ਟੋਹਾਣਾ, 17 ਮਈ (ਮਨਜੀਤ ਸਿੰਘ)- ਕਾਂਗਰਸ ਪਾਰਟੀ ਦੇ ਹਲਕਾ ਪ੍ਰਭਾਰੀ (ਐਲਡੀਐਮ) ਰਾਮ ਕੁਮਾਰ ਸੈਣੀ ਨੇ ਦੋਸ਼ ਲਗਾਇਆ ਕਿ ਪੰਜ ਵਿਧਾਨ ਸਭਾ ਚੋਣਾਂ ਤੱਕ ਚੁੱਪ ਰਹਿਣ ਤੋਂ ਬਾਅਦ ਭਾਜਪਾ ਸਰਕਾਰ ਨੇ ਤੇਲ ਦੀਆਂ ਕੀਮਤਾਂ ਵਿਚ ਵਾਧਾ ਕਰ ਕੇ ਮਹਿੰਗਾਈ ਦੀ ਮਾਰ ਹੋਰ ਤੇਜ਼ ਕਰ ਦਿੱਤੀ ਹੈ | ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਸ਼ਣਾਂ ਵਿਚ ਕੀਤੇ ਗਏ ਵਾਅਦੇ ਹੁਣ ਹੌਲੀ-ਹੌਲੀ ਆਮ ਜਨਤਾ ਉੱਤੇ ਬੋਝ ਬਣਦੇ ਜਾ ਰਹੇ ਹਨ | ਸੈਣੀ ਨੇ ਕਿਹਾ ਕਿ ਦੇਸ਼ ਦੀ ਗਰੀਬ ਜਨਤਾ ਨੂੰ ਆਖਿਰ ਹੋਰ ਕਿੰਨੀ ਮਹਿੰਗਾਈ ਸਹਿਣੀ ਪਵੇਗੀ, ਇਸ ਬਾਰੇ ਕੇਂਦਰ ਸਰਕਾਰ ਨੂੰ ਸਪਸ਼ਟ ਕਰਨਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਡੀਜ਼ਲ-ਪੈਟਰੋਲ ਦੀਆਂ ਕੀਮਤਾਂ ਵਧਣ ਨਾਲ ਖਾਧ ਪਦਾਰਥ ਵੀ ਮਹਿੰਗੇ ਹੋਣਗੇ, ਜਦਕਿ ਕਿਸਾਨਾਂ ਨੂੰ ਫ਼ਸਲਾਂ ਦੇ ਸਮਰਥਨ ਮੁੱਲ ਵਿਚ ਹੋਈ ਵਾਧੂ ਰਕਮ Tਊਠ ਦੇ ਮੂੰਹ ਵਿਚ ਜੀਰਾUਦੇਣ ਦੇ ਬਰਾਬਰ ਹੈ | ਉਨ੍ਹਾਂ ਕਿਹਾ ਕਿ ਟਰੱਕ ਆਪਰੇਟਰਾਂ ਵੱਲੋਂ ਦਿੱਲੀ, ਮੁੰਬਈ, ਕੋਲਕਾਤਾ, ਹਰਿਆਣਾ ਅਤੇ ਹੋਰ ਰਾਜਾਂ ਲਈ ਭਾੜੇ ਵਿਚ ਵਾਧਾ ਕਰਨ ਕਾਰਨ ਵਪਾਰੀਆਂ ਵਿਚ ਹੜਕੰਪ ਮਚ ਗਿਆ ਹੈ | ਰਾਮ ਕੁਮਾਰ ਸੈਣੀ ਨੇ ਕਿਹਾ ਕਿ ਤੇਲ ਦੀਆਂ ਕੀਮਤਾਂ ਵਿਚ ਵਾਧਾ ਸਿੱਧੇ ਤੌਰ 'ਤੇ ਖਾਧ ਪਦਾਰਥਾਂ ਦੀ ਮਹਿੰਗਾਈ ਨੂੰ ਵਧਾਏਗਾ ਅਤੇ ਇਸ ਨਾਲ ਗਰੀਬ ਵਰਗ ਤੇ ਕਿਸਾਨ ਦੋਹਰੀ ਆਰਥਿਕ ਮਾਰ ਹੇਠ ਆ ਜਾਣਗੇ | ਉਨ੍ਹਾਂ ਇਸ ਸਥਿਤੀ ਲਈ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ |