ਇਕ ਲੰਮੇ ਸਮੇਂ ਤੋਂ ਛੋਟੇ ਪਰਦੇ ਤੋਂ ਦੂਰ ਰਹੇ ਐਕਟਰ ਨੀਲ ਭੱਟ ਨੂੰ ਟੀ.ਵੀ. ਸ਼ੋਅ 'ਗੁੰਮ ਹੈ ਕਿਸੀ ਕੇ ਪਿਆਰ ਮੇਂ' ਤੋਂ ਬਾਅਦ ਸਲਮਾਨ ਵਲੋਂ ਹੋਸਟ ਕੀਤੇ ਗਏ ਰਿਆਲਿਟੀ ਸ਼ੋਅ 'ਬਿੱਗ ਬੌਸ-17' ਵਿਚ ਦੇਖਿਆ ਗਿਆ ਸੀ।
ਹੁਣ ਉਹ 3 ਫਰਵਰੀ ਤੋਂ ਰਾਤ 8.30 ਵਜੇ ਸਟਾਰ ਪਲੱਸ 'ਤੇ ਪ੍ਰਸਾਰਿਤ ਹੋ ਰਹੇ ਟੀ.ਵੀ. ਸ਼ੋਅ 'ਮਿਸਟਰ ਐਂਡ ਮਿਸੇਜ਼ ਪਰਸ਼ੂਰਾਮ' ਵਿਚ ਨਜ਼ਰ ਆ ਰਹੇ ਹਨ।
ਸਟਾਰ ਪਲੱਸ ਵਲੋਂ ਆਪਣੇ ਪ੍ਰਾਈਮ ਟਾਈਮ ਫਿਕਸ਼ਨ ਲਾਈਨਅਪ ਨੂੰ ਮਜ਼ਬੂਤ ਕਰਨ ਲਈ ਲਾਂਚ ਕੀਤੇ ਗਏ ਸਸਪੈਂਸ ਅਤੇ ਇੰਟ੍ਰੀਗ ਨਾਲ ਭਰੇ ਪਰਿਵਾਰਕ ਡਰਾਮਾ ਸ਼ੋਅ 'ਮਿਸਟਰ ਐਂਡ ਮਿਸੇਜ਼ ਪਰਸ਼ੂਰਾਮ' ਘਰੇਲੂ ਜ਼ਿੰਦਗੀ ਅਤੇ ਇਕ ਖ਼ਤਰਨਾਕ ਸੀਕ੍ਰੇਟ ਦੁਨੀਆ ਨੂੰ ਨਾਲ ਜੋੜਦਾ ਹੋਇਆ ਨਜ਼ਰ ਆ ਰਿਹਾ ਹੈ।
ਇਸ ਸ਼ੋਅ ਵਿਚ ਨੀਲ ਭੱਟ ਸ਼ਿਵ ਪ੍ਰਸਾਦ ਦੇਸ਼ਮੁਖ ਅਤੇ ਏਜੰਟ ਪਰਸ਼ੂਰਾਮ ਦੇ ਦੋਹਰੇ ਕਿਰਦਾਰ ਵਿਚ ਹੈ। ਇਕ ਪਾਸੇ ਸ਼ਿਵ ਪ੍ਰਸਾਦ ਇਕ ਜ਼ਿੰਮੇਵਾਰ ਪਤੀ ਹੈ। ਉਸ ਦੀ ਪਤਨੀ ਸ਼ਾਲਿਨੀ ਅਤੇ ਦੋ ਬੱਚੇ ਹਨ, ਦੂਜੇ ਪਾਸੇ ਪਰਸ਼ੂਰਾਮ ਇਕ ਸੀਕ੍ਰੇਟ ਜਾਸੂਸ ਦੇ ਕਿਰਦਾਰ ਵਿਚ ਹੈ। ਸ਼ਿਵਪ੍ਰਸਾਦ ਦੀ ਪਤਨੀ ਸ਼ਾਲਿਨੀ ਨੂੰ ਇਸ ਗੱਲ ਦੀ ਭਣਕ ਤੱਕ ਨਹੀਂ ਹੈ ਕਿ ਉਸ ਦਾ ਪਤੀ ਇਕ ਸੀਕ੍ਰੇਟ ਏਜੰਟ ਵੀ ਹੈ ਅਤੇ ਉਹ ਦੋਹਰੀ ਜ਼ਿੰਦਗੀ ਜੀਅ ਰਿਹਾ ਹੈ।
ਘਰ ਅੰਦਰ ਉਹ ਰਾਮ ਦੀ ਤਰ੍ਹਾਂ ਸ਼ਾਂਤ, ਹੌਸਲੇਵਾਲਾ ਅਤੇ ਸਮਰਪਿਤ ਹੈ ਤੇ ਬਾਹਰ ਦੀ ਦੁਨੀਆ ਵਿਚ ਪਰਸ਼ੂਰਾਮ ਮਜ਼ਬੂਤ, ਨਿਡਰ ਅਤੇ ਫ਼ੈਸਲੇ ਲੈਣ ਵਾਲਾ ਹੈ। ਇਸ ਦੋਹਰੇ ਕਿਰਦਾਰ ਵਿਚ ਨੀਲ ਭੱਟ ਨੇ ਜਿਸ ਤਰ੍ਹਾਂ ਨਾਲ ਦੋਹਰਾ ਕੁਦਰਤੀ ਕਿਰਦਾਰ ਨਿਭਾਇਆ ਹੈ, ਉਹ ਹਰ ਕਿਸੇ ਨੂੰ ਪਸੰਦ ਆ ਰਿਹਾ ਹੈ।
ਖ਼ਾਸ ਕਰਕੇ ਜਾਸੂਸ ਵਾਲਾ ਕਿਰਦਾਰ ਤਾਂ ਨੀਲ ਭੱਟ 'ਤੇ ਕਾਫ਼ੀ ਜਚਦਾ ਹੈ। ਬਚਪਨ ਤੋਂ ਮਾਰਸ਼ਲ ਆਰਟਸ ਵਿਚ ਦਿਲਚਸਪੀ ਹੋਣ ਕਾਰਨ ਨੀਲ ਨੇ ਇਸ ਕਿਰਦਾਰ ਦੇ ਹਿੱਸੇ ਵਿਚ ਆਏ ਸਾਰੇ ਐਕਸ਼ਨ ਅਤੇ ਸਟੰਟਸ ਖ਼ੁਦ ਹੀ ਕੀਤੇ ਹਨ।
4 ਅਗਸਤ, 1987 ਨੂੰ ਗੁਜਰਾਤ ਦੇ ਵਡੋਦਰਾ ਵਿਚ ਪੈਦਾ ਹੋਏ ਨੀਲ ਭੱਟ ਨੇ ਪਹਿਲੀ ਵਾਰ ਸਾਲ 2008 ਵਿਚ 'ਬੂਗੀ ਵੂਗੀ' ਵਿਚ ਬਤੌਰ ਪ੍ਰਤੀਯੋਗੀ ਹਿੱਸਾ ਲਿਆ ਅਤੇ ਸ਼ੋਅ ਦੇ ਜੇਤੂ ਬਣੇ। ਇਸ ਤੋਂ ਬਾਅਦ ਉਹ ਟੀ.ਵੀ. ਸ਼ੋਅ 'ਜੋ ਇਸ਼ਕ ਕੀ ਮਰਜ਼ੀ ਵਹੀ ਰੱਬ ਕੀ ਮਰਜ਼ੀ' ਵਿਚ ਨਜ਼ਰ ਆਏ।
ਖ਼ੂਬ ਜਚ ਰਿਹੈ ਦੋਹਰੀ ਭੂਮਿਕਾ ਵਿਚ ਨੀਲ ਭੱਟ
ਅਜੀਤ ਡੈਸਕ
01-04-2026