂਕਿ ਡੀ. ਐਸ. ਪੀ. ਵੀ ਹਰਸ਼ਵਰਧਨ ਰਾਜੂ ਨੇ ਪਹਿਲਾਂ 14 ਮੌਤਾਂ ਦੱਸੀਆਂ ਸਨ ਪਰ ਬਾਅਦ ਵਿਚ ਮੁੱਖ ਮੰਤਰੀ ਦਫ਼ਤਰ ਵਲੋਂ ਜਾਰੀ ਅਧਿਕਾਰਤ ਬਿਆਨ 'ਚ ਮੌਤਾਂ ਦੀ ਗਿਣਤੀ 13 ਦੱਸੀ ਗਈ | ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਹਾਦਸੇ 'ਚ ਮਾਰੇ ਗਏ ਲੋਕਾਂ ਲਈ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਜ਼ਖ਼ਮੀਆਂ ਦੇ ਜਲਦੀ ਸਿਹਤਯਾਬ ਹੋਣ ਦੀ ਕਾਮਨਾ ਕੀਤੀ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਹਾਦਸੇ 'ਚ ਮਰਨ ਵਾਲਿਆਂ ਲਈ ਦੁੱਖ ਪ੍ਰਗਟ ਕਰਦਿਆਂ ਮਿ੍ਤਕਾਂ ਦੇ ਪਰਿਵਾਰਾਂ ਲਈ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ 'ਚੋਂ 2-2 ਲੱਖ ਰੁਪਏ ਦੇ ਐਕਸ ਗ੍ਰੇਸ਼ੀਆ ਦਾ ਐਲਾਨ ਕੀਤਾ | ਮੋਦੀ ਨੇ ਕਿਹਾ ਕਿ ਜ਼ਖ਼ਮੀਆਂ ਨੂੰ 50 ਹਜ਼ਾਰ ਰੁਪਏ ਦਿੱਤੇ ਜਾਣਗੇ | ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐਨ ਚੰਦਰਬਾਬੂ ਨਾਇਡੂ ਨੇ ਮਾਰਕਾਪੁਰਮ ਜ਼ਿਲ੍ਹੇ 'ਚ ਰਯਾਵਰਮ ਨੇੜੇ ਵਾਪਰੇ ਸੜਕ ਹਾਦਸੇ 'ਤੇ ਦੁੱਖ ਪ੍ਰਗਟ ਕੀਤਾ | ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਹਾਦਸੇ ਦੇ ਸਮੇਂ ਬੱਸ ਵਿਚ ਕੁਲ 35 ਵਿਅਕਤੀ ਸਵਾਰ ਸਨ, ਜਿਨ੍ਹਾਂ 'ਚੋਂ 13 ਦੀ ਮੌਤ ਹੋ ਗਈ ਅਤੇ 22 ਜ਼ਖ਼ਮੀ ਹੋ ਗਏ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ | ਜ਼ਖ਼ਮੀਆਂ 'ਚੋਂ 3 ਦੀ ਹਾਲਤ ਗੰਭੀਰ ਬਣੀ ਹੋਈ ਹੈ | ਬੱਸ ਟਿੱਪਰ ਦੇ ਡੀਜ਼ਲ ਟੈਂਕ ਨਾਲ ਟਕਰਾ ਗਈ, ਜਿਸ ਕਾਰਨ ਅੱਗ ਲੱਗ ਗਈ | ਅਧਿਕਾਰੀਆਂ ਨੇ ਕਿਹਾ ਕਿ ਬਚਾਅ ਕਾਰਜ ਜਾਰੀ ਹਨ ਜਦੋਂ ਕਿ ਪਰਿਵਾਰਾਂ ਦੀ ਸਹਾਇਤਾ ਲਈ ਮਾਰਕਾਪੁਰਮ ਡਿਪਟੀ ਕੁਲੈਕਟਰ ਦਫ਼ਤਰ ਵਿਖੇ ਇਕ ਕਮਾਂਡ ਅਤੇ ਕੰਟਰੋਲ ਰੂਮ ਸਥਾਪਤ ਕੀਤਾ ਗਿਆ | ਸਵੇਰੇ 5:30 ਵਜੇ ਤੋਂ 6 ਵਜੇ ਦੇ ਵਿਚਕਾਰ ਜਦੋਂ ਹਾਦਸਾ ਵਾਪਰਿਆ ਤਾਂ ਇਹ ਨਿੱਜੀ ਬੱਸ ਤੇਲੰਗਾਨਾ 'ਚ ਜਗਤਿਆਲ ਤੋਂ ਨੈਲੋਰ ਜ਼ਿਲ੍ਹੇ 'ਚ ਕਾਲੀਗਿਰੀ ਜਾ ਰਹੀ ਸੀ | ਟੱਕਰ ਦੇ ਜ਼ੋਰ ਨਾਲ ਟਰੱਕ ਪਲਟ ਗਿਆ ਅਤੇ ਬੱਸ ਦਾ ਅਗਲਾ ਹਿੱਸਾ ਪੂਰੀ ਤਰਾਂ ਚਕਨਾਚੂਰ ਹੋ ਗਿਆ |