ਮਾਨਸਾ, 25 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)- ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅੱਜ ਸ਼ਾਮ ਇੱਥੇ ਐਂਟੀ ਡਰੱਗ ਟਾਸਕ ਫੋਰਸ ਦੇ ਆਗੂ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨਾਲ ਉਨ੍ਹਾਂ ਦੇ ਗ੍ਰਹਿ ਵਿਖੇ ਹਮਦਰਦੀ ਜ਼ਾਹਿਰ ਕਰਨ ਲਈ ਪਹੁੰਚੇ। ਉਨ੍ਹਾਂ ਪਰਵਿੰਦਰ ਵਲੋਂ ਨਸ਼ਿਆਂ ਖ਼ਿਲਾਫ਼ ਵਿੱਢੀ ਜੰਗ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਬ) ਪਰਿਵਾਰ ਨਾਲ ਹਰ ਮੋੜ ’ਤੇ ਖੜ੍ਹੇਗਾ।
ਸੁਖਬੀਰ ਨੇ ਕਿਹਾ ਕਿ ਝੋਟੇ ਦੀ ਸ਼ਹਾਦਤ ਪੰਜਾਬ ਵਾਸੀਆਂ ਲਈ ਸੰਦੇਸ਼ ਹੈ ਕਿ ਜੇਕਰ ਨਸ਼ਿਆਂ ਦਾ ਖ਼ਾਤਮਾ ਨਾ ਹੋਇਆ ਤਾਂ ਮੌਜੂਦਾ ਤੇ ਅਗਲੀਆਂ ਪੀੜੀਆਂ ਦਾ ਭਵਿੱਖ ਤਬਾਹ ਹੋ ਜਾਵੇਗਾ। ਉਨ੍ਹਾਂ ਆਖਿਆ ਕਿ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਕਾਨੂੰਨ ਬਣਾ ਕੇ ਤਸਕਰਾਂ ਨੂੰ ਘੱਟੋ-ਘੱਟ 10 ਸਾਲ ਦੀ ਸਜ਼ਾਂ ਅਤੇ ਉਸ ਦੀ ਸਾਰੀ ਜਾਇਦਾਦ ਜ਼ਬਤ ਹੋਣੀ ਚਾਹੀਦੀ ਹੈ। ਸ. ਬਾਦਲ ਨੇ ਪਰਿਵਾਰ ਨੂੰ ਪਾਰਟੀ ਵਲੋਂ ਹਰ ਸਹਿਯੋਗ ਦੇਣ ਦਾ ਵਿਸ਼ਵਾਸ ਦਿਵਾਉਂਦਿਆਂ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਨਸ਼ਿਆਂ ਖ਼ਿਲਾਫ਼ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਲੜਾਈ ਲੜਨ। ਇਸ ਮੌਕੇ ਝੋਟੇ ਦੇ ਪਿਤਾ ਸਾਬਕਾ ਫ਼ੌਜੀ ਭੀਮ ਸਿੰਘ, ਮਾਤਾ ਅਮਰਜੀਤ ਕੌਰ, ਪਤਨੀ ਮਨਪ੍ਰੀਤ ਕੌਰ ਤੋਂ ਇਲਾਵਾ ਦੋਵੇਂ ਪੁੱਤਰ ਹਾਜ਼ਰ ਸਨ।