ਨਵਾਂਸ਼ਹਿਰ, 4 ਨਵੰਬਰ (ਜਸਬੀਰ ਸਿੰਘ ਨੂਰਪੁਰ) - ਆਮ ਆਦਮੀ ਪਾਰਟੀ ਨੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਸੂਚੀ ਦਾ ਐਲਾਨ ਕਰ ਦਿੱਤਾ ਅਤੇ ਨਾਲ ਹਲਕਾ ਇੰਚਾਰਜ ਲਲਿਤ ਮੋਹਨ ਪਾਠਕ ਬੱਲੂ ਅਤੇ ਗਗਨ ਅਗਨੀਹੋਤਰੀ ਚੇਅਰਮੈਨ ਮਾਰਕੀਟ ਕਮੇਟੀ ਦੀ ਮੌਜੂਦਗੀ 'ਚ ਕਾਗਜ਼ ਦਾਖਲ ਕੀਤੇ | ਹਲਕਾ ਇੰਚਾਰਜ ਨੇ ਕਿਹਾ ਪਾਰਟੀ ਵਲੋਂ ਜਨਤਕ ਸਲਾਹ-ਮਸ਼ਵਰੇ, ਮੈਦਾਨੀ ਕੰਮ ਅਤੇ ਸੇਵਾ ਭਾਵਨਾ ਦੇ ਆਧਾਰ 'ਤੇ ਇਨਾਂ ਉਮੀਦਵਾਰਾਂ ਦੀ ਚੋਣ ਕੀਤੀ ਗਈ ਹੈ | ਉਨਾਂ ਕਿਹਾ ਕਿ ਪੰਜਾਬ ਸਰਕਾਰ ਦੇ ਰੰਗਲੇ ਪੰਜਾਬ ਮਿਸ਼ਨ ਨੂੰ ਧਿਆਨ 'ਚ ਰੱਖਦੇ ਹੋਏ ਇਮਾਨਦਾਰ ਅਤੇ ਲੋਕਾਂ ਨਾਲ ਧਰਤੀ ਪੱਧਰ 'ਤੇ ਜੁੜੇ ਹੋਏ ਉਮੀਦਵਾਰਾਂ ਨੂੰ ਮੌਕਾ ਦਿੱਤਾ ਗਿਆ ਹੈ, ਜੋ ਆਪਣੇ ਖੇਤਰ ਵਿੱਚ ਵਿਕਾਸ ਦੀ ਨਵੀਂ ਇਤਿਹਾਸਕ ਲਿਖਤ ਤਿਆਰ ਕਰਨਗੇ | ਆਮ ਆਦਮੀ ਪਾਰਟੀ ਹਮੇਸ਼ਾ ਲੋਕਾਂ ਦੀ ਸਿਆਸਤ ਕਰਦੀ ਆਈ ਹੈ, ਅਤੇ ਇਸ ਵਾਰ ਵੀ ਇਹ ਚੋਣਾਂ ਕਿਸੇ ਵਿਅਕਤੀ ਜਾਂ ਧੜੇ ਲਈ ਨਹੀਂ, ਸਗੋਂ ਲੋਕਾਂ ਦੇ ਹੱਕਾਂ, ਪਿੰਡਾਂ ਦੀ ਤਰੱਕੀ ਅਤੇ ਪਾਰਦਰਸ਼ਤਾ ਲਈ ਲੜੀਆਂ ਜਾਣਗੀਆਂ | ਪਾਰਟੀ ਨੇ ਦਾਅਵਾ ਕੀਤਾ ਕਿ ਆਪ ਦੇ ਉਮੀਦਵਾਰ ਇਲਾਕਿਆਂ 'ਚ ਜਾ-ਜਾ ਕੇ ਲੋਕਾਂ ਦੇ ਮੁੱਦੇ ਸੁਣ ਰਹੇ ਹਨ - ਚਾਹੇ ਉਹ ਪਾਣੀ ਦੀ ਸਹੂਲਤ ਹੋਵੇ, ਗਲੀ-ਰਸਤੇ, ਬਿਜਲੀ, ਸਫਾਈ ਜਾਂ ਜਨਤਕ ਸੁਵਿਧਾਵਾਂ ਹਰ ਮੋਰਚੇ 'ਤੇ ਪੱਕੇ ਇਰਾਦਿਆਂ ਨਾਲ ਕੰਮ ਕਰਨ ਦੀ ਕਸਮ ਖਾ ਕੇ ਮੈਦਾਨ 'ਚ ਉਤਰ ਰਹੇ ਹਨ | ਬੱਲੂ ਪ੍ਰਧਾਨ ਨੇ ਬੋਲਦਿਆਂ ਕਿਹਾ ਕਿ ਜ਼ਿਲਾ ਪੱਧਰ ਦੀਆਂ ਇਹ ਚੋਣਾਂ ਭਵਿੱਖ ਦੇ ਪੰਜਾਬ ਨੂੰ ਨਿਰਧਾਰਤ ਕਰਨਗੀਆਂ ਅਤੇ ਪੰਜਾਬ ਦੀਆਂ ਜ਼ਮੀਨੀ ਜ਼ਰੂਰਤਾਂ ਨੂੰ ਕੋਈ ਵੀ ਪਾਰਟੀ ਆਪ ਤੋਂ ਵੱਧ ਨਹੀਂ ਸਮਝਦੀ | ਐਲਾਨੇ ਗਏ ਉਮੀਦਵਾਰਾਂ 'ਚ ਕਿਰਨਦੀਪ ਕੌਰ ਪਤਨੀ ਮਨਜਿੰਦਰ ਸਿੰਘ ਨੂੰ ਪੱਲੀਆਂ ਜੋਨ ਤੋਂ ਖੜ੍ਹਾ ਕੀਤਾ ਹੈ | ਸ੍ਰੀਮਤੀ ਨੀਤਾ ਰਾਣਾ ਪਤਨੀ ਵਨੀਤ ਸਰਪੰਚ ਜਾਡਲਾ ਨੂੰ ਜੋਨ ਦੋਲਤਪੁਰ, ਨੌਰਾ ਜੋਨ ਤੋਂ ਨਿਸ਼ਾਨ ਵੀਰ ਸਿੰਘ ਭੀਣ, ਬੈਰਸੀਆਂ ਜੋਨ ਤੋਂ ਲੱਕੀ ਲੱਧੜ ਨੂੰ ਉਮੀਦਵਾਰ ਐਲਾਨਿਆ ਗਿਆ |
ਲੋਕ ਸੇਵਾ ਤੇ ਵਿਕਾਸ ਦੇ ਏਜੰਡੇ ਨਾਲ ਮੈਦਾਨ 'ਚ ਉਤਰਨਗੇ 'ਆਪ' ਦੇ ਉਮੀਦਵਾਰ-ਲਿਸਟ ਹੋਈ ਜਾਰੀ
ਅਜੀਤ ਡੈਸਕ
05-12-2025