ਨੂਰਪੁਰ ਬੇਦੀ, 16 ਮਈ (ਰਾਜੇਸ਼ ਚੌਧਰੀ ਤਖਤਗੜ੍ਹ)-ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ. ਪੀ.ਆਈ.) ਵਲੋਂ ਵਧ ਰਹੀ ਮਹਿੰਗਾਈ ਤੇ ਜ਼ਰੂਰੀ ਵਸਤੂਆਂ ਦੀਆਂ ਕੀਮਤਾਂ 'ਚ ਬੇਤਹਾਸ਼ਾ ਵਾਧੇ ਖ਼ਿਲਾਫ਼ 18 ਮਈ ਨੂੰ ਜ਼ਿਲ੍ਹੇ ਦੇ ਵੱਖ-ਵੱਖ ਸ਼ਹਿਰਾਂ, ਖ਼ਾਸ ਕਰਕੇ ਨੂਰਪੁਰ ਬੇਦੀ ਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਰੋਸ ਧਰਨੇ ਦੇਣ ਦਾ ਐਲਾਨ ਕੀਤਾ ਗਿਆ ਹੈ | ਇਸ ਸਬੰਧੀ ਜਥੇਬੰਦੀ ਦੇ ਜ਼ਿਲ੍ਹਾ ਸਕੱਤਰ ਮੋਹਣ ਸਿੰਘ ਧਮਾਣਾ ਨੇ ਕਿਹਾ ਕਿ ਪਿਛਲੇ ਦਿਨਾਂ ਦੌਰਾਨ ਡੀਜ਼ਲ, ਪੈਟਰੋਲ ਅਤੇ ਕਮਰਸ਼ੀਅਲ ਗੈਸ ਦੀਆਂ ਕੀਮਤਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ ਜਿਸ ਨਾਲ ਹੋਰ ਘਰੇਲੂ ਵਰਤੋਂ ਦੀਆਂ ਵਸਤੂਆਂ ਦੇ ਭਾਅ ਵੀ ਤੇਜ਼ੀ ਨਾਲ ਵਧਣ ਲੱਗ ਪਏ ਹਨ | ਉਨ੍ਹਾਂ ਕਿਹਾ ਕਿ ਮਹਿੰਗਾਈ ਦੀ ਇਸ ਮਾਰ ਨੇ ਆਮ ਲੋਕਾਂ, ਖ਼ਾਸ ਕਰਕੇ ਮਜ਼ਦੂਰਾਂ, ਕਿਸਾਨਾਂ ਤੇ ਕਿਰਤੀ ਵਰਗ ਦਾ ਜੀਵਨ ਬਹੁਤ ਮੁਸ਼ਕਲ ਬਣਾ ਦਿੱਤਾ ਹੈ | ਉਨ੍ਹਾਂ ਦੋਸ਼ ਲਾਇਆ ਕਿ ਆਲਮੀ ਜੰਗੀ ਹਾਲਾਤ ਤੇ ਕੇਂਦਰ ਸਰਕਾਰ ਦੀਆਂ ਗ਼ਲਤ ਆਰਥਿਕ ਨੀਤੀਆਂ ਕਾਰਨ ਦੇਸ਼ 'ਚ ਮਹਿੰਗਾਈ ਬੇਕਾਬੂ ਹੋ ਰਹੀ ਹੈ ਪਰ ਸਰਕਾਰ ਇਸ ਨੂੰ ਰੋਕਣ ਲਈ ਕੋਈ ਢੁਕਵੇਂ ਕਦਮ ਨਹੀਂ ਚੁੱਕ ਰਹੀ | ਉਨ੍ਹਾਂ ਮੰਗ ਕੀਤੀ ਕਿ ਪੈਟਰੋਲ, ਡੀਜ਼ਲ, ਰਸੋਈ ਤੇ ਕਮਰਸ਼ੀਅਲ ਗੈਸ ਸਮੇਤ ਜ਼ਰੂਰੀ ਵਸਤੂਆਂ ਦੀਆਂ ਕੀਮਤਾਂ 'ਚ ਤੁਰੰਤ ਕਟੌਤੀ ਕੀਤੀ ਜਾਵੇ | ਉਨ੍ਹਾਂ 18 ਮਈ ਦੇ ਧਰਨਿਆਂ 'ਚ ਵੱਡੀ ਗਿਣਤੀ 'ਚ ਲੋਕਾਂ ਨੂੰ ਸ਼ਾਮਿਲ ਹੋਣ ਦੀ ਅਪੀਲ ਕੀਤੀ |