ਸ੍ਰੀ ਮੁਕਤਸਰ ਸਾਹਿਬ, 21 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਸ਼੍ਰੋਮਣੀ ਅਕਾਲੀ ਦਲ (ਪੁਨਰ ਸਰਜੀਤ) ਦੇ ਪ੍ਰਧਾਨ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਬੰਦੀ ਛੋੜ ਦਿਵਸ ਤੇ ਦੀਵਾਲੀ ਦੇ ਪਾਵਨ ਪੁਰਬ 'ਤੇ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ, ਖਾਲਸਾ ਪੰਥ ਤੇ ਸਮੁੱਚੇ ਪੰਜਾਬ ਸਮੇਤ ਸਭ ਨੂੰ ਇਸ ਦਿਹਾੜੇ 'ਤੇ ਵਧਾਈ ਦਿੱਤੀ ਹੈ | ਉਨ੍ਹਾਂ ਕਿਹਾ ਕਿ ਇਹ ਦਿਹਾੜਾ ਸਾਨੂੰ ਸਿੱਖ ਇਤਿਹਾਸ ਦੀ ਉਸ ਅਮਰ ਕਥਾ ਦੀ ਯਾਦ ਦਿਵਾਉਂਦਾ ਹੈ, ਜਦੋਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਕੇਵਲ ਆਪਣੀ ਨਹੀਂ, ਸਗੋਂ 52 ਰਾਜਿਆਂ ਦੀ ਮੁਕਤੀ ਲਈ ਖੜ੍ਹੇ ਹੋ ਕੇ 'ਸਭ ਦੀ ਆਜ਼ਾਦੀ' ਦਾ ਸੁਨੇਹਾ ਦਿੱਤਾ ਸੀ | ਉਨ੍ਹਾਂ ਕਿਹਾ ਕਿ ਆਓ ਇਸ ਪਵਿੱਤਰ ਮੌਕੇ 'ਤੇ ਆਪਣੇ ਮਨਾਂ ਤੇ ਘਰਾਂ 'ਚ ਪ੍ਰਕਾਸ਼ ਕਰੀਏ, ਨਾ ਸਿਰਫ ਦੀਵੇ ਦਾ, ਸਗੋਂ ਸੱਚ, ਨਿਆਂ ਅਤੇ ਮਨੁੱਖਤਾ ਦੇ ਪ੍ਰਕਾਸ਼ ਦਾ | ਉਨ੍ਹਾਂ ਕਿਹਾ ਕਿ ਜਿੱਥੇ ਹਿੰਦੂ ਧਰਮ ਇਸ ਪਾਵਨ ਦੀਵਾਲੀ ਦੇ ਦਿਹਾੜੇ ਨੂੰ ਦੇਸ਼ ਸਮੇਤ ਵਿਦੇਸ਼ਾਂ ਵਿਚ ਜਿਥੇ ਜਿਥੇ ਵੀ ਵੱਸਦੇ ਹਨ, ਸ਼ਰਧਾ ਤੇ ਉਤਸ਼ਾਹ ਨਾਲ ਮਨਾਉਂਦੇ ਹਨ, ਉਥੇ ਸਿੱਖ ਧਰਮ ਵੀ ਇਸ ਦਿਹਾੜੇ ਨੂੰ ਬੰਦੀ ਛੋੜ ਦਿਵਸ ਦੇ ਰੂਪ ਵਿਚ ਸ਼ਰਧਾ ਨਾਲ ਮਨਾਉਂਦਾ ਹੈ | ਉਨ੍ਹਾਂ ਸਾਰੀ ਮਾਨਵਤਾ ਨੂੰ ਇਸ ਪਵਿੱਤਰ ਦਿਹਾੜੇ ਦੀ ਮੁਬਾਰਕਬਾਦ ਦਿੱਤੀ |