ਜਲੰਧਰ, 16 ਮਈ, (ਜਸਪਾਲ ਸਿੰਘ)ਅੱਜ ਦੇ ਸਮੇਂ ਵਿੱਚ ਜਿੱਥੇ ਸਿਰਫ਼ ਪੜ੍ਹਾਈ ਦਾ ਦਬਾਅ ਹੀ ਵਿਦਿਆਰਥੀਆਂ ਲਈ ਚੁਣੌਤੀ ਬਣ ਜਾਂਦਾ ਹੈ, ਉੱਥੇ ਸੀਟੀ ਇੰਸਟੀਚਿਊਟ ਆਫ ਹਾਇਰ ਸਟਡੀਜ਼ ਦੇ ਦੋ ਹਿੰਮਤੀ ਵਿਦਿਆਰਥੀਆਂ ਅਮਨ ਅਤੇ ਰਾਘਵ ਹੌਂਸਲੇ ਤੇ ਜ਼ਿੰਮੇਵਾਰੀ ਦੀ ਨਵੀਂ ਮਿਸਾਲ ਬਣੇ ਹਨ | ਆਰਥਿਕ ਤੰਗੀ ਅਤੇ ਸਖ਼ਤ ਪੜ੍ਹਾਈ ਦੇ ਵਿਚਕਾਰ ਸੰਤੁਲਨ ਬਣਾਉਂਦੇ ਹੋਏ ਇਨ੍ਹਾਂ ਨੌਜਵਾਨਾਂ ਨੇ ਸਾਬਤ ਕਰ ਦਿੱਤਾ ਹੈ ਕਿ ਮਿਹਨਤ ਅਤੇ ਲਗਨ ਨਾਲ ਹਰ ਰੁਕਾਵਟ ਨੂੰ ਪਾਰ ਕੀਤਾ ਜਾ ਸਕਦਾ ਹੈ | ਦਿਨ ਵਿੱਚ ਇਹ ਇਹ ਵਿਦਿਆਰਥੀ ਆਪਣੇ ਸੁਪਨਿਆਂ ਦੇ ਪਿੱਛੇ ਦੌੜਦੇ ਹਨ ਤੇ ਸਵੇਰੇ ਅਤੇ ਰਾਤ ਨੂੰ ਆਪਣੇ ਘਰਾਂ ਦੀ ਆਰਥਿਕ ਮਜ਼ਬੂਤੀ ਦਾ ਸਹਾਰਾ ਬਣਦੇ ਹਨ | ਅਮਨ ਚਾਰ ਭੈਣ-ਭਰਾਵਾਂ ਵਿੱਚ ਸਭ ਤੋਂ ਛੋਟਾ ਹੈ ਤੇ ਆਪਣੇ ਪਰਿਵਾਰ ਦੀ ਮਦਦ ਲਈ ਸਕੂਲ ਤੋਂ ਬਾਅਦ ਅੱਠ ਘੰਟੇ ਦੀ ਨੌਕਰੀ ਕਰਦਾ ਹੈ | ਥਕਾਵਟ ਭਰੇ ਦਿਨ ਦੇ ਬਾਵਜੂਦ ਉਸਨੇ 71% ਅੰਕ ਪ੍ਰਾਪਤ ਕੀਤੇ | ਇਸੇ ਤਰ੍ਹਾਂ ਰਾਘਵ ਇੱਕ ਮਿਹਨਤੀ ਸਕੂਲ ਵੈਨ ਡਰਾਈਵਰ ਦਾ ਪੁੱਤਰ ਹੈ ਤੇ ਉਸ ਨੇ ਵੀ ਛੋਟੀ ਉਮਰ ਵਿੱਚ ਜ਼ਿੰਮੇਵਾਰੀਆਂ ਸੰਭਾਲੀਆਂ ਤੇ ਪੜ੍ਹਾਈ ਦੇ ਨਾਲ ਨਾਲ ਕੰਮ ਕਰਕੇ 60% ਅੰਕਾਂ ਨਾਲ ਇਮਤਿਹਾਨ ਪਾਸ ਕੀਤਾ | ਉਹ ਹੁਣ ਇਕ ਡਿਲੀਵਰੀ ਕੰਪਨੀ ਨਾਲ ਜੁੜ ਕੇ ਕੰਮ ਕਰ ਰਿਹਾ ਹੈ | ਸੀਟੀ ਗਰੁੱਪ ਦੇ ਅਧਿਆਪਕਾਂ ਅਤੇ ਪ੍ਰਬੰਧਕਾਂ ਨੇ ਹਮੇਸ਼ਾ ਇਨ੍ਹਾਂ ਵਿਦਿਆਰਥੀਆਂ ਦਾ ਸਾਥ ਤੇ ਹੌਂਸਲਾ ਦਿੱਤਾ | ਪਿ੍ੰਸੀਪਲ ਡਾ. ਸੀਮਾ ਅਰੋੜਾ ਨੇ ਕਿਹਾ ਕਿ ਇਹ ਵਿਦਿਆਰਥੀ ਸਿਰਫ਼ ਕਾਮਯਾਬੀ ਹੀ ਨਹੀਂ, ਸਗੋਂ ਚੰਗੇ ਚਰਿੱਤਰ ਅਤੇ ਜ਼ਿੰਮੇਵਾਰੀ ਦੀ ਵੀ ਸਿੱਖਿਆ ਦਿੰਦੇ ਹਨ | ਉਨ੍ਹਾਂ ਕਿਹਾ ਕਿ ਅਮਨ ਅਤੇ ਰਾਘਵ ਦੀ ਕਹਾਣੀ ਅੱਜ ਦੇ ਨੌਜਵਾਨਾਂ ਲਈ ਪ੍ਰੇਰਣਾ ਹੈ |