19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-01-2026

ਬੇਰੁਜ਼ਗਾਰ ਪੀ.ਟੀ.ਆਈ. ਅਧਿਆਪਕਾਂ ਨੇ ਪੰਜਾਬ ਸਰਕਾਰ ਪ੍ਰਤੀ ਜਤਾਇਆ ਰੋਸ

ਬੇਰੁਜ਼ਗਾਰ ਪੀ.ਟੀ.ਆਈ. ਅਧਿਆਪਕ ਯੂਨੀਅਨ ਦੇ ਆਗੂ ਸੰਘਰਸ਼ ਬਾਰੇ ਜਾਣਕਾਰੀ ਦਿੰਦੇ ਹੋਏ | ਤਸਵੀਰ- ਸੁਖਦੀਪ ਸਿੰਘ <br/> 21-01-2026
ਮਲਸੀਆਂ, 20 ਜਨਵਰੀ (ਸੁਖਦੀਪ ਸਿੰਘ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਚੋਣਾਂ ਦੌਰਾਨ ਬੇਰੁਜ਼ਗਾਰ ਪੀ.ਟੀ.ਆਈ. ਅਧਿਆਪਕਾਂ ਨਾਲ ਵਾਅਦਾ ਕੀਤਾ ਸੀ ਕਿ ਜੇਕਰ ਸਾਡੀ ਸਰਕਾਰ ਬਣਦੀ ਹੈ ਤਾਂ ਅਸੀਂ ਪੰਜਾਬ ਦੇ ਅੰਦਰ ਪੀ.ਟੀ.ਆਈ. ਅਧਿਆਪਕਾਂ ਦੀ ਭਰਤੀ ਵੱਡੇ ਪੱਧਰ 'ਤੇ ਕਰਾਂਗੇ, ਪਰ ਦੂਜੇ ਪਾਸੇ ਸਰਕਾਰ ਨੇ ਭਰਤੀ ਤਾਂ ਕੀ ਕਰਨੀ ਸੀ, ਸਗੋਂ ਬੇਰੁਜ਼ਗਾਰਾਂ ਕੋਲੋਂ ਦੋ-ਦੋ ਹਜ਼ਾਰ ਰੁਪਏ ਭਰਤੀ ਦੇ ਨਾਮ 'ਤੇ ਭਰਵਾ ਕੇ ਭਰਤੀ ਅੱਧ-ਵਿਚਕਾਰ ਹੀ ਰੋਕ ਦਿੱਤੀ ਗਈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਬੇਰੁਜ਼ਗਾਰ ਪੀ.ਟੀ.ਆਈ. ਅਧਿਆਪਕ ਯੂਨੀਅਨ ਦੇ ਪ੍ਰਧਾਨ ਅਮਨਦੀਪ ਕੰਬੋਜ ਨੇ ਦੱਸਿਆ ਕਿ ਪ੍ਰਾਇਮਾਰੀ ਕੇਡਰ ਅਧੀਨ 2000 ਪੀ.ਟੀ.ਆਈ. ਅਧਿਆਪਕਾਂ ਦੀ ਭਰਤੀ ਦਾ 23 ਜੁਲਾਈ, 2025 ਨੂੰ ਪੋਰਟਲ ਆਨਲਾਈਨ ਕੀਤਾ ਗਿਆ ਸੀ, ਜਿਸ ਦੌਰਾਨ ਕੁੱਝ ਉਮੀਦਵਾਰਾਂ ਨੇ ਫਾਰਮ ਵੀ ਭਰ ਲਏ ਸਨ ਤੇ ਫ਼ੀਸ ਪ੍ਰਤੀ ਉਮੀਦਵਾਰ 2000 ਰੁਪਏ ਸੀ | ਇਹ ਫਾਰਮ ਭਰਨ ਦੀ ਆਖ਼ਰੀ ਮਿਤੀ ਤੋਂ ਪਹਿਲਾਂ ਹੀ ਅਚਾਨਕ ਪੋਰਟਲ ਬੰਦ ਕਰ ਦਿੱਤਾ ਗਿਆ ਅਤੇ ਇਸ ਭਰਤੀ ਦਾ ਨੋਟੀਫਿਕੇਸ਼ਨ ਭਰਤੀ ਬੋਰਡ ਵੱਲੋਂ ਵਾਪਸ ਲੈ ਲਿਆ ਗਿਆ, ਜਿਸ ਕਰਕੇ ਹਜ਼ਾਰਾਂ ਬੇਰੁਜ਼ਗਾਰ ਫਾਰਮ ਭਰਨ ਤੋਂ ਵਾਂਝੇ ਰਹਿ ਗਏ | ਸੂਬਾ ਪ੍ਰਧਾਨ ਅਮਨਦੀਪ ਕੰਬੋਜ ਨੇ ਦੱਸਿਆ ਕਿ ਜਦੋਂ ਨਵੀਂ ਬੇਰੁਜ਼ਗਾਰ ਪੀ.ਟੀ.ਆਈ. ਅਧਿਆਪਕ ਯੂਨੀਅਨ ਵੱਲੋਂ ਸਿੱਖਿਆ ਵਿਭਾਗ ਨਾਲ ਰਾਬਤਾ ਕਾਇਮ ਕੀਤਾ ਤਾਂ ਵਿਭਾਗ ਵੱਲੋਂ ਕਿਹਾ ਕਿ ਅਸੀਂ ਤਿੰਨ ਮੈਂਬਰੀ ਕਮੇਟੀ ਦਾ ਗਠਨ ਕਰ ਦਿੱਤਾ ਹੈ ਅਤੇ 20 ਦਿਨਾਂ ਦੇ ਅੰਦਰ-ਅੰਦਰ ਦੁਬਾਰਾ ਪੋਰਟਲ ਆਨਲਾਈਨ ਕਰਕੇ ਭਰਤੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ, ਪਰੰਤੂ ਅੱਜ 7 ਮਹੀਨੇ ਦਾ ਸਮਾਂ ਬੀਤ ਗਿਆ ਹੈ ਅਤੇ ਪੰਜਾਬ ਦੇ ਨੌਜਵਾਨਾਂ ਨੂੰ ਲਗਾਤਾਰ ਪੰਜਾਬ ਪੁਲਿਸ ਅਤੇ ਅਫ਼ਸਰਸ਼ਾਹੀ ਜ਼ਲੀਲ ਕਰ ਰਹੀ ਹੈ | ਅਸੀਂ ਲਗਾਤਾਰ ਵਿਭਾਗ ਦੇ ਅਧਿਕਾਰੀਆਂ ਅਤੇ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਕਈ ਮੁਲਾਕਾਤਾਂ ਕੀਤੀਆਂ, ਪਰ ਕੋਈ ਹੱਲ ਨਹੀਂ ਹੋਇਆ | ਉਨ੍ਹਾਂ ਸਰਕਾਰ ਪ੍ਰਤੀ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਨੇ ਹਾਲੇ ਤੱਕ ਸਾਨੂੰ ਮੀਟਿੰਗ ਲਈ ਸਮਾਂ ਤੱਕ ਨਹੀਂ ਦਿੱਤਾ | ਉਨ੍ਹਾਂ ਕਿਹਾ ਕਿ ਜੇਕਰ ਜਲਦੀ ਪੋਰਟਲ ਆਨਲਾਈਨ ਨਾ ਕੀਤਾ ਤਾਂ 26 ਜਨਵਰੀ ਨੂੰ ਪੂਰੇ ਪੰਜਾਬ 'ਚ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ | ਇਸ ਮੌਕੇ ਵਿਨੇ ਕੁਮਾਰ, ਦਵਿੰਦਰ ਕੁਮਾਰ, ਸੁਰਿੰਦਰ ਕੰਬੋਜ, ਗੁਰਪ੍ਰੀਤ ਸਿੰਘ, ਵਰਿੰਦਰ ਸਿੰਘ, ਗੁਰਮੀਤ ਸਿੰਘ, ਬਹਾਦਰ ਸਿੰਘ, ਊਸ਼ਾ ਰਾਣੀ, ਗੁਰਮੀਤ ਕੌਰ, ਸੁਖਦੇਵ ਸਿੰਘ, ਸੁਖਚੈਨ ਕੌਰ, ਅਮਨਦੀਪ ਕੌਰ, ਸੁਖਪ੍ਰੀਤ ਕੌਰ, ਮਨਜੀਤ ਕੌਰ, ਸੁਖਵਿੰਦਰ ਥਿੰਦ, ਗੁਰੀ ਮੂਸਾ ਆਦਿ ਆਗੂ ਹਾਜ਼ਰ ਸਨ |

ਪਿਛਲੀ ਖ਼ਬਰ ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਸ਼ਾਹਕੋਟ ਵਿਖੇ ਮੁਫ਼ਤ ਜਾਂਚ ਤੇ ਆਪ੍ਰੇਸ਼ਨ ਕੈਂਪ ਜਾਰੀ <br/> ਅਗਲੀ ਖ਼ਬਰ ਭਾਜਪਾ ਇੰਚਾਰਜ ਰਾਣਾ ਹਰਦੀਪ ਸਿੰਘ ਵਲੋਂ ਸੰਦੀਪ ਸ਼ੇਰੋਵਾਲੀਆ ਨਾਲ ਦੁੱਖ ਪ੍ਰਗਟ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।