ਸ੍ਰੀ ਅਨੰਦਪੁਰ ਸਾਹਿਬ, 16 ਮਈ (ਜੇ. ਐਸ. ਨਿੱਕੂਵਾਲ)-ਸ੍ਰੀ ਅਨੰਦਪੁਰ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਵਲੋਂ ਮੈਂਬਰ ਸ਼੍ਰੋਮਣੀ ਕਮੇਟੀ ਭਾਈ ਅਮਰਜੀਤ ਸਿੰਘ ਚਾਵਲਾ ਦੀ ਅਗਵਾਈ ਹੇਠ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ | ਇਸ ਮੌਕੇ ਭਾਈ ਚਾਵਲਾ ਨੇ ਮੌਜੂਦਾ ਸਰਕਾਰ 'ਤੇ ਚੋਣਾਂ ਦੌਰਾਨ ਧੱਕੇਸ਼ਾਹੀ ਕਰਨ ਅਤੇ ਵਿਰੋਧੀ ਧਿਰ ਦੇ ਵਰਕਰਾਂ ਨੂੰ ਪ੍ਰੇਸ਼ਾਨ ਕਰਨ ਦੇ ਦੋਸ਼ ਲਾਏ | ਉਨ੍ਹਾਂ ਕਿਹਾ ਕਿ ਸਰਕਾਰ ਦੇ ਦਬਾਅ ਹੇਠ ਅਧਿਕਾਰੀਆਂ ਵਲੋਂ ਉਮੀਦਵਾਰਾਂ ਨੂੰ ਐੱਨ.ਓ.ਸੀ. ਜਾਰੀ ਕਰਨ ਵਿਚ ਜਾਣਬੁੱਝ ਕੇ ਦੇਰੀ ਕੀਤੀ ਗਈ | ਉਨ੍ਹਾਂ ਦਾਅਵਾ ਕੀਤਾ ਕਿ ਸ੍ਰੀ ਅਨੰਦਪੁਰ ਸਾਹਿਬ, ਕੀਰਤਪੁਰ ਸਾਹਿਬ ਅਤੇ ਨੰਗਲ ਵਿਚ ਕਈ ਵਰਕਰਾਂ ਨੂੰ ਸਮੇਂ ਸਿਰ ਐੱਨ.ਓ.ਸੀ. ਨਹੀਂ ਮਿਲੀ, ਜਿਸ ਕਾਰਨ ਉਨ੍ਹਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ | ਭਾਈ ਚਾਵਲਾ ਨੇ ਕਿਹਾ ਕਿ ਸਰਕਾਰ ਚੋਣਾਂ ਤੋਂ ਘਬਰਾਈ ਹੋਈ ਹੈ ਤੇ ਇਸੇ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਲਈ ਬਹੁਤ ਘੱਟ ਸਮਾਂ ਦਿੱਤਾ ਗਿਆ | ਭਾਈ ਚਾਵਲਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੂਰੇ ਜੋਸ਼ ਅਤੇ ਚੜ੍ਹਦੀ ਕਲਾ ਨਾਲ ਇਹ ਚੋਣਾਂ ਲੜੇਗਾ | ਭਾਈ ਚਾਵਲਾ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ 'ਤੱਕੜੀ' ਦੇ ਚੋਣ ਨਿਸ਼ਾਨ 'ਤੇ ਮੋਹਰ ਲਗਾ ਕੇ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਜਿਤਾਉਣ | ਇਸ ਮੌਕੇ ਨੰਬਰਦਾਰ ਸੰਦੀਪ ਸਿੰਘ ਕਲੋਤਾ, ਨਿਰਮਲ ਸਿੰਘ ਹਰੀਵਾਲ, ਯੂਥ ਆਗੂ ਰਾਣਾ ਆਦੇਸ਼ ਅਗੰਮਪੁਰ ਆਦਿ ਮੌਜੂਦ ਸਨ |