ਟੋਰਾਂਟੋ, 29 ਜਨਵਰੀ (ਸਤਪਾਲ ਸਿੰਘ ਜੌਹਲ)ਕੈਨੇਡਾ 'ਚ ਸੋਸ਼ਲ ਮੀਡੀਆ 'ਤੇ ਬੰਦ ਹੋਈ ਖਬਰਾਂ ਦੀ ਕਵਰੇਜ ਹੁਣ ਮੁੜ ਚਾਲੂ ਹੋਣ ਦੀ ਸੰਭਾਵਨਾ ਹੈ | ਕੈਨੇਡਾ ਸਰਕਾਰ ਤੇ ਫੇਸਬੁੱਕ ਦੀ ਮੂਲ ਕੰਪਨੀ ਮੈਟਾ ਵਿਚਕਾਰ ਇਸ ਸੰਬੰਧੀ ਗੱਲਬਾਤ ਚੱਲ ਰਹੀ ਹੈ | ਜ਼ਿਕਰਯੋਗ ਹੈ ਕਿ ਸਰਕਾਰ ਵਲੋਂ ਸੋਸ਼ਲ ਮੀਡੀਆ ਕੰਪਨੀਆਂ ਤੋਂ ਕੈਨੇਡਾ ਦੇ ਮੀਡੀਆ ਦੀ ਕਵਰੇਜ ਪ੍ਰਕਾਸ਼ਿਤ ਕਰਨ ਲਈ ਰਾਇਲਟੀ (ਬਣਦੀ ਕਮਾਈ) ਦੇਣ ਦਾ ਕਾਨੂੰਨੀ ਦਬਾਅ ਪਾਏ ਜਾਣ ਤੋਂ ਬਾਅਦ ਗੂਗਲ, ਫੇਸਬੁੱਕ, ਇੰਸਟਾਗ੍ਰਾਮ ਆਦਿ ਤੋਂ ਬੀਤੇ ਸਾਲਾਂ ਦੌਰਾਨ ਕੈਨੇਡਾ ਦੀ ਕਵਰੇਜ ਬੰਦ ਹੋ ਗਈ ਸੀ | ਜਿਸ ਕਾਰਨ ਦੇਸ਼ ਤੇ ਵਿਦੇਸ਼ਾਂ ਦਾ ਮੀਡੀਆ ਤੇ ਪਾਠਕ ਵੀ ਪ੍ਰਭਾਵਿਤ ਹੋਏ | ਅਜਿਹੇ 'ਚ ਲੋਕਾਂ ਦਾ ਵੀ ਸਰਕਾਰ ਉੱਪਰ ਦਬਾਅ ਵਧਿਆ | ਕੈਨੇਡਾ ਦੇ ਸੱਭਿਆਚਾਰ ਮੰਤਰੀ ਮਾਰਕ ਮਿੱਲਰ ਦੇ ਸਕੱਤਰ ਹਰਮੀਨ ਲੈਂਡਰੀ ਨੇ ਕਿਹਾ ਹੈ ਕਿ ਆਨਲਾਈਨ ਨਿਊਜ਼ ਐਕਟ (2023) ਲਾਗੂ ਕਰਨ ਤੋਂ ਬਾਅਦ ਸਰਕਾਰ ਨੇ ਸੋਸ਼ਲ ਮੀਡੀਆ ਕੰਪਨੀਆਂ ਨਾਲ ਗੱਲਬਾਤ ਦਾ ਰਾਹ ਖੁੱਲ੍ਹਾ ਰੱਖਿਆ ਹੈ | 2023 ਦੇ ਅਖੀਰ 'ਚ ਗੂਗਲ ਨਾਲ ਕੈਨੇਡਾ ਸਰਕਾਰ ਦਾ ਸਮਝੌਤਾ ਹੋ ਗਿਆ ਸੀ ਤੇ ਗੂਗਲ ਵਲੋਂ ਸਲਾਨਾ 100 ਮਿਲੀਅਨ ਡਾਲਰ ਅਦਾ ਕਰਨ ਲਈ ਮੰਨ ਲਿਆ ਗਿਆ ਸੀ | ਹਾਲਾਂਕਿ, ਇਸ ਸਿਲਸਿਲੇ 'ਚ ਫੇਸਬੁੱਕ, ਵੱਟਸਐਪ ਤੇ ਇੰਸਟਗ੍ਰਾਮ ਐਪਾਂ ਦੀ ਮਾਲਕ ਕੰਪਨੀ ਮੈਟਾ ਨਾਲ ਰੇੜਕਾ ਜਾਰੀ ਰਿਹਾ | ਕੈਨੇਡਾ ਵਲੋਂ ਡਿਜੀਟਲ ਕੰਪਨੀਆ ਤੋਂ 3 ਫੀਸਦ ਡਿਜੀਟਲ ਸਰਵਿਸਜ਼ ਟੈਕਸ ਲੈਣ ਦੇ ਬਣਾਏ ਕਾਨੂੰਨ ਦੇ ਵਿਰੋਧ 'ਚ ਬੀਤੇ ਸਾਲ ਜੂਨ 'ਚ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੋਵਾਂ ਦੇਸ਼ਾਂ ਵਿਚਕਾਰ ਸੰਭਾਵੀ ਵਪਾਰ ਸਮਝੌਤੇ ਉੱਪਰ ਗੱਲਬਾਤ ਰੋਕ ਦਿੱਤੀ ਸੀ ਜਿਸ ਤੋਂ ਬਾਅਦ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਉਹ ਟੈਕਸ ਖਤਮ ਕਰਨ ਦਾ ਇਕਦਮ ਐਲਾਨ ਕੀਤਾ ਸੀ | ਇਸੇ ਤਰਜ਼ 'ਚ ਜਾਪਦਾ ਹੈ ਕਿ ਮੈਟਾ ਕੰਪਨੀ ਨਾਲ ਕੈਨੇਡਾ ਸਰਕਾਰ ਦੀ ਗੱਲਬਾਤ ਦਾ ਚੰਗਾ ਸਿੱਟਾ ਨਿਕਲੇਗਾ ਤੇ ਫੇਸਬੁੱਕ ਤੇ ਹੋਰਨਾਂ ਐਪਾਂ ਤੋਂ ਦੇਸ਼ ਤੇ ਵਿਦੇਸ਼ਾਂ ਦੀ ਕਵਰੇਜ ਮੁੜ ਸ਼ੁਰੂ ਹੋਣ ਦਾ ਰਾਹ ਪੱਧਰਾ ਹੋਵੇਗਾ |