ਅਜੋਕੇ ਸਮੇਂ ਵਿਚ ਅਜਿਹੇ ਗਾਇਕ ਉਂਗਲਾਂ 'ਤੇ ਗਿਣਨ ਜੋਗੇ ਹਨ ਜਿਨ੍ਹਾਂ ਨੂੰ ਸੰਗੀਤ ਦੀ ਗੁੜ੍ਹਤੀ, ਆਪਣੇ ਹੀ ਸੰਗੀਤਕ ਖ਼ਾਨਦਾਨ 'ਚੋਂ ਪ੍ਰਾਪਤ ਹੋਈ ਹੋਵੇ। ਬਠਿੰਡਾ ਇਲਾਕੇ 'ਚ ਪੈਂਦੇ ਪਿੰਡ ਰੋਮਾਣਾ ਅਲਬੇਲ ਸਿੰਘ ਦੀ ਜੰਮਪਲ ਉੱਘੀ ਤੇ ਸੁਰੀਲੀ ਗਾਇਕਾ ਰਮਨ ਰੋਮਾਣਾ ਇਕ ਅਜਿਹੀ ਹੋਣਹਾਰ ਅਤੇ ਖ਼ੁਸ਼ਕਿਸਮਤ ਗਾਇਕਾ ਹੈ ਜਿਸਦੇ ਪੁਰਖੇ ਰਾਜ ਦਰਬਾਰਾਂ ਵਿਚ ਬਤੌਰ ਦਰਬਾਰੀ ਢਾਡੀ ਜਾਂ ਦਰਬਾਰੀ ਗਾਇਕ, ਸੰਗੀਤ ਦੀ ਮਹਿਕ ਬਿਖੇਰਿਆ ਕਰਦੇ ਸਨ। ਸੰਗੀਤ ਨਾਲ ਜੁੜੇ ਫ਼ਨਕਾਰਾਂ ਦੀ ਛੇਵੀਂ ਪੀੜ੍ਹੀ ਵਿਚੋਂ ਉੱਠੀ ਰਮਨ ਰੋਮਾਣਾ ਦੇ ਪਿਤਾ ਪ੍ਰਿੰਸੀਪਲ ਸਾਧੂ ਸਿੰਘ ਰੋਮਾਣਾ ਵੀ ਇਕ ਪ੍ਰਤਿਭਾਵਾਨ ਪੰਜਾਬੀ ਲੋਕ ਗਾਇਕ ਹਨ ਤੇ ਸੰਗੀਤ ਜਗਤ ਵਿਚ ਆਪਣੇ ਸਾਹਿਤਕ ਅਤੇ ਸੱਭਿਆਚਾਰਕ ਗੀਤਾਂ ਲਈ ਜਾਣੇ ਅਤੇ ਸਤਿਕਾਰੇ ਜਾਂਦੇ ਹਨ।
ਸੰਗੀਤ ਦੀਆਂ ਸੱਤ ਸੁਰਾਂ ਦੀ ਤਹਿ ਦਿਲੋਂ ਉਪਾਸ਼ਕ ਗਾਇਕਾ ਰਮਨ ਰੋਮਾਣਾ ਹੁਣ ਤੱਕ ਉੱਘੇ ਅਦਾਕਾਰ-ਨਿਰਮਾਤਾ-ਨਿਰਦੇਸ਼ਕ ਗਿੱਪੀ ਗਰੇਵਾਲ ਦੀ ਫ਼ਿਲਮ 'ਸੂਬੇਦਾਰ ਜੋਗਿੰਦਰ ਸਿੰਘ' ਲਈ ਗੀਤ 'ਇਸ਼ਕ ਦਾ ਤਾਰਾ', ਫ਼ਿਲਮ 'ਵਧਾਈਆਂ ਜੀ ਵਧਾਈਆਂ' ਲਈ ਐਮੀ ਵਿਰਕ ਨਾਲ ਗੀਤ 'ਅੱਖ ਸੁਰਮੇ ਦੀ', ਗਾਇਕ ਤੇ ਅਦਾਕਾਰ ਕਰਮਜੀਤ ਅਨਮੋਲ ਨਾਲ 'ਗਿੱਧਾ' ਅਤੇ ਗਾਇਕ ਦਿਲਰਾਜ ਗਰੇਵਾਲ ਨਾਲ 'ਬੋਲੀਆਂ' ਅਤੇ ਫ਼ਿਲਮ 'ਕੁਲਚੇ ਛੋਲੇ' ਲਈ ਗੀਤ ਗਾਉਣ ਤੋਂ ਇਲਾਵਾ ਵਿਸ਼ਵ ਪ੍ਰਸਿੱਧ ਰੈਪਰ ਬੋਹੀਮੀਆ ਨਾਲ 'ਐਟੀਟਿਊਡ' ਨਾਮਕ ਚਰਚਿਤ ਗੀਤ ਗਾ ਕੇ ਸਰੋਤਿਆਂ ਤੋਂ ਭਰਪੂਰ ਪਿਆਰ ਤੇ ਪ੍ਰਸੰਸਾ ਹਾਸਿਲ ਕਰ ਚੁੱਕੀ ਹੈ। ਇਸ ਸੁਰੀਲੀ ਗਾਇਕਾ ਦੇ ਕਈ ਹੋਰ ਸੁਪਰਹਿਟ ਗੀਤਾਂ ਵਿਚ 'ਸੈਲਫ਼ਿਸ਼', 'ਮਾਹੀਆ', 'ਰੈੱਡ ਥਾਰ', 'ਜ਼ਿੱਦ', 'ਸੌਰੀ', 'ਪੰਜਾਬੀ ਨੱਚਦੇ', 'ਜੁੱਤੀ', 'ਪੱਬਾਂ ਭਾਰ' ,'ਕਹਾਣੀ' ਆਦਿ ਜਿਹੇ ਸੁਰੀਲੇ ਗੀਤ ਵੀ ਸ਼ਾਮਿਲ ਹਨ। ਸਰੋਤਿਆਂ ਦੇ ਦਿਲਾਂ ਦੀ ਧੜਕਣ ਬਣ ਚੁੱਕੀ ਰਮਨ ਰੋਮਾਣਾ ਦੀ ਪਿਛਲੀ ਐਲਬਮ 'ਐਪੋਕਲਿਪਸ' ਖ਼ਾਸੀ ਪਸੰਦ ਕੀਤੀ ਗਈ ਸੀ ਤੇ ਇਸ ਐਲਬਮ ਦਾ ਪ੍ਰਮੁੱਖ ਗੀਤ 'ਹੂ ਆਈ ਐਮ' ਤਾਂ ਉਸ ਨੂੰ ਮੁੱਖ ਭੂਮਿਕਾ ਵਿਚ ਲੈ ਕੇ ਫ਼ਿਲਮਾਇਆ ਹੀ ਉਸ ਦੇ ਜੱਦੀ ਪਿੰਡ ਦੀ ਧਰਤ 'ਤੇ ਸੀ।
ਬੜੀ ਦਿਲਚਸਪ ਗੱਲ ਹੈ ਕਿ ਬਚਪਨ ਤੋਂ ਹੀ ਸਟੇਜਾਂ ਤੋਂ ਆਪਣੀ ਗਾਇਕੀ ਦੀ ਮਹਿਕ ਬਿਖੇਰਨ ਵਾਲੀ ਰਮਨ ਰੋਮਾਣਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਭੌਤਿਕ ਵਿਗਿਆਨ ਵਿਸ਼ੇ ਵਿਚ ਮਾਸਟਰ ਡਿਗਰੀ ਕਰ ਚੁੱਕੀ ਹੈ ਅਤੇ ਹੁਸਨਮੱਤੀ ਇਹ ਗਾਇਕਾ ਬਾਸਕਟਬਾਲ ਵਿਚ ਵੀ ਪੰਜਾਬ ਪੱਧਰ ਦੀ ਖਿਡਾਰਨ ਰਹਿੰਦਿਆਂ ਹੋਇਆਂ ਵੱਡੀਆਂ ਮੱਲਾਂ ਮਾਰ ਚੁੱਕੀ ਹੈ। ਬੇਹੱਦ ਸੁਰੀਲੀ ਅਤੇ ਮਨਮੋਹਕ ਆਵਾਜ਼ ਦੀ ਮਾਲਕਣ ਰਮਨ ਰੋਮਾਣਾ ਪੰਜਾਬੀ ਗਾਇਕੀ ਦੇ ਖੇਤਰ ਵਿਚ ਉੱਚਾ ਮੁਕਾਮ ਹਾਸਿਲ ਕਰਨ ਲਈ ਜੀਅ ਤੋੜ ਮਿਹਨਤ ਕਰ ਰਹੀ ਹੈ। ਪਾਲੀਵੁੱਡ ਤੋਂ ਬਾਅਦ ਹੁਣ ਜਲਦੀ ਹੀ ਉਹ ਬਾਲੀਵੁੱਡ ਵਿਚ ਆਪਣੀ ਸੁਰੀਲੀ ਗਾਇਕੀ ਦੀ ਮਹਿਕ ਬਿਖੇਰਨ ਜਾ ਰਹੀ ਹੈ। ਪੰਜਾਬੀ ਸੰਗੀਤ ਜਗਤ ਵਿਚ ਅਜਿਹੀਆਂ ਉੱਚ-ਸਿੱਖਿਅਤ ਅਤੇ ਸੁਰੀਲੀਆਂ ਗਾਇਕਾਵਾਂ ਦੀ ਬਹੁਤ ਘਾਟ ਹੈ ਤੇ ਆਸ ਹੈ ਕਿ ਰਮਨ ਰੋਮਾਣਾ ਆਪਣੀ ਦਿਲਕਸ਼ ਆਵਾਜ਼ ਅਤੇ ਪ੍ਰਭਾਵਸ਼ਾਲੀ ਅੰਦਾਜ਼ ਸਦਕਾ ਛੇਤੀ ਹੀ ਸੰਗੀਤ ਜਗਤ ਦੀਆਂ ਬੁਲੰਦੀਆਂ ਨੂੰ ਛੂਹ ਲਵੇਗੀ।
ਪੰਜਾਬੀ ਗਾਇਕੀ ਦਾ ਸੁਰੀਲਾ ਸਿਰਨਾਵਾਂ ਹੈ ਰਮਨ ਰੋਮਾਣਾ
ਅਜੀਤ ਡੈਸਕ
01-04-2026