ਜਲੰਧਰ, 18 ਅਕਤੂਬਰ (ਸ਼ਿਵ)-ਕਰੀਏਟਿਵ ਓ. ਓ. ਐਚ. ਕੰਪਨੀ ਨੇ ਨਗਰ ਨਿਗਮ ਜਲੰਧਰ ਦੇ ਕਮਿਸ਼ਨਰ ਨੂੰ ਪੱਤਰ ਲਿਖ ਕੇ ਅਲਾਟ ਕੀਤੀਆਂ ਇਸ਼ਤਿਹਾਰੀ ਸਾਈਟਾਂ ਤੋਂ ਫਲੈਕਸ ਤੁਰੰਤ ਹਟਾਉਣ ਦੀ ਮੰਗ ਕੀਤੀ ਹੈ। ਕੰਪਨੀ ਨੇ ਇਹ ਮੰਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ 16 ਅਕਤੂਬਰ 2026 ਨੂੰ ਦਿੱਤੇ ਹੁਕਮਾਂ ਦੇ ਹਵਾਲੇ ਨਾਲ ਕੀਤੀ ਹੈ। ਕੰਪਨੀ ਅਨੁਸਾਰ, ਇਨ੍ਹਾਂ ਫਲੈਕਸਾਂ ਕਾਰਨ ਉਸ ਦੇ ਗਾਹਕਾਂ ਦੇ ਇਸ਼ਤਿਹਾਰ ਢੱਕੇ ਅਤੇ ਨੁਕਸਾਨੇ ਗਏ ਹਨ, ਜਿਸ ਨਾਲ ਕਾਰੋਬਾਰ ਨੂੰ ਭਾਰੀ ਵਿੱਤੀ ਨੁਕਸਾਨ ਹੋ ਰਿਹਾ ਹੈ। ਪੱਤਰ ਵਿਚ ਨਗਰ ਨਿਗਮ ਤੋਂ ਪੁਲਿਸ ਦੀ ਮਦਦ ਲੈ ਕੇ ਫਲੈਕਸ ਹਟਾਉਣ, ਇਸ਼ਤਿਹਾਰੀ ਸਾਈਟਾਂ ਬਹਾਲ ਕਰਨ ਅਤੇ ਸੁਰੱਖਿਆ ਪ੍ਰਬੰਧ ਯਕੀਨੀ ਬਣਾਉਣ ਦੀ ਮੰਗ ਕੀਤੀ ਗਈ ਹੈ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਇਸ਼ਤਿਹਾਰੀ ਢਾਂਚੇ ਵਿਕਸਤ ਕਰਨ ਲਈ ਪੰਜ ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਕੀਤਾ ਹੈ ਅਤੇ ਦੇਰੀ ਕਾਰਨ ਹੋ ਰਹੇ ਨੁਕਸਾਨ ਲਈ ਮੁਆਵਜ਼ੇ ਦਾ ਹੱਕ ਵੀ ਰਾਖਵਾਂ ਰੱਖਿਆ ਹੈ।