ਗਰਮੀਆਂ ਆਉਂਦਿਆਂ ਹੀ ਸਭ ਦਾ ਮਨ ਕਰਦਾ ਹੈ ਕਿ ਜੋ ਖਾਓ, ਠੰਢਾ ਖਾਓ, ਜੋ ਕੁਝ ਪੀਓ, ਠੰਢਾ ਪੀਓ, ਜਿਸ ਨੂੰ ਪੀਣ ਨਾਲ ਪਿਆਸ ਵੀ ਬੁਝੇ ਅਤੇ ਅੰਦਰ ਠੰਢਕ ਵੀ ਮਿਲੇ। ਆਓ ਦੇਖੀਏ ਕੀ ਪੀਏ ਜਿਸ ਨਾਲ ਠੰਢਕ ਵੀ ਮਿਲੇ ਅਤੇ ਸਿਹਤ ਵੀ ਠੀਕ ਰਹੇ।
ਲੱਸੀ : ਦਹੀਂ ਦੀ ਲੱਸੀ ਉੱਤਰੀ ਭਾਰਤ ਦਾ ਸਭ ਤੋਂ ਪਸੰਦੀਦਾ ਪੀਣ ਵਾਲਾ ਪਦਾਰਥ ਹੈ। ਪੰਜਾਬ ਵਿਚ ਇਸ ਨੂੰ ਲੋਕ ਲਗਾਤਾਰ ਰੂਪ ਵਿਚ ਪੀਂਦੇ ਹਨ। ਦਹੀਂ ਦੀ ਲੱਸੀ ਬਾਜ਼ਾਰ ਵਿਚ ਵੀ ਸੌਖਿਆਂ ਨਾਲ ਮਿਲ ਜਾਂਦੀ ਹੈ ਅਤੇ ਘਰ ਵਿਚ ਬਣਾਉਣੀ ਵੀ ਸੌਖੀ ਹੈ। ਲੱਸੀ ਨੂੰ ਤੁਸੀਂ ਆਪਣੇ ਮਨ-ਪਸੰਦ ਢੰਗ ਨਾਲ ਬਣਾ ਸਕਦੇ ਹੋ ਜਿਵੇਂ ਲੱਸੀ ਨਮਕੀਨ, ਲੱਸੀ ਮਿੱਠੀ, ਅੰਬ ਵਾਲੀ ਲੱਸੀ, ਰੂਹ ਅਫ਼ਜ਼ਾ ਵਾਲੀ ਲੱਸੀ ਅਤੇ ਜੀਰੇ ਵਾਲੀ ਲੱਸੀ, ਘਰ ਆਏ ਮਹਿਮਾਨਾਂ ਨੂੰ ਲੱਸੀ ਪਿਲਾ ਕੇ ਉਨ੍ਹਾਂ ਦਾ ਮਨ ਜਿੱਤ ਸਕਦੇ ਹੋ ਅਤੇ ਗਰਮੀ ਤੋਂ ਰਾਹਤ ਵੀ ਪਾ ਸਕਦੇ ਹੋ।
ਨਾਰੀਅਲ ਪਾਣੀ : ਨਾਰੀਅਲ ਪਾਣੀ ਗਰਮੀਆਂ ਵਿਚ ਉੱਤਮ ਪੀਣ ਵਾਲਾ ਪਦਾਰਥ ਹੈ ਜੋ ਸਰੀਰ ਨੂੰ ਚੁਸਤੀ-ਫੁਰਤੀ ਅਤੇ ਠੰਢਕ ਦਿੰਦਾ ਹੈ। ਗਰਮੀਆਂ ਵਿਚ ਸਰੀਰ 'ਚੋਂ ਨਿਕਲਣ ਵਾਲੇ ਪਸੀਨੇ ਨਾਲ ਪਾਣੀ ਅਤੇ ਲੂਣਾਂ ਦੀ ਕਮੀ ਹੋ ਜਾਂਦੀ ਹੈ, ਜਿਸ ਨੂੰ ਨਾਰੀਅਲ ਪਾਣੀ ਪੀਣ ਨਾਲ ਦੂਰ ਕੀਤਾ ਜਾ ਸਕਦਾ ਹੈ।
ਨਿੰਬੂ ਪਾਣੀ (ਸ਼ਿਕੰਜਵੀ) : ਨਿੰਬੂ ਪਾਣੀ ਬਣਾਉਣਾ ਸਭ ਤੋਂ ਸੌਖਾ ਹੈ। ਚਾਹੋ ਤਾਂ ਨਿੰਬੂ ਪਾਣੀ ਥੋੜ੍ਹੇ ਜਿਹੇ ਨਮਕ ਨਾਲ ਲੈ ਸਕਦੇ ਹੋ, ਚਾਹੋ ਤਾਂ ਚੀਨੀ ਅਤੇ ਰੂਹ ਅਫ਼ਜ਼ਾ ਦੇ ਨਾਲ। ਨਿੰਬੂ ਪਾਣੀ ਸਰੀਰ ਨੂੰ ਗਰਮੀ ਦੀ ਤਪਸ਼ ਤੋਂ ਬਚਾਉਂਦਾ ਹੈ ਅਤੇ ਵਿਟਾਮਿਨ 'ਸੀ' ਵੀ ਦਿੰਦਾ ਹੈ। ਨਿੰਬੂ ਪਾਣੀ ਵਿਚ ਥੋੜ੍ਹਾ ਪੁਦੀਨੇ ਦੀਆਂ ਪੱਤੀਆਂ ਅਤੇ ਭੁੱਜਿਆ ਜੀਰਾ ਪਾ ਦੇਣ ਨਾਲ ਨਮਕੀਨ ਸ਼ਿਕੰਜਵੀ ਦਾ ਸਵਾਦ ਹੀ ਕੁਝ ਹੋਰ ਹੁੰਦਾ ਹੈ।
ਜਲਜੀਰਾ : ਬਾਜ਼ਾਰ ਵਿਚ ਜਲਜੀਰੇ ਦੇ ਪੈਕਟ ਸੌਖਿਆਂ ਹੀ ਮਿਲ ਜਾਂਦੇ ਹਨ। ਜਲਜੀਰਾ ਪਾਊਡਰ ਵਿਚ ਜੋ ਮਸਾਲੇ ਪਾਏ ਜਾਂਦੇ ਹਨ, ਸਭ ਗਰਮੀ ਨੂੰ ਸ਼ਾਂਤ ਕਰਨ ਵਾਲੇ ਹੁੰਦੇ ਹਨ। ਇਨ੍ਹਾਂ ਨੂੰ ਇੱਛਾ ਅਨੁਸਾਰ ਜ਼ਰੂਰਤ ਪੈਣ 'ਤੇ ਪਾਣੀ ਵਿਚ ਘੋਲੋ ਅਤੇ ਬਰਫ਼ ਮਿਲਾ ਕੇ ਪੀਓ ਤੇ ਇਸ ਦਾ ਅਨੰਦ ਲਓ। ਬਾਜ਼ਾਰ ਵਿਚ ਉਪਲਬਧ ਘੁਲੇ ਹੋਏ ਜਲਜੀਰੇ ਦੀ ਵਰਤੋਂ ਨਾ ਕਰੋ ਕਿਉਂਕਿ ਉਸ ਵਿਚ ਪਈ ਕੱਚੀ ਬਰਫ ਅਤੇ ਪਾਣੀ ਸਿਹਤ ਨੂੰ ਲਾਭ ਪਹੁੰਚਾਉਣ ਦੀ ਥਾਂ 'ਤੇ ਹਾਨੀ ਪਹੁੰਚ ਸਕਦੇ ਹਨ।
ਹਦਵਾਣੇ ਦਾ ਜੂਸ : ਹਦਵਾਣਾ ਕਈ ਖਣਿਜਾਂ ਦੀ ਖਾਣ ਹੈ ਜੋ ਸਰੀਰ ਲਈ ਲਾਭਕਾਰੀ ਹੁੰਦੇ ਹਨ। ਗਰਮੀਆਂ ਵਿਚ ਹਦਵਾਣੇ ਦਾ ਜੂਸ ਵਰਦਾਨ ਮੰਨਿਆ ਜਾਂਦਾ ਹੈ। ਇਹ ਸਵਾਦ ਵਿਚ ਵੀ ਚੰਗਾ ਅਤੇ ਸਿਹਤ ਲਈ ਵੀ ਚੰਗਾ ਹੈ। ਹਦਵਾਣੇ ਦਾ ਤਾਜ਼ਾ ਜੂਸ ਬਰਫ਼ ਮਿਲਾ ਕੇ ਪੀਣ ਨਾਲ ਬਹੁਤ ਅਨੰਦ ਆਉਂਦਾ ਹੈ।
ਠੰਢਾਈ : ਠੰਢਾਈ ਵਿਚ ਕਈ ਚੀਜ਼ਾਂ ਦਾ ਮਿਸ਼ਰਨ ਹੁੰਦਾ ਹੈ ਜਿਵੇਂ ਬਦਾਮ, ਦੁੱਧ, ਗੁਲਾਬ ਦੀਆਂ ਪੱਤੀਆਂ, ਛੋਟੀਆਂ ਇਲਾਇਚੀਆਂ ਆਦਿ। ਠੰਢਾਈ ਤਾਸੀਰ ਵਿਚ ਵੀ ਠੰਢੀ ਹੁੰਦੀ ਹੈ ਅਤੇ ਸਵਾਦ ਵਿਚ ਵੀ ਚੰਗੀ।
ਕੋਲਡ ਕੌਫ਼ੀ : ਉਂਝ ਤਾਂ ਕੌਫ਼ੀ ਪੀਣਾ ਸਿਹਤ ਲਈ ਨੁਕਸਾਨਕਾਰੀ ਮੰਨਿਆ ਜਾਂਦਾ ਹੈ ਪਰ ਗਰਮੀਆਂ ਵਿਚ ਕਦੀ-ਕਦੀ ਕੋਲਡ ਕੌਫ਼ੀ ਗਰਮੀ ਦੂਰ ਭਜਾਉਣ ਲਈ ਪੀਤੀ ਜਾ ਸਕਦੀ ਹੈ। ਹੁਣ ਸਰੀਰ ਵਿਚ ਇਕਦਮ ਕਮਜ਼ੋਰੀ ਮਹਿਸੂਸ ਹੋਵੇ ਤਾਂ ਇਕ ਕੱਪ ਜਾਂ ਗਿਲਾਸ ਕੋਲਡ ਕੌਫ਼ੀ ਤੁਹਾਨੂੰ ਐਨਰਜੀ ਪ੍ਰਦਾਨ ਕਰਦੀ ਹੈ।
ਖ਼ਸਖ਼ਸ ਸ਼ਰਬਤ : ਖ਼ਸਖ਼ਸ ਸ਼ਰਬਤ ਤਾਂ ਪ੍ਰਾਚੀਨ ਕਾਲ ਤੋਂ ਹੀ ਗਰਮੀ ਦੂਰ ਭਜਾਉਣ ਲਈ ਚੰਗਾ ਮੰਨਿਆ ਜਾਂਦਾ ਹੈ। ਖ਼ਸਖ਼ਸ ਸ਼ਰਬਤ ਲੂ ਤੋਂ ਬਚਾਉਂਦਾ ਹੈ। ਉੱਤਰ ਪ੍ਰਦੇਸ਼ ਵਿਚ ਖ਼ਸਖ਼ਸ ਸ਼ਰਬਤ ਪੀਣ ਵਾਲੇ ਪਦਾਰਥਾਂ ਦੇ ਰੂਪ ਵਿਚ ਜ਼ਿਆਦਾ ਕੀਤੀ ਜਾਂਦੀ ਹੈ।
ਜੌਂ ਦਾ ਸੱਤੂ : ਜੌਂ ਤਾਂ ਉਂਝ ਹੀ ਠੰਢਕ ਦੇਣ ਵਾਲੇ ਹੁੰਦੇ ਹਨ। ਜੌਂ ਨੂੰ ਆਟੇ ਦੀ ਤਰ੍ਹਾਂ ਪੀਹ ਕੇ ਉਸ ਵਿਚ ਚੀਨੀ, ਪਾਣੀ ਅਤੇ ਬਰਫ਼ ਮਿਲਾ ਕੇ ਪੀਣ ਨਾਲ ਪੀਣ ਨੂੰ ਚੰਗਾ ਲਗਦਾ ਹੈ। ਸੱਤੂ ਨੂੰ ਗ਼ਰੀਬਾਂ ਦਾ ਡ੍ਰਿੰਕ ਮੰਨਿਆ ਜਾਂਦਾ ਹੈ। ਇਸ ਨਾਲ ਪੇਟ ਵੀ ਭਰਦਾ ਹੈ ਅਤੇ ਅਗਨੀ ਵੀ ਸ਼ਾਂਤ ਹੁੰਦੀ ਹੈ।
ਇਨ੍ਹਾਂ ਪੀਣ ਵਾਲੇ ਪਦਾਰਥਾਂ ਤੋਂ ਇਲਾਵਾ ਤੁਸੀਂ ਫਲਾਂ ਦਾ ਸ਼ੇਕ ਆਦਿ ਵੀ ਪੀ ਸਕਦੇ ਹੋ ਜਿਵੇਂ ਮੈਂਗੋ ਸ਼ੇਕ, ਬਨਾਨਾ ਸ਼ੇਕ ਆਦਿ। ਇਹ ਸਭ ਪੀਣ ਵਾਲੇ ਪਦਾਰਥ ਗਰਮੀ ਤਾਂ ਦੂਰ ਕਰਦੇ ਹੀ ਹਨ, ਨਾਲ ਸਿਹਤ ਨੂੰ ਵੀ ਨੁਕਸਾਨ ਨਹੀਂ ਪਹੁੰਚਾਉਂਦੇ।
ਗਰਮੀਆਂ ਵਿਚ ਪੀਓ ਕੁਝ ਠੰਢਾ-ਠੰਢਾ
ਅਜੀਤ ਡੈਸਕ
08-05-2026