ਸੁਲਤਾਨਵਿੰਡ, 19 ਫਰਵਰੀ (ਗੁਰਨਾਮ ਸਿੰਘ ਬੁੱਟਰ)-ਪਿਛਲੇ ਦਿਨੀਂ ਆਰਐੱਸਐੱਸ ਦੇ ਮੁਖੀ ਮੋਹਨ ਭਾਗਵਤ ਵਲੋਂ ਦਿੱਤੇ ਬਿਆਨ ਕਿ ਹਿੰਦੂ ਅਤੇ ਸਿੱਖ ਸਮਾਜਿਕ ਤੌਰ ਤੇ ਇਕ ਹਨ, ਦਾ ਵਿਰੋਧ ਕਰਦਿਆਂ ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਦੇ ਆਗੂ ਮਹਾਂਬੀਰ ਸਿੰਘ ਸੁਲਤਾਨਵਿੰਡ, ਭੁਪਿੰਦਰ ਸਿੰਘ ਭਲਵਾਨ ਅਤੇ ਬਲਦੇਵ ਸਿੰਘ ਨਵਾਂ ਪਿੰਡ ਨੇ ਕਿਹਾ ਕਿ ਸਿੱਖ ਇਕ ਵੱਖਰੀ ਤੇ ਨਿਆਰੀ ਕੌਮ ਹੈ | ਪਿਛਲੇ ਦਿਨੀਂ ਆਰਐਸਐਸ ਦੇ ਮੁੱਖੀ ਮੋਹਨ ਭਾਗਵਤ ਨੇ ਇਹ ਦਲੀਲ ਦਿੱਤੀ ਸੀ ਕਿ ਸਿੱਖ ਅਤੇ ਹਿੰਦੂ ਆਪਸ ਵਿਚ ਸ਼ਾਦੀਆਂ ਕਰਦੇ ਹਨ ਇਸ ਲਈ ਇਨ੍ਹਾਂ ਵਿਚ ਕੋਈ ਫਰਕ ਨਹੀਂ ਹੈ | ਮੋਹਨ ਭਾਗਵਤ ਦੇ ਇਸ ਬਿਆਨ ਦੀ ਕਰੜੇ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਇਨ੍ਹਾਂ ਆਗੂਆਂ ਨੇ ਕਿਹਾ ਕਿ ਮੋਹਨ ਭਾਗਵਤ ਦੇ ਇਸ ਬਿਆਨ ਦੀ ਹਰ ਇਕ ਉਹ ਸਿੱਖ ਜੋ ਗੁਰੂ ਗ੍ਰੰਥ ਸਾਹਿਬ ਜੀ ਵਿਚ ਆਸਥਾ ਰੱਖਦਾ ਹੈ ਉਹ ਸਿੱਖ ਇਸ ਬਿਆਨ ਨਾਲ ਪੂਰਨ ਤੌਰ 'ਤੇ ਅਸਹਿਮਤ ਹੈ ਫਿਲਮੀ ਪ੍ਰਭਾਵ ਹੇਠ ਕੁਝ ਨੌਜਵਾਨ ਲੜਕੇ ਲੜਕੀਆਂ ਵਲੋਂ ਅੰਤਰਜਾਤੀ ਵਿਆਹ ਕਰਵਾਏ ਜਾ ਰਹੇ ਹਨ ਪਰ ਇਸ ਨਾਲ ਕੌਮਾਂ ਦੇ ਮੂਲ ਢਾਂਚੇ ਨੂੰ ਨਹੀਂ ਬਦਲਿਆ ਜਾ ਸਕਦਾ | ਮੋਹਨ ਭਾਗਵਤ ਦੇ ਬਿਆਨ ਨੂੰ ਸ਼ਰਾਰਤੀ ਅਤੇ ਸਾਜਿਸ਼ੀ ਦੱਸਿਆ | ਇਹ ਬਿਆਨ ਸੁਖਰਾਜ ਸਿੰਘ ਵੇਰਕਾ, ਐਡਵੋਕੇਟ ਜਸਬੀਰ ਸਿੰਘ ਜੰਮੂ ਅਤੇ ਬਲਵਿੰਦਰ ਸਿੰਘ ਸਾਂਘਣਾ ਵਲੋਂ ਸਾਂਝੇ ਤੌਰ 'ਤੇ ਜਾਰੀ ਕੀਤਾ ਗਿਆ |