ਅੰਮਿ੍ਤਸਰ, 29 ਜਨਵਰੀ (ਸੁਰਿੰਦਰਪਾਲ ਸਿੰਘ ਵਰਪਾਲ)-ਤ੍ਰੈ ਸ਼ਤਾਬਦੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਵਿਖੇ ਅੱਜ ਪਿ੍ੰ: ਡਾ. ਕੁਲਵਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਤੇ ਪਲੇਸਮੈਂਟ ਅਫ਼ਸਰ ਪ੍ਰੋ. ਰਜਨੀ ਸੈਣੀ ਦੀ ਅਗਵਾਈ 'ਚ 'ਮਿਟਸ ਸਲਿਉਸ਼ਨ' ਦੇ ਸਹਿਯੋਗ ਨਾਲ ਇਕ ਰੋਜ਼ਾ ਸੈਮੀਨਾਰ ਕਰਵਾਇਆ ਗਿਆ | ਇਸ ਸੈਮੀਨਾਰ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਅਕਾਦਮਿਕ ਪੜ੍ਹਾਈ ਦੇ ਨਾਲ-ਨਾਲ ਕੈਰੀਅਰ 'ਚ ਕਾਮਯਾਬ ਹੋਣ ਲਈ ਲੋੜੀਂਦੇ ਜੀਵਨ ਹੁਨਰਾਂ ਬਾਰੇ ਜਾਗਰੂਕ ਕਰਨਾ ਸੀ | ਸੈਮੀਨਾਰ ਦੌਰਾਨ ਮਾਹਿਰਾਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦੇ ਮੁਕਾਬਲੇਬਾਜ਼ੀ ਵਾਲੇ ਦੌਰ 'ਚ ਸਿਰਫ਼ ਅੰਕ ਜਾਂ ਡਿਗਰੀਆਂ ਹੀ ਕਾਫ਼ੀ ਨਹੀਂ ਹਨ | ਲੰਬੇ ਸਮੇਂ ਦੀ ਸਫਲਤਾ ਲਈ ਪ੍ਰੈਕਟੀਕਲ ਸਕਿੱਲਜ਼, ਸਕਾਰਾਤਮਕ ਸੋਚ ਅਤੇ ਪ੍ਰਭਾਵਸ਼ਾਲੀ ਗੱਲਬਾਤ ਦਾ ਹੁਨਰ ਹੋਣਾ ਬਹੁਤ ਜ਼ਰੂਰੀ ਹੈ | ਵਿਦਿਆਰਥੀਆਂ ਨੂੰ ਦੱਸਿਆ ਗਿਆ ਕਿ ਗੱਲਬਾਤ ਦੌਰਾਨ ਸ਼ਬਦਾਂ ਦੇ ਨਾਲ-ਨਾਲ ਟੋਨ ਅਤੇ ਸਰੀਰਕ ਭਾਸ਼ਾ ਵੀ ਅਹਿਮ ਭੂਮਿਕਾ ਨਿਭਾਉਂਦੇ ਹਨ | ਇਸ ਤੋਂ ਇਲਾਵਾ ਟੀਮ ਵਰਕ, ਸਮੇਂ ਦੀ ਪਾਬੰਦੀ ਅਤੇ ਆਤਮ-ਵਿਸ਼ਵਾਸ ਵਧਾਉਣ ਦੇ ਨੁਕਤੇ ਵੀ ਸਾਂਝੇ ਕੀਤੇ ਗਏ | ਸੈਮੀਨਾਰ ਦੌਰਾਨ ਅਜੋਕੇ ਦੌਰ 'ਚ ਵਿਦਿਆਰਥੀਆਂ 'ਚ ਵੱਧ ਰਹੀ ਓਵਰਥਿੰਕਿੰਗ, ਕਰੀਅਰ ਦੀ ਚਿੰਤਾ ਅਤੇ ਦੂਜਿਆਂ ਨਾਲ ਤੁਲਨਾ ਕਰਨ ਵਰਗੇ ਕਾਰਨਾਂ 'ਤੇ ਚਰਚਾ ਕੀਤੀ ਗਈ | ਮਾਹਿਰਾਂ ਨੇ ਤਣਾਅ ਘਟਾਉਣ ਲਈ ਡੀਪ ਬਿ੍ਥਿੰਗ (ਲੰਬੇ ਸਾਹ ਲੈਣਾ), ਰੋਜ਼ਾਨਾ ਯੋਜਨਾਬੰਦੀ, ਪੂਰੀ ਨੀਂਦ ਅਤੇ ਆਪਣੀਆਂ ਮੁਸ਼ਕਿਲਾਂ ਨੂੰ ਭਰੋਸੇਮੰਦ ਵਿਅਕਤੀਆਂ ਨਾਲ ਸਾਂਝਾ ਕਰਨ ਵਰਗੀਆਂ ਸਰਲ ਤਕਨੀਕਾਂ ਬਾਰੇ ਦੱਸਿਆ | ਵਿਦਿਆਰਥੀਆਂ ਨੂੰ ਰੁਜ਼ਗਾਰ ਦੇ ਕਾਬਿਲ ਬਣਾਉਣ ਲਈ ਰਿਜ਼ਿਊਮੇ ਰਾਈਟਿੰਗ ਬਾਰੇ ਪ੍ਰੈਕਟਿਕਲ ਜਾਣਕਾਰੀ ਵੀ ਦਿੱਤੀ ਗਈ | ਅੰਤ ਵਿਚ ਮਿਟਸ ਸਲਿਉਸ਼ਨ ਤੋਂ ਪਹੁੰਚੇ ਅਧਿਕਾਰੀਆਂ ਨੂੰ ਕਾਲਜ ਵਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਡਾ. ਹਰਜੀਵ ਕੌਰ, ਡਾ. ਇਕਵਿੰਦਰਪਾਲ ਸਿੰਘ, ਪ੍ਰੋ. ਹਰਿੰਦਰਪਾਲ ਸਿੰਘ ਅਤੇ ਪ੍ਰੋ. ਮਨਪ੍ਰੀਤ ਕੌਰ ਸਮੇਤ ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ |