ਟੋਹਾਣਾ, 17 ਮਈ (ਮਨਜੀਤ ਸਿੰਘ) - ਨਸ਼ਾ ਤਸਕਰੀ ਵਿਰੁੱਧ ਕਾਰਵਾਈ ਕਰਦਿਆਂ ਪੁਲਿਸ ਥਾਣਾ ਸਿਟੀ ਟੋਹਾਣਾ ਨੇ ਇੱਕ ਮੁਲਜ਼ਮ ਨੂੰ 1 ਕਿੱਲੋ 900 ਗ੍ਰਾਮ ਗਾਂਜੇ ਸਮੇਤ ਗਿ੍ਫ਼ਤਾਰ ਕੀਤਾ ਹੈ | ਮੁਲਜ਼ਮ ਖ਼ਿਲਾਫ਼ ਐਨ.ਡੀ.ਪੀ.ਐਸ. ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਅਗਲੇਰੀ ਕਾਰਵਾਈ ਜਾਰੀ ਹੈ | ਪੁਲਿਸ ਥਾਣਾ ਸਿਟੀ ਟੋਹਾਣਾ ਦੇ ਇੰਚਾਰਜ ਇੰਸਪੈਕਟਰ ਕੁਲਦੀਪ ਸਿੰਘ ਨੇ ਦੱਸਿਆ ਕਿ ਚੰਡੀਗੜ੍ਹ ਰੋਡ ਪੁਲਿਸ ਚੌਕੀ ਵਿਚ ਤਾਇਨਾਤ ਸਹਾਇਕ ਸਬ-ਇੰਸਪੈਕਟਰ ਰਾਮ ਮੇਹਰ ਆਪਣੀ ਟੀਮ ਨਾਲ ਟੋਹਾਣਾ ਰੇਲਵੇ ਸਟੇਸ਼ਨ ਨੇੜੇ ਇੰਡਸਟਰੀਅਲ ਏਰੀਆ ਵਿਚ ਗਸ਼ਤ ਕਰ ਰਹੇ ਸਨ | ਇਸ ਦੌਰਾਨ ਪੁਲਿਸ ਟੀਮ ਨੇ ਇੱਕ ਵਿਅਕਤੀ ਨੂੰ ਇੱਕ ਭਾਰੀ ਪੀਲੇ ਮੋਮੀ ਲਿਫਾਫਾ ਲੈ ਕੇ ਜਾਂਦੇ ਹੋਏ ਦੇਖਿਆ | ਪੁਲਿਸ ਗੱਡੀ ਨੂੰ ਆਉਂਦੇ ਦੇਖ ਕੇ ਉਸ ਨੇ ਰੇਲਵੇ ਲਾਈਨ ਦੇ ਨੇੜੇ ਝਾੜੀਆਂ ਵਿਚ ਲੁਕਣ ਦੀ ਕੋਸ਼ਿਸ਼ ਕੀਤੀ | ਸ਼ੱਕ ਦੇ ਆਧਾਰ 'ਤੇ ਪੁਲਿਸ ਟੀਮ ਨੇ ਉਸ ਨੰੂ ਫੜ ਲਿਆ ਅਤੇ ਪੁੱਛਗਿੱਛ ਕੀਤੀ | ਦੋਸ਼ੀ ਦੀ ਪਛਾਣ ਕੁਲਵੰਤ ਪੁੱਤਰ ਦਾਤੂ ਰਾਮ, ਵਾਸੀ ਬਾਬਾ ਬੂਟਾ ਸ਼ਾਹ ਬਸਤੀ, ਵਾਰਡ ਨੰਬਰ 2, ਟੋਹਾਣਾ ਵਜੋਂ ਹੋਈ ਹੈ | ਨਿਯਮਾਂ ਅਨੁਸਾਰ ਕਾਰਵਾਈ ਕਰਦਿਆਂ ਦੋਸ਼ੀ ਦੇ ਕਬਜ਼ੇ ਵਿੱਚੋਂ 1 ਕਿੱਲੋ 900 ਗ੍ਰਾਮ ਗਾਂਜਾ ਬਰਾਮਦ ਕੀਤਾ | ਪੁਲਿਸ ਨੇ ਬਰਾਮਦ ਗਾਂਜੇ ਨੂੰ ਜ਼ਬਤ ਕਰ ਲਿਆ ਅਤੇ ਪੁਲਿਸ ਥਾਣਾ ਸਿਟੀ ਟੋਹਾਣਾ ਵਿਖੇ ਐਫ.ਆਈ.ਆਰ. ਨੰਬਰ 142 ਮਿਤੀ 16.05.2026, ਐਨ.ਡੀ.ਪੀ.ਐਸ. ਐਕਟ ਦੀ ਧਾਰਾ 20(ਬੀ)/61/85 ਦੇ ਤਹਿਤ ਮਾਮਲਾ ਦਰਜ ਕੀਤਾ | ਦੋਸ਼ੀ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ ਅਤੇ ਹੋਰ ਜਾਂਚ ਜਾਰੀ ਹੈ |
ਪੁਲਿਸ ਥਾਣਾ ਸਿਟੀ ਟੋਹਾਣਾ ਨੇ 1 ਕਿੱਲੋ 900 ਗ੍ਰਾਮ ਗਾਂਜੇ ਸਮੇਤ ਮੁਲਜ਼ਮ ਕੀਤਾ ਕਾਬੂ- ਮਾਮਲਾ ਦਰਜ
ਅਜੀਤ ਡੈਸਕ
18-05-2026