ਨਵੀਂ ਦਿੱਲੀ, 26 ਮਾਰਚ (ਉਪਮਾ ਡਾਗਾ ਪਾਰਥ)-ਕਾਂਗਰਸ ਨੇਤਾ ਜੈਰਾਮ ਰਮੇਸ਼ ਨੇ ਕੇਂਦਰ ਸਰਕਾਰ ਦੀ ਵਿਦੇਸ਼ ਨੀਤੀ 'ਤੇ ਤਿੱਖਾ ਹਮਲਾ ਕਰਦਿਆਂ ਈਰਾਨ-ਇਜ਼ਰਾਈਲ ਜੰਗ 'ਚ ਪਾਕਿਸਤਾਨ ਦੇ ਵਿਚੋਲੀਏ ਵਜੋਂ ਉੱਭਰਨ ਦੀਆਂ ਖਬਰਾਂ ਨੰੂ ਭਾਰਤ ਦੀ ਖੇਤਰੀ ਕੂਟਨੀਤੀ ਦੀ ਵੱਡੀ ਨਾਕਾਮੀ ਕਰਾਰ ਦਿੱਤਾ | ਜੈਰਾਮ ਰਮੇਸ਼ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਪਾਏ ਸੰਦੇਸ਼ 'ਚ ਕਿਹਾ ਕਿ ਇਹ ਬਹੁਤ ਇਤਰਾਜ਼ਯੋਗ ਹੈ ਕਿ ਪਾਕਿਸਤਾਨ ਨੂੰ ਇਸ ਭੂਮਿਕਾ ਲਈ ਢੁਕਵਾਂ ਮੰਨਿਆ ਜਾ ਰਿਹਾ ਹੈ | ਉਨ੍ਹਾਂ ਲਿਖਿਆ ਕਿ ਇਹ ਉਹੀ ਦੇਸ਼ ਹੈ ਜਿਸਦੀ ਰਾਜ ਵਿਵਸਥਾ ਨੇ ਚਾਰ ਦਹਾਕਿਆਂ ਤੋਂ ਵੱਧ ਸਮੇਂ ਤੱਕ ਭਾਰਤ ਅਤੇ ਹੋਰ ਦੇਸ਼ਾਂ ਵਿਰੁੱਧ ਅੱਤਵਾਦ ਨੂੰ ਸੰਚਾਲਿਤ ਕੀਤਾ ਹੈ | ਉਨ੍ਹਾਂ ਪਾਕਿਸਤਾਨ ਦੀਆਂ ਕਰਤੂਤਾਂ ਦਾ ਲੇਖਾ-ਜੋਖਾ ਦੱਸਦਿਆਂ ਕਿਹਾ ਕਿ ਓਸਾਮਾ ਬਿਨ ਲਾਦੇਨ ਅਤੇ ਹੋਰ ਆਲਮੀ ਅੱਤਵਾਦੀਆਂ ਨੂੰ ਪਨਾਹ ਦਿੱਤੀ | ਪ੍ਰਮਾਣੂ ਅਪ੍ਰਸਾਰ ਕਾਨੂੰਨਾਂ ਦੀ ਘੋਰ ਉਲੰਘਣਾ, ਅਫਗਾਨਿਸਤਾਨ 'ਚ ਹਸਪਤਾਲਾਂ 'ਤੇ ਬੇਰਹਿਮੀ ਨਾਲ ਬੰਬਾਰੀ ਆਦਿ 'ਚ ਪਾਕਿਸਤਾਨ ਦੀ ਸ਼ਮੂਲੀਅਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸਦੇ ਬਾਵਜੂਦ ਪਾਕਿਸਤਾਨ ਨੂੰ ਸਾਲਸੀ ਭੂਮਿਕਾ ਲਈ ਢੁਕਵਾਂ ਮੰਨਿਆ ਜਾਣਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੂਟਨੀਤੀ ਦੀ ਹਕੀਕਤ ਅਤੇ ਉਨ੍ਹਾਂ ਦੇ ਤਰੀਕੇ ਦੋਹਾਂ 'ਤੇ ਗੰਭੀਰ ਸਵਾਲ ਚੁੱਕਦੀ ਹੈ | ਕਾਂਗਰਸ ਨੇਤਾ ਨੇ ਪ੍ਰਧਾਨ ਮੰਤਰੀ ਮੋਦੀ ਦੀ ਕੂਟਨੀਤੀ ਦੀ ਤੁਲਨਾ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨਾਲ ਕਰਦਿਆਂ ਕਿਹਾ ਕਿ 26/11 ਦੇ ਮੁੰਬਈ ਹਮਲਿਆਂ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਇਕੱਲਾ ਕਰ ਦਿੱਤਾ ਸੀ, ਪਰ ਅੱਜ ਸਥਿਤੀ ਬਦਲ ਗਈ ਹੈ | ਉਨ੍ਹਾਂ ਕਿਹਾ ਕਿ ਅਪ੍ਰੈਲ 2025 'ਚ ਪਹਿਲਗਾਮ ਹਮਲਿਆਂ ਲਈ ਪਾਕਿਸਤਾਨ ਫੌਜ ਮੁਖੀ ਆਸਿਮ ਮੁਨੀਰ ਦੇ ਭੜਕਾਊ ਬਿਆਨਾਂ ਦੇ ਬਾਵਜੂਦ ਭਾਰਤ ਉਸ ਨੂੰ ਅਲੱਗ-ਥਲੱਗ ਕਰਨ 'ਚ ਨਾਕਾਮ ਰਿਹਾ, ਸਗੋਂ ਇਸਦੇ ਉਲਟ ਪਾਕਿਸਤਾਨ ਦੀ ਅੰਤਰਰਾਸ਼ਟਰੀ ਅਹਿਮੀਅਤ ਹੋਰ ਵਧ ਗਈ ਹੈ |