19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਹੋਮਿਓਪੈਥੀ ਇਲਾਜ-ਜ਼ੰਕ ਫੂਡ, ਬਾਜ਼ਾਰੂ ਅਤੇ ਡੱਬਾਬੰਦ ਭੋਜਨ ਦੀ ਵਰਤੋਂ ਨਾਲ ਵਧ ਰਿਹਾ ਹੈ ਕਿਡਨੀ ਰੋਗ ਦਾ ਖ਼ਤਰਾ

ਅਜੀਤ ਡੈਸਕ 08-05-2026

ਆਧੁਨਿਕਤਾ ਅਤੇ ਸ਼ਹਿਰੀ ਜੀਵਨਸ਼ੈਲੀ ਦੀ ਤੇਜ਼ ਰਫ਼ਤਾਰ ਦੇ ਨਾਲ ਸਾਡੇ ਖਾਣ-ਪੀਣ ਦੀਆਂ ਆਦਤਾਂ ਵਿਚ ਵੀ ਬਦਲਾਅ ਆਇਆ ਹੈ। ਅੱਜਕੱਲ੍ਹ ਜ਼ੰਕ ਫੂਡ, ਬਾਜ਼ਾਰੂ ਭੋਜਨ ਅਤੇ ਡੱਬਾ ਬੰਦ ਭੋਜਨ ਦਾ ਰਿਵਾਜ ਤੇਜ਼ੀ ਨਾਲ ਵਧ ਰਿਹਾ ਹੈ, ਜੋ ਡਾਕਟਰਾਂ ਲਈ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਚਾਟ, ਗੋਲਗੱਪੇ, ਸਮੋਸਾ, ਬਰਗਰ, ਪੀਜ਼ਾ, ਚਾਓਮਿਨ, ਚਿਪਸ, ਇੰਸਟੈਂਟ ਨੂਡਲਜ਼, ਬਿਸਕੁਟ ਅਤੇ ਕੋਲਡ ਡ੍ਰਿੰਕਸ ਵਰਗੇ ਖਾਣ ਵਾਲੇ ਪਦਾਰਥ ਸਵਾਦ, ਸਹੂਲਤ ਅਤੇ ਸੌਖਿਆਂ ਹੀ ਉਪਲਬਧ ਹੋਣ ਕਾਰਨ ਲੋਕਾਂ ਵਿਚ ਬੇਹੱਦ ਹਰਮਨਪਿਆਰੇ ਹੋ ਚੁੱਕੇ ਹਨ, ਪਰ ਮਾਹਿਰਾਂ ਅਨੁਸਾਰ ਇਨ੍ਹਾਂ ਖਾਣ ਵਾਲੇ ਪਦਾਰਥਾਂ ਦੀ ਲਗਾਤਾਰ ਵਰਤੋਂ ਸਰੀਰ ਲਈ ਕਈ ਗੰਭੀਰ ਸਿਹਤ ਸੰਬੰਧੀ ਸਮੱਸਿਆਵਾਂ ਪੈਦਾ ਕਰ ਸਕਦੀ ਹੈ, ਵਿਸ਼ੇਸ਼ ਤੌਰ 'ਤੇ ਕਿਡਨੀ ਲਈ।
ਕਿਡਨੀ : ਸਿਹਤ ਦੀ ਮੌਨ ਸੰਭਾਲ ਕਰਨ ਵਾਲੀ
ਕਿਡਨੀ ਸਾਡੇ ਸਰੀਰ ਦਾ ਅਤਿ ਮਹੱਤਵਪੂਰਨ ਅੰਗ ਹੈ, ਜੋ ਸਰੀਰ ਦੇ ਅੰਦਰੂਨੀ ਸੰਤੁਲਨ ਨੂੰ ਬਣਾਈ ਰੱਖਣ ਵਿਚ ਅਹਿਮ ਭੂਮਿਕਾ ਨਿਭਾਉਂਦੀ ਹੈ। ਇਹ ਅੰਗ ਲਗਾਤਾਰ ਖੂਨ ਨੂੰ ਫਿਲਟਰ ਕਰਕੇ ਸਰੀਰ 'ਚੋਂ ਜ਼ਹਿਰੀਲੇ ਪਦਾਰਥਾਂ ਅਤੇ ਬੁਰੇ ਤੱਤਾਂ ਨੂੰ ਬਾਹਰ ਕੱਢਦੀ ਹੈ। ਖੂਨ ਨੂੰ ਸ਼ੁੱਧ ਕਰਨ ਦੇ ਨਾਲ-ਨਾਲ ਕਿਡਨੀ ਸਰੀਰ ਵਿਚ ਤਰਲ ਪਦਾਰਥਾਂ ਦਾ ਸੰਤੁਲਨ ਬਣਾਈ ਰੱਖਣ, ਇਲੈਕਟ੍ਰੋਲਾਈਟ ਪੱਧਰ ਨੂੰ ਕੰਟਰੋਲ ਕਰਨ ਅਤੇ ਬਲੱਡ ਪ੍ਰੈੱਸ਼ਰ ਨੂੰ ਸੰਤੁਲਿਤ ਰੱਖਣ ਵਿਚ ਵੀ ਮਦਦ ਕਰਦੀ ਹੈ। ਕਿਡਨੀ ਦੀ ਕਾਰਜ ਪ੍ਰਣਾਲੀ ਵਿਚ ਕਿਸੇ ਵੀ ਤਰ੍ਹਾਂ ਦੀ ਗੜਬੜੀ ਪੂਰੇ ਸਰੀਰ ਦੀ ਸਿਹਤ ਨੂੰ ਪ੍ਰਭਾਵਿਤ ਕਰ ਸਕਦੀ ਹੈ।
ਜ਼ੰਕ, ਸਟ੍ਰੀਟ ਅਤੇ ਡੱਬਾ ਬੰਦ ਭੋਜਨ ਕਿਸ ਤਰ੍ਹਾਂ ਪਹੁੰਚਾਉਂਦੇ ਹਨ ਕਿਡਨੀ ਨੂੰ ਨੁਕਸਾਨ?
ਬਹੁਤੇ ਪ੍ਰੋਸੈੱਸਡ ਅਤੇ ਬਾਜ਼ਾਰੂ ਭੋਜਨ ਜ਼ਿਆਦਾ ਮਾਤਰਾ ਵਿਚ ਨਮਕ, ਰਿਫਾਇੰਡ ਤੇਲ, ਬਨਾਉਟੀ ਰੰਗ, ਸਿਹਤ ਲਈ ਨਾ ਫ਼ਾਇਦੇਮੰਦ ਫੈਟਸ ਪਾਏ ਜਾਂਦੇ ਹਨ। ਲੰਮੇ ਸਮੇਂ ਤੱਕ ਇਨ੍ਹਾਂ ਦੀ ਵਰਤੋਂ ਕਿਡਨੀ ਦੀ ਕਾਰਜਕੁਸ਼ਲਤਾ ਨੂੰ ਪ੍ਰਭਾਵਿਤ ਕਰ ਸਕਦੀ ਹੈ। ਨਮਕੀਨ ਸਨੈਕਸ ਵਿਚ ਮੌਜੂਦ ਜ਼ਿਆਦਾ ਸੋਡੀਅਮ ਬਲੱਡ ਪ੍ਰੈੱਸ਼ਰ ਨੂੰ ਵਧਾ ਦਿੰਦਾ ਹੈ, ਜਿਸ ਨਾਲ ਕਿਡਨੀ ਦੀਆਂ ਸੂਖਮ ਖੂਨ ਨਾਲੀਆਂ 'ਤੇ ਵਾਧੂ ਦਬਾਅ ਪੈਂਦਾ ਹੈ। ਇਸੇ ਤਰ੍ਹਾਂ ਜ਼ਿਆਦਾ ਕੈਲਰੀ ਵਾਲੇ ਜ਼ੰਕ ਫੂਡ ਮੋਟਾਪਾ ਅਤੇ ਸ਼ੂਗਰ ਨੂੰ ਵਧਾਉਂਦੇ ਹਨ, ਜੋ ਕ੍ਰਾਨਿਕ ਕਿਡਨੀ ਡਿਸੀਜ਼ ਦੇ ਮੁੱਖ ਜੋਖ਼ਮ ਦਾ ਕਾਰਨ ਬਣਦੇ ਹਨ।
ਭਰਪੂਰ ਮਾਤਰਾ ਵਿਚ ਪਾਣੀ ਨਾ ਪੀਣਾ ਅਤੇ ਜ਼ਿਆਦਾ ਨਮਕ ਦੀ ਵਰਤੋਂ ਗੁਰਦੇ ਦੀ ਪੱਥਰੀ ਦੀ ਸੰਭਾਵਨਾ ਵੀ ਵਧਾ ਸਕਦੀ ਹੈ। ਇਸ ਤੋਂ ਇਲਾਵਾ ਡੱਬਾ ਬੰਦ ਭੋਜਨ ਵਿਚ ਮੌਜੂਦ ਪ੍ਰਿਜ਼ਰਵੇਟਿਵ ਅਤੇ ਰਸਾਇਣਕ ਤੱਤ ਸਰੀਰ ਵਿਚ ਜ਼ਹਿਰੀਲੇ ਪਦਾਰਥਾਂ ਦਾ ਬੋਝ ਵਧਾ ਦਿੰਦੇ ਹਨ ਜਿਸ ਨਾਲ ਕਿਡਨੀ ਨੂੰ ਉਨ੍ਹਾਂ ਨੂੰ ਬਾਹਰ ਕੱਢਣ ਲਈ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ, ਨਾਲ ਹੀ ਗੰਦਗੀ ਦੀ ਹਾਲਤ ਵਿਚ ਤਿਆਰ ਕੀਤੇ ਗਏ ਬਾਜ਼ਾਰੂ ਭੋਜਨ ਨਾਲ ਸੰਕ੍ਰਮਣ ਹੋਣ ਦੀ ਸੰਭਾਵਨਾ ਵੀ ਰਹਿੰਦੀ ਹੈ, ਜੋ ਮੂਤਰ ਮਾਰਗ ਅਤੇ ਕਿਡਨੀ ਨੂੰ ਪ੍ਰਭਾਵਿਤ ਕਰ ਸਕਦੇ ਹਨ।
ਕਿਡਨੀ ਰੋਗ ਦੇ ਸ਼ੁਰੂਆਤੀ ਚਿਤਾਵਨੀ ਸੰਕੇਤ
ਕਿਡਨੀ ਦੇ ਰੋਗ ਅਕਸਰ ਹੌਲੀ-ਹੌਲੀ ਅਤੇ ਬਿਨਾਂ ਸਪੱਸ਼ਟ ਲੱਛਣਾਂ ਦੇ ਵਿਕਸਿਤ ਹੁੰਦੇ ਹਨ, ਪਰ ਸਰੀਰ ਕੁਝ ਸ਼ੁਰੂਆਤੀ ਸੰਕੇਤ ਦਿੰਦਾ ਹੈ। ਜਿਵੇਂ ਚਿਹਰੇ ਜਾਂ ਪੈਰਾਂ ਵਿਚ ਸੋਜ, ਪਿਸ਼ਾਬ ਕਰਦੇ ਸਮੇਂ ਜਲਣ, ਝੱਗਦਾਰ ਪਿਸ਼ਾਬ, ਜ਼ਿਆਦਾ ਥਕਾਵਟ, ਭੁੱਖ ਘੱਟ ਲੱਗਣਾ, ਵਾਰ-ਵਾਰ ਜਾਂ ਬਹੁਤ ਘੱਟ ਪਿਸ਼ਾਬ ਆਉਣਾ, ਲੱਕ ਦੇ ਹੇਠਲੇ ਹਿੱਸੇ ਵਿਚ ਲਗਾਤਾਰ ਦਰਦ। ਇਨ੍ਹਾਂ ਲੱਛਣਾਂ ਨੂੰ ਕਦੀ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਸਮੇਂ ਸਿਰ ਡਾਕਟਰ ਦੀ ਸਲਾਹ ਅਤੇ ਜ਼ਰੂਰੀ ਜਾਂਚ ਕਰਾਉਣ ਨਾਲ ਕਿਡਨੀ ਰੋਗ ਦਾ ਸ਼ੁਰੂਆਤੀ ਹਾਲਤ ਵਿਚ ਹੀ ਪਤਾ ਲਗਾਇਆ ਜਾ ਸਕਦਾ ਹੈ।
ਹੋਮਿਓਪੈਥੀ ਦ੍ਰਿਸ਼ਟੀਕੋਣ
ਹੋਮਿਓਪੈਥੀ ਵਿਚ ਇਲਾਜ ਸਿਰਫ਼ ਰੋਗ ਦੇ ਆਧਾਰ 'ਤੇ ਨਹੀਂ ਸਗੋਂ ਪੂਰੇ ਵਿਅਕਤੀ ਦੇ ਸੁਭਾਅ, ਲੱਛਣਾਂ ਅਤੇ ਮੂਲ ਕਾਰਨਾਂ ਨੂੰ ਧਿਆਨ ਵਿਚ ਰੱਖ ਕੇ ਕੀਤਾ ਜਾਂਦਾ ਹੈ। ਸਹੀ ਦਵਾਈ ਦੀ ਚੋਣ ਰੋਗੀ ਦੀ ਸਰੀਰਕ ਅਤੇ ਮਾਨਸਿਕ ਬਣਤਰ ਅਨੁਸਾਰ ਕੀਤੀ ਜਾਂਦੀ ਹੈ। ਹੋਮਿਓਪੈਥੀ ਦੀ ਇਲਾਜ ਪ੍ਰਣਾਲੀ ਸਰੀਰ ਦੀ ਕੁਦਰਤੀ ਰੋਗ ਪ੍ਰਤੀਰੋਧੀ ਸ਼ਕਤੀ ਨੂੰ ਮਜ਼ਬੂਤ ਕਰਨ ਅਤੇ ਸਰੀਰ ਦੀ ਸੁਭਾਵਿਕ ਇਲਾਜ ਪ੍ਰਕਿਰਿਆ ਨੂੰ ਸਰਗਰਮ ਕਰਨ ਵਿਚ ਸਹਾਇਕ ਹੁੰਦੀ ਹੈ। ਹਾਲਾਂਕਿ ਕਿਸੇ ਵੀ ਤਰ੍ਹਾਂ ਦੀ ਦਵਾਈ ਦੀ ਵਰਤੋਂ ਸਿਰਫ਼ ਸਹੀ ਡਾਕਟਰ ਦੀ ਸਲਾਹ ਨਾਲ ਹੀ ਕਰਨੀ ਚਾਹੀਦੀ ਹੈ।
ਕਿਡਨੀ ਨੂੰ ਸਿਹਤਮੰਦ ਰੱਖਣ ਦੇ ਸੌਖੇ ਉਪਾਅ
ਕਿਡਨੀ ਦੀ ਸਿਹਤ ਦੀ ਰੱਖਿਆ ਲਈ ਕੁਝ ਸੌਖੀ ਜੀਵਨਸ਼ੈਲੀ ਦੇ ਉਪਾਅ ਅਪਣਾਏ ਜਾ ਸਕਦੇ ਹਨ। ਜਿਵੇਂ-ਦਿਨ ਭਰ ਭਰਪੂਰ ਮਾਤਰਾ ਵਿਚ ਪਾਣੀ ਪੀਓ, ਜ਼ੰਕ ਫੂਡ, ਬਾਜ਼ਾਰੂ ਭੋਜਨ ਅਤੇ ਡੱਬਾ ਬੰਦ ਸਨੈਕਸ ਦੀ ਵਰਤੋਂ ਸੀਮਤ ਕਰੋ, ਭੋਜਨ ਵਿਚ ਤਾਜ਼ੇ ਫਲ, ਸਲਾਦ ਅਤੇ ਹਰੀਆਂ ਸਬਜ਼ੀਆਂ ਸ਼ਾਮਿਲ ਕਰੋ, ਜ਼ਿਆਦਾ ਨਮਕ, ਚੀਨੀ ਅਤੇ ਤਲੇ-ਭੁੱਜੇ ਭੋਜਨ ਖਾਣ ਤੋਂ ਬਚੋ। ਲਗਾਤਾਰ ਕਸਰਤ ਜਾਂ ਯੋਗ ਕਰੋ। ਸ਼ੂਗਰ ਵਾਲੇ ਅਤੇ ਕਾਰਬੋਹਾਈਡ੍ਰੇਟ ਪੀਣ ਵਾਲੇ ਪਦਾਰਥਾਂ ਦੀ ਵਰਤੋਂ ਘੱਟ ਕਰੋ, ਸਮੇਂ-ਸਮੇਂ 'ਤੇ ਸਿਹਤ ਸੰਬੰਧੀ ਜਾਂਚ ਜ਼ਰੂਰ ਕਰਾਓ।
ਬਿਹਤਰ ਸਿਹਤ ਲਈ ਸੰਦੇਸ਼
ਕਿਡਨੀ ਸਾਡੇ ਸਰੀਰ ਦਾ ਇਸ ਤਰ੍ਹਾਂ ਦਾ ਅੰਗ ਹੈ ਜੋ ਦਿਨ-ਰਾਤ ਬਿਨਾਂ ਰੁਕੇ ਖੂਨ ਨੂੰ ਸ਼ੁੱਧ ਕਰਨ ਦਾ ਕੰਮ ਕਰਦਾ ਹੈ। ਇਨ੍ਹਾਂ ਦੀ ਸੁਰੱਖਿਆ ਲਈ ਸਿਹਤਮੰਦ ਖਾਣ-ਪੀਣ ਅਤੇ ਸੰਤੁਲਿਤ ਜੀਵਨਸ਼ੈਲੀ ਅਪਣਾਉਣਾ ਅਤਿ ਜ਼ਰੂਰੀ ਹੈ।
ਜਾਗਰੂਕਤਾ, ਸਮੇਂ 'ਤੇ ਜਾਂਚ ਅਤੇ ਸਿਹਤ ਸੰਬੰਧੀ ਆਦਤਾਂ ਅਪਣਾਅ ਕੇ ਰੋਗਾਂ ਦੇ ਵਧਦੇ ਖ਼ਤਰੇ ਨੂੰ ਕਾਫ਼ੀ ਹੱਦ ਤੱਕ ਘੱਟ ਕੀਤਾ ਜਾ ਸਕਦਾ ਹੈ। ਪੌਸ਼ਟਿਕ ਭੋਜਨ ਨੂੰ ਅਪਣਾਉਣਾ ਅਤੇ ਜ਼ੰਕ ਤੇ ਪ੍ਰੋਸੈੱਸਡ ਫੂਡ ਤੋਂ ਦੂਰੀ ਬਣਾਉਣਾ ਲੰਮੇ ਸਮੇਂ ਲਈ ਕਿਡਨੀ ਸਿਹਤ ਲਈ ਅਤਿ ਮਹੱਤਵਪੂਰਨ ਕਦਮ ਹੈ।

-੦-

ਪਿਛਲੀ ਖ਼ਬਰ ਗਰਮੀਆਂ ਵਿਚ ਪੀਓ ਕੁਝ ਠੰਢਾ-ਠੰਢਾ ਅਗਲੀ ਖ਼ਬਰ ਪੈਰਾਨਾਈਆ : ਇਕ ਮਾਨਸਿਕ ਰੋਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।