ਬੱਚਿਆਂ ਦੇ ਸਰੀਰਕ ਵਿਕਾਸ ਲਈ ਉਨ੍ਹਾਂ ਦੀ ਮਾਲਿਸ਼ ਕਰਨਾ ਜ਼ਰੂਰੀ ਹੁੰਦਾ ਹੈ | ਮਾਲਿਸ਼ ਕਰਨ ਨਾਲ ਸਰੀਰਕ ਵਿਕਾਸ ਹੁੰਦਾ ਹੈ, ਚਮੜੀ ਨਰਮ ਬਣਦੀ ਹੈ ਅਤੇ ਬੱਚਿਆਂ ਨੂੰ ਮਾਂ ਦਾ ਸਪਰਸ਼ ਸੁਖਦ ਲਗਦਾ ਹੈ | ਬੱਚਿਆਂ ਦੀ ਮਾਲਿਸ਼ ਉਨ੍ਹਾਂ ਦੇ ਜਨਮ ਦੇ ਇਕ ਮਹੀਨੇ ਬਾਅਦ ਸ਼ੁਰੂ ਕੀਤੀ ਜਾ ਸਕਦੀ ਹੈ | ਕਿਸੇ ਪ੍ਰੋਫੈਸ਼ਨਲ ਦੀ ਬਜਾਏ ਜੇਕਰ ਮਾਂ ਖ਼ੁਦ ਬੱਚੇ ਦੀ ਮਾਲਿਸ਼ ਕਰੇ, ਤਾਂ ਮਾਂ ਅਤੇ ਬੱਚੇ ਵਿਚਾਲੇ ਪ੍ਰੇਮ ਵਧਦਾ ਹੈ | ਪ੍ਰੀਮੈਚਿਊਰ ਬੱਚੇ ਦੀ ਮਾਲਿਸ਼ ਡਾਕਟਰ ਦੀ ਸਲਾਹ ਨਾਲ ਕਰੋ |
ਬੱਚਿਆਂ ਦੀ ਮਾਲਿਸ਼ ਕਰਦੇ ਸਮੇਂ ਵਰਤੋ ਸਾਵਧਾਨੀਆਂ : ਬੱਚੇ ਦੀ ਮਾਲਿਸ਼ ਕਰਨ ਤੋਂ ਪਹਿਲਾਂ ਇਸ਼ਨਾਨ ਕਰਾਓ ਅਤੇ ਬਾਅਦ ਵਿਚ ਉਸ ਨੂੰ ਦੁੱਧ ਪਿਲਾਓ | ਬੱਚਾ ਪੇਟ ਭਰਿਆ ਹੋਣ 'ਤੇ ਚੰਗੀ ਨੀਂਦ ਲਏਗਾ | ਜੇਕਰ ਬੱਚਾ ਥੋੜ੍ਹਾ ਵੱਡਾ ਹੈ ਤਾਂ ਉਸ ਨੂੰ ਖਾਣ ਨੂੰ ਦਿਓ ਜਿਵੇਂ ਮੈਸ਼ਡ ਕੇਲਾ, ਦੁੱਧ ਸੂਜੀ ਦੀ ਪਤਲੀ ਖੀਰ, ਖਿਚੜੀ, ਦਾਲ ਦਾ ਪਾਣੀ ਆਦਿ |
ਜ਼ਿਆਦਾ ਸਰਦੀ ਹੋਣ 'ਤੇ ਬੱਚੇ ਦੀ ਮਾਲਿਸ਼ ਨਾ ਕਰੋ | ਗਰਮੀ ਵਿਚ ਸਾਧਾਰਨ ਤਾਪਮਾਨ ਵਾਲੇ ਤੇਲ ਨਾਲ ਮਾਲਿਸ਼ ਕਰੋ ਅਤੇ ਮੌਸਮ ਬਦਲਣ 'ਤੇ ਹਲਕੇ ਜਿਹੇ ਕੋਸੇ ਤੇਲ ਨਾਲ ਮਾਲਿਸ਼ ਕਰੋ | ਮਾਲਿਸ਼ ਕਰਨ ਲਈ ਬੇਬੀ ਆਇਲ, ਬਦਾਮ ਰੋਗਣ, ਆਲਿਵ (ਜੈਤੂਨ ਤੇਲ), ਨਾਰੀਅਲ ਜਾਂ ਸਰ੍ਹੋਂ ਦਾ ਤੇਲ ਲਓ | ਤੇਜ਼ ਗੰਧ ਵਾਲੇ ਤੇਲ ਨਾਲ ਬੱਚੇ ਦੀ ਮਾਲਿਸ਼ ਨਾ ਕਰੋ, ਇਸ ਨਾਲ ਐਲਰਜੀ ਹੋ ਸਕਦੀ ਹੈ |
ਛੋਟੇ ਬੱਚਿਆਂ ਦੀ ਚਮੜੀ ਨਾਜ਼ੁਕ ਹੁੰਦੀ ਹੈ, ਬਹੁਤ ਹੀ ਕੋਮਲ ਹੱਥਾਂ ਨਾਲ ਉਨ੍ਹਾਂ ਦੀ ਮਾਲਿਸ਼ ਕਰੋ | ਆਪਣੀਆਂ ਉਂਗਲੀਆਂ ਅਤੇ ਹਥੇਲੀ ਦੀ ਸਹਾਇਤਾ ਨਾਲ ਹਲਕਾ ਦਬਾਅ ਪਾਉਂਦੇ ਹੋਏ ਮਾਲਿਸ਼ ਕਰੋ |
ਮਾਲਿਸ਼ ਕਰਨ ਤੋਂ ਪਹਿਲਾਂ ਆਪਣੇ ਹੱਥ ਸਾਬਣ ਨਾਲ ਧੋ ਲਓ ਅਤੇ ਧਿਆਨ ਦਿਓ ਨਹੁੰ ਵਧੇ ਹੋਏ ਨਾ ਹੋਣ |
ਬੱਚੇ ਨੂੰ ਜ਼ਬਰਦਸਤੀ ਇਕ ਹੀ ਪਾਸੇ ਲੰਮੇ ਪਏ ਮਾਲਿਸ਼ ਨਾ ਕਰੋ | ਥੋੜ੍ਹੀ ਦੇਰ ਬਾਅਦ ਪਾਸਾ ਬਦਲਦੇ ਰਹੋ | ਸ਼ੁਰੂਆਤ ਦੀ ਮਾਲਿਸ਼ ਵਿਚ ਬੱਚੇ ਦੇ ਮੱਥੇ, ਕਨਪਟੀ, ਖੋਪੜੀ, ਭਰਵੱਟਿਆਂ, ਨੱਕ, ਗਲ੍ਹਾਂ, ਮੂੰਹ ਦੇ ਆਲੇ-ਦੁਆਲੇ, ਕੰਨ 'ਤੇ ਉਂਗਲੀਆਂ ਨਾਲ ਛੂੰਹਦੇ ਹੋਏ ਗੋਲਾਈ ਵਿਚ ਘੁਮਾਓ |
- ਫਿਰ ਗਰਦਨ ਦੇ ਅਗਲੇ ਹਿੱਸੇ 'ਤੇ ਕਾਫ਼ੀ ਪੋਲੇ ਹੱਥਾਂ ਨਾਲ ਸਟ੍ਰੋਕ ਦਿਓ, ਫਿਰ ਪਿਛਲੇ ਹਿੱਸੇ 'ਤੇ | ਮੋਢਿਆਂ 'ਤੇ ਹਲਕਾ ਦਬਾਓ ਫਿਰ ਛਾਤੀ 'ਤੇ ਹੱਥਾਂ ਨੂੰ ਲਿਆਓ |
- ਬਾਹਾਂ 'ਤੇ ਮਾਲਿਸ਼ ਬਗਲਾਂ ਤੋਂ ਸ਼ੁਰੂ ਕਰਕੇ ਬਾਹਾਂ ਅਤੇ ਕਲਾਈ 'ਤੇ ਆਓ | ਬਹੁਤ ਪੋਲੇ ਹੱਥਾਂ ਨਾਲ ਮਾਲਿਸ਼ ਕਰੋ |
- ਪੇਟ ਤੇ ਜਨਨਇੰਦਰੀਆਂ 'ਤੇ ਉਂਗਲੀਆਂ ਨੂੰ ਘੜੀ ਦੀਆਂ ਸੂਈਆਂ ਦੀ ਤਰ੍ਹਾਂ ਗੋਲਾਈ ਨਾਲ ਘੁਮਾਉਂਦੇ ਹੋਏ ਮਾਲਿਸ਼ ਕਰੋ |
-ਪਹਿਲਾਂ ਲੱਤਾਂ 'ਤੇ ਫਿਰ ਪੱਟਾਂ 'ਤੇ ਹਲਕਾ ਜਿਹਾ ਹੱਥਾਂ ਨਾਲ ਦਬਾਅ ਪਾਉਂਦੇ ਹੋਏ ਮਾਲਿਸ਼ ਕਰੋ | ਪੈਰਾਂ 'ਤੇ ਵੀ ਆਰਾਮ ਨਾਲ ਹਲਕੇ ਹੱਥਾਂ ਨਾਲ ਮਾਲਿਸ਼ ਕਰੋ | ਉਂਗਲੀਆਂ 'ਤੇ ਹਲਕੇ ਹੱਥਾਂ ਨਾਲ ਕਰੋ ਅੱਡੀਆਂ 'ਤੇ ਵੀ ਹੱਥਾਂ ਨੂੰ ਗੁਲਾਈ ਨਾਲ ਘੁਮਾਓ |
-ਪੇਟ ਦੇ ਭਾਰ ਲਿਟਾ ਕੇ ਪਿੱਠ 'ਤੇ ਮਾਲਿਸ਼ ਕਰੋ | ਬੱਚੇ ਦੀ ਰੀੜ੍ਹ ਦੀ ਹੱਡੀ 'ਤੇ ਭੁੱਲ ਕੇ ਵੀ ਮਾਲਿਸ਼ ਨਾ ਕਰੋ |
-ਸ਼ੁਰੂ ਵਿਚ ਬੱਚਾ ਮਾਲਿਸ਼ ਕਰਵਾਉਣ ਵਿਚ ਅਸਹਿਜ ਮਹਿੂਸਸ ਕਰਦਾ ਹੈ, ਤਾਂ ਰੁਕ ਰੁਕ ਕੇ ਕਰੋ ਤਾਂ ਕਿ ਬੱਚਾ ਸਹਿਜ ਮਹਿਸੂਸ ਕਰੇ |
-ਲਗਾਤਾਰ ਮਸਾਜ ਨਾਲ ਬੱਚੇ ਦੀ ਚਮੜੀ ਦਾ ਰੁੱਖਾਪਣ ਦੂਰ ਹੁੰਦਾ ਹੈ, ਚਮੜੀ ਕੋਮਲ ਅਤੇ ਚਮਕਦਾਰ ਬਣਦੀ ਹੈ |
-ਖੂਨ ਦਾ ਦੌਰਾ ਵਧਦਾ ਹੈ |
-ਬੱਚਿਆਂ ਦੀਆਂ ਮਾਸਪੇਸ਼ੀਆਂ ਅਤੇ ਜੋੜਾਂ ਵਿਚ ਮਜ਼ਬੂਤੀ ਅਤੇ ਲਚਕ ਆਉਂਦੀ ਹੈ | ਬੱਚੇ ਦਾ ਪੋਸਚਰ ਠੀਕ ਰਹਿੰਦਾ ਹੈ |
-ਬੱਚੇ ਦਾ ਮੂਡ ਚੰਗਾ ਰਹਿੰਦਾ ਹੈ ਅਤੇ ਨੀਂਦ ਚੰਗੀ ਆਉਂਦੀ ਹੈ |
-ਮਾਂ ਅਤੇ ਬੱਚੇ ਵਿਚ ਆਪਣਾਪਨ ਵਧਦਾ ਹੈ | ਮਾਂ ਦੇ ਹੱਥਾਂ ਦਾ ਸੁਖਦ ਅਹਿਸਾਸ ਬੱਚੇ ਨੂੰ ਮਿਲਦਾ ਹੈ, ਜਿਸ ਨਾਲ ਬੱਚਾ ਸੁਰੱਖਿਅਤ ਮਹਿਸੂਸ ਕਰਦਾ ਹੈ |
-ਬੱਚੇ ਦਾ ਹਾਜ਼ਮਾ ਤੰਤਰ ਮਜ਼ਬੂਤ ਬਣਦਾ ਹੈ ਅਤੇ ਸਰੀਰਕ ਵਿਕਾਸ ਚੰਗਾ ਹੁੰਦਾ ਹੈ |
-ਬੱਚੇ ਦਾ ਵਜ਼ਨ ਵਧਦਾ ਹੈ |
-ਬੱਚੇ ਦੀ ਥਕਾਵਟ ਦੂਰ ਹੁੰਦੀ ਹੈ ਅਤੇ ਹੱਥ-ਪੈਰ ਚੰਗੀ ਤਰ੍ਹਾਂ ਚਲਦੇ ਹਨ |