02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਕਿਸਾਨਾਂ ਨੇ ਘੇਰਿਆ ਪਨਗ੍ਰੇਨ ਦਾ ਇੰਸਪੈਕਟਰ •ਮਾਮਲਾ ਝੋਨੇ ਦੀ ਖ਼ਰੀਦ ਨਾ ਹੋਣ ਦਾ

ਅਜੀਤ ਡੈਸਕ 22-10-2025
ਮੰਡੀ ਲੱਖੇਵਾਲੀ, 21 ਅਕਤੂਬਰ (ਮਿਲਖ ਰਾਜ)-ਭਾਵੇਂ ਕਿ ਸਰਕਾਰ ਵਲੋਂ ਝੋਨੇ ਦੀ ਖ਼ਰੀਦ ਸੰਬੰਧੀ ਲੱਖਾਂ ਦਾਅਵੇ ਕੀਤੇ ਜਾ ਰਹੇ ਹਨ, ਪਰ ਇਸ ਦੇ ਉਲਟ ਪਿੰਡ ਅਕਾਲਗੜ੍ਹ ਵਿਖੇ ਮਾਮਲਾ ਉਸ ਸਮੇਂ ਭਖ ਗਿਆ ਜਦੋਂ ਝੋਨੇ ਦੀ ਖ਼ਰੀਦ ਨਾ ਹੋਣ ਤੋਂ ਗ਼ੁੱਸੇ 'ਚ ਆਏ ਕਿਸਾਨਾਂ ਨੇ ਪਨਗ੍ਰੇਨ ਦੇ ਇੰਸਪੈਕਟਰ ਦਾ ਘਿਰਾਓ ਕਰ ਦਿੱਤਾ | ਉਨ੍ਹਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਤੇ ਸਰਕਾਰ ਦੇ ਪ੍ਰਬੰਧਾਂ ਨੂੰ ਨਾਕਾਮ ਕਰਾਰ ਦਿੱਤਾ | ਕਿਸਾਨਾਂ ਦਾ ਕਹਿਣਾ ਸੀ ਕਿ ਜਦੋਂ ਤੋਂ ਖ਼ਰੀਦ ਸ਼ੁਰੂ ਹੋਈ ਹੈ, ਉਨ੍ਹਾਂ ਦੇ ਪਿੰਡ ਦੀ ਮੰਡੀ ਪਨਗ੍ਰੇਨ ਦੇ ਹਵਾਲੇ ਕੀਤੀ ਗਈ ਹੈ, ਪਰ ਅਜੇ ਤੱਕ ਇਥੇ ਖ਼ਰੀਦ ਨਹੀਂ ਹੋਈ | ਪਹਿਲਾਂ ਤਾਂ ਇੰਸਪੈਕਟਰ ਨਮੀ ਦਾ ਬਹਾਨਾ ਬਣਾਉਂਦਾ ਰਿਹਾ, ਪਰ ਹੁਣ ਝੋਨੇ ਵਿਚ ਟੋਟਾ ਹੋਣ ਦਾ ਬਹਾਨਾ ਬਣਾ ਰਿਹਾ ਹੈ, ਜਦਕਿ ਅਜਿਹਾ ਕੁਝ ਵੀ ਨਹੀਂ ਹੈ | ਕਿਸਾਨਾਂ ਕਥਿਤ ਤੌਰ 'ਤੇ ਦੋਸ਼ ਲਗਾਇਆ ਕਿ ਇੰਸਪੈਕਟਰ ਅਸਿੱਧੇ ਰੂਪ ਵਿਚ ਰਿਸ਼ਵਤ ਦੀ ਮੰਗ ਕਰ ਰਿਹਾ ਹੈ, ਜਿਸ ਕਾਰਨ ਉਹ ਅਜਿਹਾ ਵਰਤਾਓ ਕਰ ਰਿਹਾ ਹੈ | ਕਿਸਾਨਾਂ ਨੇ ਲੰਮੇ ਸਮੇਂ ਤੱਕ ਇੰਸਪੈਕਟਰ ਦਾ ਘਿਰਾਓ ਕੀਤਾ ਤੇ ਕਿਹਾ ਕਿ ਜੇਕਰ ਜਲਦ ਹੀ ਇਸ ਮਾਮਲੇ ਦਾ ਹੱਲ ਨਾ ਕੀਤਾ ਗਿਆ ਤਾਂ ਉਹ ਵੱਡੇ ਪੱਧਰ 'ਤੇ ਸੰਘਰਸ਼ ਕਰਨਗੇ | ਇਸ ਮੌਕੇ ਬਲਜਿੰਦਰ ਸਿੰਘ ਫ਼ੌਜੀ, ਸ਼ਮਿੰਦਰ ਸਿੰਘ, ਸੁਖਦੇਵ ਸਿੰਘ, ਰਾਣਾ ਬਰਾੜ, ਸਰਬਜੀਤ ਸਿੰਘ, ਗੁਰਪ੍ਰੀਤ ਸਿੰਘ, ਸੁਖਚੈਨ ਸਿੰਘ, ਦਵਿੰਦਰ ਸਿੰਘ, ਬਲਵੰਤ ਸਿੰਘ, ਹਰਪ੍ਰੀਤ ਸਿੰਘ, ਕਮਲਜੀਤ, ਬੂਟਾ ਸਿੰਘ, ਪੱਪੀ ਸਿੰਘ, ਗੁਰਪ੍ਰੀਤ ਸਿੰਘ, ਕੇਵਲ ਸਿੰਘ, ਸ਼ੰਮੀ ਸਿੰਘ, ਨਿਰਵੈਲ ਸਿੰਘ, ਟੀਨੂ ਸਿੰਘ ਸਮੇਤ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ | ਦੂਜੇ ਪਾਸੇ ਇੰਸਪੈਕਟਰ ਚਰਨਜੀਤ ਸਿੰਘ ਦਾ ਕਹਿਣਾ ਹੈ ਕਿ ਉਹ ਸਰਕਾਰ ਦੀਆਂ ਹਦਾਇਤਾਂ ਦਾ ਪਾਲਣ ਕਰ ਰਹੇ ਹਨ | ਜੇਕਰ ਝੋਨਾ ਸਰਕਾਰ ਦੇ ਮਾਪਦੰਡਾਂ ਉਪਰ ਖਰ੍ਹਾ ਉਤਰੇਗਾ ਤਾਂ ਉਹ ਖ਼ਰੀਦ ਲੈਣਗੇ | ਜਦ ਕਿ ਏ. ਐੱਫ਼. ਐੱਸ. ਓ. ਮਨਿੰਦਰ ਸਿੰਘ ਦਾ ਕਹਿਣਾ ਸੀ ਕਿ ਉਹ ਪਿੰਡ ਜਾ ਰਹੇ ਹਨ ਤੇ ਜਾ ਕੇ ਮੌਕਾ ਦੇਖ ਕੇ ਇਸ ਦਾ ਹੱਲ ਕਰਵਾਉਣਗੇ | ਓਧਰ ਜ਼ਿਲ੍ਹਾ ਫ਼ੂਡ ਸਪਲਾਈ ਅਧਿਕਾਰੀ ਹਿਮਾਸ਼ੂ ਕੱੁਕੜ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ 'ਚ ਨਹੀਂ ਹੈ, ਫ਼ਿਰ ਵੀ ਉਹ ਕਿਸੇ ਅਧਿਕਾਰੀ ਦੀ ਡਿਊਟੀ ਲਗਾ ਕੇ ਇਸ ਦਾ ਹੱਲ ਕਰਵਾਉਂਦੇ ਹਨ |
ਪਿਛਲੀ ਖ਼ਬਰ ਗਿਆਨੀ ਹਰਪ੍ਰੀਤ ਸਿੰਘ ਨੇ ਬੰਦੀ ਛੋੜ ਦਿਵਸ ਤੇ ਦੀਵਾਲੀ ਦੀ ਦਿੱਤੀ ਵਧਾਈ ਅਗਲੀ ਖ਼ਬਰ ਸੂਬੇ ਦੀ ਅਮਨ ਸ਼ਾਂਤੀ ਲਈ ਜਾਨਾਂ ਵਾਰਨ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਸ਼ਰਧਾਂਜਲੀ •ਸ਼ਹੀਦ ਪੁਲਿਸ ਮੁਲਾਜ਼ਮਾਂ ਦੀ ਸ਼...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।