21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਪ੍ਰਸ਼ਾਸਨ ਵਲੋਂ ਮੁੱਖ ਮੰਤਰੀ ਨੂੰ ਨਾ ਮਿਲਣ ਦੇਣ ਦੇ ਰੋਸ ਵਜੋਂ ਬੇਰੁਜ਼ਗਾਰਾਂ ਨੇ ਜੰਮ ਕੇ ਕੀਤੀ ਨਾਅਰੇਬਾਜ਼ੀ <br/>

ਅਜੀਤ ਡੈਸਕ 01-04-2026
ਮਸਤੂਆਣਾ ਸਾਹਿਬ, 31 ਮਾਰਚ (ਫੁੱਲ, ਦਮਦਮੀ)-ਅੱਜ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਲੱਡਾ ਕੋਠੀ ਵਿਖੇ ਇੱਕ ਜਨਤਕ ਸਮਾਗਮ ਵਿੱਚ ਸ਼ਮੂਲੀਅਤ ਕਰਨੀ ਸੀ ਤਾਂ ਇਸ ਮੌਕੇ ਬੇਰੁਜ਼ਗਾਰ ਸਾਂਝੇ ਮੋਰਚੇ ਦੇ ਮੈਂਬਰ ਵੀ ਆਪਣੀਆਂ ਮੰਗਾਂ ਲਈ ਵਾਸਤੇ ਅਚਾਨਕ ਲੱਡਾ ਕੋਠੀ ਦੇ ਮੁੱਖ ਗੇਟ ਉੱਤੇ ਆ ਪਹੁੰਚੇ | ਪੁਲਿਸ ਪ੍ਰਸ਼ਾਸਨ ਨੂੰ ਜਿਉਂ ਹੀ ਬੇਰੁਜ਼ਗਾਰਾਂ ਦੇ ਪਹੁੰਚਣ ਦੀ ਭਿੜਕ ਮਿਲੀ ਤਾਂ ਉਨ੍ਹਾਂ ਬੇਰੁਜ਼ਗਾਰ ਸਾਂਝੇ ਮੋਰਚੇ ਦੇ ਆਗੂਆਂ ਸੁਖਵਿੰਦਰ ਸਿੰਘ ਢਿੱਲਵਾਂ ਸਮੇਤ ਬਾਕੀ ਸਭਨਾਂ ਨੂੰ ਨਜ਼ਦੀਕ ਇੱਕ ਨਿੱਜੀ ਮੈਰਿਜ ਪੈਲੇਸ ਵਿੱਚ ਤਾੜ ਦਿੱਤਾ | ਸਾਂਝੇ ਮੋਰਚੇ ਦੇ ਆਗੂਆਂ ਨੇ ਮੰਗ ਕੀਤੀ ਕਿ ਉਨ੍ਹਾਂ ਦੀ ਮੀਟਿੰਗ ਮੁੱਖ ਮੰਤਰੀ ਭਗਵੰਤ ਮਾਨ ਨਾਲ ਕਰਵਾਈ ਜਾਵੇ | ਲੰਬਾ ਸਮਾਂ ਪ੍ਰਸ਼ਾਸਨ ਇਸ ਸਬੰਧੀ ਲਾਰੇ ਲੱਪੇ ਲਾਉਂਦਾ ਰਿਹਾ | ਆਖ਼ਰ ਕੁੱਝ ਆਗੂਆਂ ਸੁਖਵਿੰਦਰ ਸਿੰਘ ਢਿੱਲਵਾਂ, ਗਗਨਦੀਪ ਕੌਰ ਗਰੇਵਾਲ ਅਤੇ ਆਂਗਣਵਾੜੀ ਦੀਆਂ ਦੋ ਮਹਿਲਾਵਾਂ ਨੂੰ ਆਪਣੀ ਸਰਕਾਰੀ ਗੱਡੀ ਵਿੱਚ ਬਿਠਾ ਕੇ ਮੁੱਖ ਮੰਤਰੀ ਨੂੰ ਮਿਲਵਾਉਣ ਦਾ ਭਰੋਸਾ ਦੇ ਅੰਦਰ ਲੈ ਗਏ | ਲੰਬਾ ਸਮਾਂ ਉਡੀਕ ਕਰਨ ਮਗਰੋਂ ਆਖ਼ਰ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਨੇ ਹੱਥ ਖੜੇ ਕਰ ਦਿੱਤੇ | ਉਨ੍ਹਾਂ ਬੇਰੁਜ਼ਗਾਰਾਂ ਨੂੰ ਦੱਸਿਆ ਕਿ ਮੁੱਖ ਮੰਤਰੀ ਅਤੇ ਉਸ ਦੀ ਪੂਰੀ ਟੀਮ ਦੂਜੇ ਰਸਤੇ ਤੋਂ ਨਿਕਲ ਚੁੱਕੀ ਹੈ | ਬੇਰੁਜ਼ਗਾਰਾਂ ਨੂੰ ਵਾਪਸ ਜਦੋਂ ਫਿਰ ਬਾਕੀ ਸਾਥੀਆਂ ਕੋਲ (ਸਿਡਨੀ ਗ੍ਰੈਂਡ ਮੈਰਿਜ ਪੈਲੇਸ) ਲਿਆਂਦਾ ਗਿਆ ਤਾਂ ਬੇਰੁਜ਼ਗਾਰਾਂ ਨੇ ਲੰਬਾ ਸਮਾਂ ਸੜਕ ਕਿਨਾਰੇ ਬੈਠ ਕੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ | ਉਨ੍ਹਾਂ ਮੰਗ ਕੀਤੀ ਕਿ ਸਿੱਖਿਆ ਅਤੇ ਸਿਹਤ ਵਿਭਾਗ ਵਿੱਚ ਸਾਰੀਆਂ ਖ਼ਾਲੀ ਅਸਾਮੀਆਂ ਭਰੀਆਂ ਜਾਣ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਵਿਭਾਗ ਵਿੱਚ ਪਿਛਲੇ ਚਾਰ ਸਾਲਾਂ ਅੰਦਰ ਇੱਕ ਵੀ ਅਸਾਮੀ ਨਹੀਂ ਭਰੀ, ਸਿਰਫ਼ ਝੂਠਾ ਪ੍ਰਚਾਰ ਕਰਕੇ ਲੋਕਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਸਿੱਖਿਆ ਵਿਭਾਗ ਵਿੱਚ ਨਰਸਰੀ, ਈ.ਟੀ.ਟੀ., ਮਾਸਟਰ ਕੇਡਰ, ਲੈਕਚਰਾਰ ਅਤੇ ਸਹਾਇਕ ਪ੍ਰੋਫੈਸਰ ਪੱਧਰ ਤੱਕ ਇੱਕ ਵੀ ਅਸਾਮੀ ਜਾਰੀ ਨਹੀਂ ਕੀਤੀ | ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਸਰਕਾਰ ਨੇ ਭਾਵੇਂ ਮਾਸਟਰ ਕੇਡਰ ਵਿੱਚ ਲੱਗੀ 55 ਫ਼ੀਸਦੀ ਲਾਜ਼ਮੀ ਅੰਕਾਂ ਦੀ ਸ਼ਰਤ ਨੂੰ ਰੱਦ ਕੀਤਾ ਸੀ ਪਰੰਤੂ ਆਮ ਆਦਮੀ ਪਾਰਟੀ ਨੇ ਇਸ ਸ਼ਰਤ ਨੂੰ ਮੁੜ ਲਾਗੂ ਕਰ ਦਿੱਤਾ ਹੈ ਅਤੇ ਇਸ ਨੰੂ ਰੱਦ ਕਰਨ ਸਬੰਧੀ ਅਜੇ ਤੱਕ ਕੋਈ ਵੀ ਪ੍ਰਕਿਰਿਆ ਸ਼ੁਰੂ ਨਹੀਂ ਕੀਤੀ | ਜ਼ਿਕਰਯੋਗ ਹੈ ਕਿ ਬੇਰੁਜ਼ਗਾਰਾਂ ਦਾ ਪੱਕਾ ਮੋਰਚਾ ਪਿਛਲੇ 97 ਦਿਨਾਂ ਤੋਂ ਡਿਪਟੀ ਕਮਿਸ਼ਨਰ ਦਫ਼ਤਰ ਸੰਗਰੂਰ ਅੱਗੇ ਜਾਰੀ ਹੈ | ਬੇਰੁਜ਼ਗਾਰਾਂ ਨੇ ਚਿਤਾਵਨੀ ਦਿੱਤੀ ਕਿ ਉਹ ਆਉਂਦੇ ਸਮੇਂ ਹਰੇਕ ਸਮਾਗਮ ਵਿੱਚ ਮੁੱਖ ਮੰਤਰੀ ਨੂੰ ਰੁਜ਼ਗਾਰ ਦੇ ਮੁੱਦੇ 'ਤੇ ਸਵਾਲ ਕਰਨ ਲਈ ਪਹੁੰਚਣਗੇ | ਇਸ ਮੌਕੇ ਅਮਨ ਸ਼ੇਖ਼ਾ, ਰਾਜਵੀਰ ਕੌਰ, ਸਰਬਜੀਤ ਸਿੰਘ ਅਤੇ ਕਰਨਵੀਰ ਸਿੰਘ ਤਰਨਤਾਰਨ ਸਾਹਿਬ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਅਵਾਰਾ ਕੁੱਤਿਆਂ ਦੇ ਝੁੰਡ ਦੇ ਹਮਲੇ 'ਚ ਮੋਟਰਸਾਈਕਲ ਸਵਾਰ ਨੌਜਵਾਨ ਗੰਭੀਰ ਜ਼ਖ਼ਮੀ <br/> ਅਗਲੀ ਖ਼ਬਰ ਪੰਜਾਬੀ ਗਾਇਕੀ ਦਾ ਸੁਰੀਲਾ ਸਿਰਨਾਵਾਂ ਹੈ ਰਮਨ ਰੋਮਾਣਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।