14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਇਸ ਤਰ੍ਹਾਂ ਕਰੀਏ ਵਜ਼ਨ ਕਾਬੂ ਵਿਚ

ਅਜੀਤ ਡੈਸਕ 30-01-2026

ਵਜ਼ਨ ਕੰਟਰੋਲ ਲਈ ਤੁਸੀਂ ਕਿੰਨੀ ਹੀ ਤਰ੍ਹਾਂ ਦੀ ਡਾਈਟ ਅਜ਼ਮਾ ਚੁੱਕੇ ਹੋਵੋ ਪਰ ਵਜ਼ਨ ਜਿਵੇਂ ਦਾ ਤਿਵੇਂ ਹੀ ਹੈ। ਡਾਈਟਿੰਗ ਕਰ-ਕਰ ਕੇ ਥੱਕ-ਹਾਰ ਗਏ ਹੋਵੋ ਜਾਂ ਜਿੰਮ ਵਿਚ ਪਸੀਨਾ ਵਹਾ ਕੇ, ਕਦੀ-ਕਦੀ ਕਿਸੇ ਵੀ ਚੀਜ਼ ਦਾ ਅਸਰ ਨਹੀਂ ਹੁੰਦਾ। ਹੈਲਥ ਕਲੱਬ ਤੱਕ ਵਿਚ ਕਾਮਯਾਬੀ ਨਹੀਂ ਮਿਲਦੀ।
ਮਾਹਿਰਾਂ ਦਾ ਮੰਨਣਾ ਹੈ ਕਿ ਵਜ਼ਨ ਕੰਟਰੋਲ ਕਰਨ ਵਿਚ ਇਨ੍ਹਾਂ ਸਭ ਢੰਗਾਂ ਨੂੰ ਅਪਣਾਉਣ ਤੋਂ ਪਹਿਲਾਂ ਜ਼ਰੂਰੀ ਹੈ ਕੁਝ ਸਿਹਤ ਸੰਬੰਧੀ ਆਦਤਾਂ ਨੂੰ ਅਪਣਾਉਣਾ। ਆਓ, ਜਾਣੀਏ ਕਿਸ ਤਰ੍ਹਾਂ ਤੁਸੀਂ ਵਜ਼ਨ ਨੂੰ ਕੰਟਰੋਲ ਵਿਚ ਰੱਖਣ ਵਿਚ ਸਫ਼ਲ ਹੋ ਸਕਦੇ ਹੋ :
ਕਿਸੇ ਵੀ ਕੰਮ ਵਿਚ ਸਫ਼ਲਤਾ ਦਾ ਰਾਜ਼ ਹੁੰਦਾ ਹੈ ਕਿ ਤੁਸੀਂ ਉਸ ਕੰਮ ਲਈ ਕਿੰਨੇ ਇੱਛੁਕ ਹੋ। ਜੇਕਰ ਤੁਹਾਡੇ ਦਿਲ ਵਿਚ ਇੱਛਾ ਹੈ ਤਾਂ ਉਦੋਂ ਤੁਸੀਂ ਦਿਲ ਤੋਂ ਕੋਸ਼ਿਸ਼ ਕਰੋਗੇ। ਸਿਰਫ਼ ਇਹ ਕਹਿੰਦੇ ਰਹਿਣ ਨਾਲ ਕਿ 'ਮੈਂ ਏਨੀ ਕਸਰਤ ਕਰਦਾ ਹਾਂ, ਪਰ ਕੁਝ ਫ਼ਰਕ ਨਹੀਂ ਪੈਂਦਾ' ਨਾਲ ਕੁਝ ਨਹੀਂ ਹੋਣ ਵਾਲਾ। ਤੁਸੀਂ ਸਭ ਕੁਝ ਕਰ ਸਕਦੇ ਹੋ, ਇਹ ਸੋਚ ਰੱਖੋ। ਤੁਸੀਂ ਇਹ ਨਾ ਸੋਚੋ ਕਿ ਡਾਈਟ ਕੰਟਰੋਲ ਜਾਂ ਕਸਰਤ ਨਾਲ ਤੁਸੀਂ ਇਕ ਮਹੀਨੇ ਵਿਚ ਹੀ 10 ਕਿੱਲੋ ਵਜ਼ਨ ਘੱਟ ਕਰ ਲਓਗੇ। ਹਮੇਸ਼ਾ ਸ਼ੁਰੂ ਵਿਚ ਹੌਲੀ-ਹੌਲੀ ਕਰੋ ਅਤੇ ਆਪਣੀ ਮੰਜ਼ਿਲ ਦੇ ਨੇੜੇ ਪਹੁੰਚੋ। ਜੇਕਰ ਤੁਸੀਂ ਬਹੁਤ ਜ਼ਿਆਦਾ ਡਾਈਟ ਕੰਟਰੋਲ ਜਾਂ ਕਸਰਤ ਕਰੋਗੇ ਤਾਂ ਉਸ ਨੂੰ ਲਗਾਤਾਰ ਨਹੀਂ ਕਰ ਸਕੋਗੇ। ਵਜ਼ਨ ਕੰਟਰੋਲ ਲਈ ਜ਼ਰੂਰੀ ਹੈ ਕਿ ਤੁਸੀਂ ਜੋ ਵੀ ਕਰੋ, ਉਹ ਤੁਹਾਡੀ ਰੋਜ਼ਮਰ੍ਹਾ ਦੀ ਜ਼ਿੰਦਗੀ ਦਾ ਹਿੱਸਾ ਬਣੇ।
ਕਸਰਤ ਤਾਂ ਲਗਾਤਾਰ ਕਰੋ। ਜੇਕਰ ਇਕ ਕਸਰਤ ਤੋਂ ਅੱਕ ਗਏ ਹੋ ਤਾਂ ਨਵੀਂ ਕਰ ਲਓ। ਟੈਨਿਸ, ਸਵੀਮਿੰਗ, ਐਰੋਬਿਕਸ, ਕੁਝ ਵੀ ਕਰੋ ਜੋ ਤੁਹਾਨੂੰ ਪਸੰਦ ਹੋਵੇ। ਜਦੋਂ ਵੀ ਤੁਸੀਂ ਨਵਾਂ ਕਸਰਤ ਪ੍ਰੋਗਰਾਮ ਸ਼ੁਰੂ ਕਰੋ ਤਾਂ ਪਹਿਲਾਂ ਘੱਟ ਸਮੇਂ ਭਾਵ 10-15 ਮਿੰਟ ਤੋਂ ਸ਼ੁਰੂ ਕਰੋ। ਫਿਰ ਹੌਲੀ-ਹੌਲੀ ਸਮਾਂ ਹੱਦ ਵਧਾਓ। ਤੁਸੀਂ ਆਪਣੇ ਵਜ਼ਨ 'ਤੇ ਕੰਟਰੋਲ ਲਈ ਕਸਰਤ ਕਰ ਰਹੇ ਹੋ ਪਰ ਇਸ ਦੇ ਨਾਲ-ਨਾਲ ਜੇਕਰ ਤੁਸੀਂ ਸਰਗਰਮ ਜੀਵਨ ਸ਼ੈਲੀ ਨਹੀਂ ਅਪਣਾਉਂਦੇ ਤਾਂ ਤੁਹਾਡਾ ਵਜ਼ਨ 'ਤੇ ਕੰਟਰੋਲ ਨਹੀਂ ਰਹੇਗਾ। ਇਸ ਲਈ ਟੀ.ਵੀ. ਦੇਖਣ, ਕੰਪਿਊਟਰ 'ਤੇ ਜ਼ਿਆਦਾ ਕੰਮ ਕਰਨ ਦੀ ਬਜਾਏ ਤੁਸੀਂ ਚਲਦੇ ਰਹੋ, ਘੁੰਮੋ, ਕੁਝ ਖੇਡੋ। ਬੈਠੇ ਰਹਿਣਾ ਤੁਹਾਡੇ ਲੱਕ 'ਤੇ ਚਰਬੀ ਦੀਆਂ ਪਰਤਾਂ ਚੜ੍ਹਾਏਗਾ।
ਕ੍ਰੈਸ਼ ਡਾਈਟਿੰਗ ਤੁਹਾਡੀ ਸਿਹਤ ਲਈ ਚੰਗੀ ਨਹੀਂ। ਇਸ ਦੀ ਬਜਾਏ ਆਪਣੀ ਡਾਈਟ ਵਿਚ ਕੁਝ ਬਦਲਾਅ ਕਰੋ ਜਿਵੇਂ ਚਿਪਸ ਤੇ ਨਮਕੀਨ ਦੀ ਥਾਂ ਸਲਾਦ ਅਤੇ ਪੁੰਗਰੇ ਅਨਾਜ ਨੂੰ ਆਪਣੀ ਡਾਈਟ ਵਿਚ ਜੋੜੋ। ਘੱਟ ਚਰਬੀ ਵਾਲੇ ਭੋਜਨ ਬਣਾਓ। ਗ੍ਰਿਲਿੰਗ, ਬੇਕਿੰਗ, ਸਟੀਮਿੰਗ ਕਰਕੇ ਭੋਜਨ ਪਕਾਓ ਨਾ ਕਿ ਤਲ ਕੇ ਜਾਂ ਤੇਲ ਵਿਚ।
ਫਾਈਬਰ ਵਾਲੇ ਤੇ ਹਜ਼ਮ ਹੋਣ ਵਾਲੇ ਪਦਾਰਥਾਂ ਦੀ ਵਰਤੋਂ ਕਰੋ। ਚਾਹ ਕੌਫ਼ੀ ਘੱਟ ਕਰੋ। ਇਸ ਦੀ ਥਾਂ 'ਤੇ ਨਿੰਬੂ ਪਾਣੀ ਪੀਓ। ਸਬਜ਼ੀਆਂ ਤੇ ਫਲਾਂ ਦੀ ਜ਼ਿਆਦਾ ਵਰਤੋਂ ਕਰੋ। ਮਿੱਠੇ ਭੋਜਨ ਪਦਾਰਥਾਂ ਨੂੰ ਵੀ ਘੱਟ ਕਰੋ। ਜੇਕਰ ਪਾਰਟੀ ਵਿਚ ਜਾ ਰਹੇ ਹੋ ਤਾਂ ਪਹਿਲਾਂ ਤੋਂ ਕੁਝ ਖਾ ਕੇ ਜਾਓ, ਜਿਸ ਨਾਲ ਉਥੇ ਪਰੋਸਿਆ ਭੋਜਨ ਖਾਣ ਤੋਂ ਬਚ ਸਕੋ। ਭੋਜਨ ਹਮੇਸ਼ਾ ਹੌਲੀ-ਹੌਲੀ ਚਬਾ ਕੇ ਖਾਓ।
ਦਿਨ ਵਿਚ ਤਿੰਨ ਸਮੇਂ ਭੋਜਨ ਕਰੋ। ਨਾਸ਼ਤਾ ਜ਼ਰੂਰ ਕਰੋ। ਜ਼ਿਆਦਾਤਰ ਲੋਕ ਨਾਸ਼ਤਾ ਨਹੀਂ ਕਰਦੇ, ਜੋ ਕਿ ਗ਼ਲਤ ਆਦਤ ਹੈ। ਨਾਸ਼ਤਾ ਸਾਡੇ ਦਿਨ ਦੀ ਪੋਸ਼ਕ ਤੱਤਾਂ ਦੀਆਂ ਜ਼ਰੂਰਤਾਂ ਦੀ ਪੂਰਤੀ ਕਰਦਾ ਹੈ ਅਤੇ ਰਾਤ ਭਰ ਭੁੱਖੇ ਰਹਿਣ ਤੋਂ ਬਾਅਦ ਸਰੀਰ ਨੂੰ ਐਨਰਜੀ ਦੀ ਪੂਰਤੀ ਵੀ ਕਰਦਾ, ਇਸ ਲਈ ਪ੍ਰੋਟੀਨ, ਕਾਰਬੋਹਾਈਡ੍ਰੇਟ, ਵਿਟਾਮਿਨ ਵਾਲੇ ਭੋਜਨ ਕਰੋ। ਧਿਆਨ ਰਹੇ ਕਿ ਜਦੋਂ ਇਕ ਸਮੇਂ ਭੋਜਨ ਨਹੀਂ ਲੈਂਦੇ ਤਾਂ ਅਗਲੇ ਸਮੇਂ ਜ਼ਿਆਦਾ ਭੋਜਨ ਖਾਂਦੇ ਹੋ, ਜਿਸ ਨਾਲ ਤੁਹਾਡਾ ਵਜ਼ਨ ਘੱਟ ਹੋਣ ਦੀ ਬਜਾਏ ਜ਼ਿਆਦਾ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ। ਵਜ਼ਨ ਜ਼ਿਆਦਾ ਹੋਣ ਕਾਰਨ ਅੱਜ ਦੀ ਜੀਵਨ ਸ਼ੈਲੀ ਵੀ ਹੈ, ਜਿਸ ਵਿਚ ਦੇਰ ਰਾਤ ਨੂੰ ਭੋਜਨ ਕਰਨਾ ਸ਼ਾਮਿਲ ਹੈ। ਭੋਜਨ ਹਜ਼ਮ ਹੋਣ ਵਿਚ ਲਗਭਗ ਚਾਰ ਘੰਟੇ ਲਗਦੇ ਹਨ। ਜਦੋਂ ਭੋਜਨ ਐਨਰਜੀ ਵਿਚ ਬਦਲਦਾ ਹੈ, ਉਦੋਂ ਵਿਅਕਤੀ ਡੂੰਘੀ ਨੀਂਦ ਵਿਚ ਹੁੰਦਾ ਹੈ। ਸਰੀਰ ਕੋਈ ਕੰਮ ਨਹੀਂ ਕਰ ਰਿਹਾ ਹੁੰਦਾ ਅਤੇ ਭੋਜਨ ਫੈਟ ਸੈੱਲਸ ਵਿਚ ਫੈਟ ਦੇ ਰੂਪ ਵਿਚ ਜਮ੍ਹਾਂ ਹੋ ਜਾਂਦਾ ਹੈ। ਇਸ ਲਈ ਰਾਤ ਦਾ ਭੋਜਨ ਛੇਤੀ ਕਰਨਾ ਚਾਹੀਦਾ ਹੈ ਅਤੇ ਹਲਕਾ ਕਰਨਾ ਚਾਹੀਦਾ ਹੈ।
ਜੇਕਰ ਤੁਸੀਂ ਸ਼ਾਮ ਨੂੰ ਸਨੈਕਸ ਲੈ ਰਹੇ ਹੋ ਤਾਂ ਡਿਨਰ ਨਾ ਦੇ ਬਰਾਬਰ ਕਰੋ। ਜੇਕਰ ਭਾਰੀ ਲੰਚ ਕੀਤਾ ਹੈ ਤਾਂ ਵੀ ਇਸ ਤਰ੍ਹਾਂ ਕਰੋ ਤਾਂ ਕਿ ਤੁਹਾਡੀ ਕੈਲੋਰੀ ਦੀ ਮਾਤਰਾ ਜ਼ਿਆਦਾ ਨਾ ਹੋਵੇ। ਜੇਕਰ ਏਨਾ ਸਭ ਕੁਝ ਕਰਨ 'ਤੇ ਵੀ ਵਜ਼ਨ ਘੱਟ ਨਾ ਹੋ ਰਿਹਾ ਹੋਵੇ ਤਾਂ ਡਾਇਰੀ ਬਣਾਓ, ਜਿਸ ਵਿਚ ਹਰ ਦਿਨ ਵਿਚ ਖਾਧੇ ਜਾ ਰਹੇ ਭੋਜਨ ਨੂੰ ਨੋਟ ਕਰੋ। ਇਕ ਹਫ਼ਤੇ ਬਾਅਦ ਜਾਂਚ ਕਰੋ ਕਿ ਤੁਸੀਂ ਕਿੱਥੇ ਗ਼ਲਤੀ ਕੀਤੀ ਹੈ ਅਤੇ ਉਸ ਵਿਚ ਸੁਧਾਰ ਲਿਆਓ।
**

ਪਿਛਲੀ ਖ਼ਬਰ ਦਿਮਾਗ਼ ਦੀਆਂ ਮੌਲਿਕ ਜ਼ਰੂਰਤਾਂ ਅਗਲੀ ਖ਼ਬਰ 30-01-26

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।