ਪਟਿਆਲਾ, 29 ਜਨਵਰੀ (ਕੁਲਵੀਰ ਸਿੰਘ ਧਾਲੀਵਾਲ)-ਸੀਨੀਅਰ ਸੈਕੰਡਰੀ ਮਾਡਲ ਸਕੂਲ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ 48ਵੀਂ ਸਲਾਨਾ ਸਪੋਰਟਸ ਮੀਟ ਅਤੇ ਅਕਾਦਮਿਕ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ | ਇਸ ਮੌਕੇ ਪੰਜਾਬੀ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਜੇਤੂ ਖਿਡਾਰੀਆਂ ਅਤੇ ਮੈਰਿਟ 'ਚ ਆਏ ਵਿਦਿਆਰਥੀਆਂ ਨੂੰ ਇਨਾਮ ਵੰਡੇ | ਡਾ. ਜਗਦੀਪ ਸਿੰਘ ਨੇ ਕਿਹਾ ਕਿ ਵਿਦਿਆਰਥੀਆਂ ਦੀ ਸ਼ਖ਼ਸੀਅਤ ਦਾ ਬਹੁ-ਪੱਖੀ ਵਿਕਾਸ ਹੋਣਾ ਬਹੁਤ ਜ਼ਰੂਰੀ ਹੈ | ਉਨ੍ਹਾਂ ਕਿਹਾ ਕਿ ਖੇਡਾਂ ਅਤੇ ਹੋਰ ਸਹਿ-ਅਕਾਦਮਿਕ ਗਤੀਵਿਧੀਆਂ ਇਸ ਦਿਸ਼ਾ 'ਚ ਵੱਡੀ ਭੂਮਿਕਾ ਨਿਭਾਉਂਦੀਆਂ ਹਨ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਵੱਧ-ਚੜ੍ਹ ਕੇ ਅਜਿਹੀਆਂ ਗਤੀਵਿਧੀਆਂ 'ਚ ਸ਼ਿਰਕਤ ਕਰਨ ਲਈ ਪ੍ਰੇਰਿਆ | ਉਨ੍ਹਾਂ ਇਸ ਮੌਕੇ ਸਕੂਲ ਇੰਚਾਰਜ ਵਲੋਂ ਤਿਆਰ ਕੀਤਾ ਗਿਆ ਸਕੂਲ ਕੰਲੈਡਰ ਵੀ ਜਾਰੀ ਕੀਤਾ | ਸਮਾਗਮ ਦੀ ਸ਼ੁਰੂਆਤ ਡੀਨ ਅਕਾਦਮਿਕ ਮਾਮਲੇ ਡਾ. ਜਸਵਿੰਦਰ ਸਿੰਘ ਬਰਾੜ ਅਤੇ ਡੀਨ ਕਾਲਜ ਵਿਕਾਸ ਕੌਂਸਲ ਡਾ. ਬਲਰਾਜ ਸਿੰਘ ਸੈਣੀ ਵਲੋਂ ਕੀਤੀ ਗਈ | ਇਨਾਮ ਵੰਡ ਸਮਾਰੋਹ ਮੌਕੇ ਵਿੱਤ ਅਫ਼ਸਰ ਡਾ ਬੀ. ਬੀ. ਸਿੰਗਲਾ ਅਤੇ ਐਡੀਸ਼ਨਲ ਪ੍ਰੋਵੋਸਟ (ਲੜਕੀਆਂ) ਡਾ. ਜਗਪ੍ਰੀਤ ਕੌਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ | ਇਸ ਤੋਂ ਇਲਾਵਾ ਡਾਇਰੈਕਟਰ ਐੱਮ.ਐੱਮ.ਟੀ.ਟੀ.ਸੀ. ਡਾ. ਰਮਨ ਮੈਣੀ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਰਗੀਨਾ ਮੈਣੀ ਨੇ ਵੀ ਸ਼ਿਰਕਤ ਕੀਤੀ | ਸਕੂਲ ਇੰਚਾਰਜ ਸਤਵੀਰ ਸਿੰਘ ਗਿੱਲ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ | ਰੰਗ-ਬਰੰਗੀਆਂ ਵਰਦੀਆਂ 'ਚ ਸਜੇ ਵਿਦਿਆਰਥੀਆਂ ਨੇ ਰਵਾਇਤੀ ਮਾਰਚ ਪਾਸਟ 'ਚ ਹਿੱਸਾ ਲਿਆ | ਇਸ ਮੌਕੇ ਪੀ.ਟੀ.ਏ. ਪ੍ਰਧਾਨ ਕਸ਼ਮੀਰ ਸਿੰਘ ਅਤੇ ਸਕੂਲ ਦਾ ਸਾਰਾ ਸਟਾਫ਼ ਮੌਜੂਦ ਸੀ | ਸਪੋਰਟਸ ਮੀਟ ਦੇ ਇੰਚਾਰਜ ਹਰਪ੍ਰੀਤ ਸਿੰਘ ਅਤੇ ਗੁਰਨਾਮ ਕੌਰ ਵਲੋਂ ਵੀ ਸੰਬੋਧਨ ਕੀਤਾ ਗਿਆ |