ਗੁਰਦਾਸਪੁਰ, 20 ਜਨਵਰੀ (ਚੱਕਰਾਜਾ)-ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ਗੁਰਦਾਸਪੁਰ ਦੇ ਜ਼ਿਲ੍ਹਾ ਪ੍ਰਧਾਨ ਅਸ਼ਵਨੀ ਫੱਜੂਪੁਰ ਤੇ ਸੂਬਾਈ ਆਗੂ ਹਰਪ੍ਰੀਤ ਪਰਮਾਰ ਨੇ ਦੱਸਿਆ ਕਿ ਪਿਛਲੇ ਚਾਰ ਸਾਲਾਂ ਤੋਂ ਬੀ.ਪੀ.ਈ.ਓਜ਼ ਦੀਆਂ ਤਰੱਕੀਆਂ ਨਾ ਹੋਣ ਕਾਰਨ ਪੂਰੇ ਪੰਜਾਬ 'ਚ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਦੀਆਂ 50 ਫ਼ੀਸਦੀ ਅਸਾਮੀਆਂ ਖ਼ਾਲੀ ਪਈਆਂ ਹਨ | ਜਿਸ ਕਾਰਨ ਸੈਂਟਰ ਹੈੱਡ ਟੀਚਰ ਬਿਨ੍ਹਾਂ ਤਰੱਕੀ ਲਏ ਹਰ ਮਹੀਨੇ ਸੇਵਾ ਮੁਕਤ ਹੋ ਰਹੇ ਹਨ | ਤਰੱਕੀਆਂ ਨਾ ਹੋਣ ਕਾਰਨ ਸਮੁੱਚੇ ਅਧਿਆਪਕਾਂ ਦਾ ਪੰਜਾਬ ਸਰਕਾਰ ਵਿਰੁੱਧ ਭਾਰੀ ਰੋਸ ਹੈ | ਉਨ੍ਹਾਂ ਕਿਹਾ ਕਿ ਹਾਲਤ ਇਹ ਬਣ ਚੁੱਕੇ ਹਨ ਕਿ ਜ਼ਿਲ੍ਹਾ ਪਠਾਨਕੋਟ 'ਚ 7 ਬਲਾਕਾਂ ਨੰੂ ਇਕ ਹੀ ਬੀ.ਪੀ.ਈ.ਓ ਚਲਾ ਰਿਹਾ ਹੈ ਤੇ 6 ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਦੀਆਂ ਅਸਾਮੀਆਂ ਖ਼ਾਲੀ ਪਈਆਂ ਹਨ | ਇਸੇ ਤਰ੍ਹਾਂ ਗੁਰਦਾਸਪੁਰ 'ਚ ਵੀ 6 ਬੀ.ਪੀ.ਈ.ਓਜ਼ ਦੀਆਂ ਤੇ ਸਾਰੇ ਪੰਜਾਬ 'ਚ ਵੀ ਵੱਡੇ ਪੱਧਰ 'ਤੇ ਅਸਾਮੀਆਂ ਖ਼ਾਲੀ ਹਨ | ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੱਧਰ 'ਤੇ ਵੀ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.) ਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈ.ਦੀਆਂ ਕਈ ਮਹੀਨਿਆਂ ਤੋਂ ਅਸਾਮੀਆਂ ਖ਼ਾਲੀ ਹਨ ਤੇ ਪਠਾਨਕੋਟ 'ਚ ਸੈਕੰਡਰੀ ਡੀ.ਓ ਦੀਆਂ ਅਸਾਮੀਆਂ ਖ਼ਾਲੀ ਹਨ | ਜਦੋਂ ਕਿ ਇਕ ਅਧਿਕਾਰੀ ਨੰੂ ਵਾਧੂ ਚਾਰਜ ਦੇ ਕੇ ਕੰਮ ਚਲਾਇਆ ਜਾ ਰਿਹਾ ਹੈ | ਜਿਸ ਕਾਰਨ ਅਧਿਆਪਕਾਂ ਨੰੂ ਆਪਣੇ ਪ੍ਰਸ਼ਾਸਨਿਕ ਕੰਮਾਂ 'ਚ ਮੁਸ਼ਕਿਲ ਆਉਂਦੀ ਹੈ, ਉੱਥੇ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ | ਜ਼ਿਲ੍ਹੇ ਵਿਚ ਹੈੱਡ ਟੀਚਰ, ਸੈਂਟਰ ਹੈੱਡ ਟੀਚਰਾਂ ਤੇ ਈ.ਟੀ.ਟੀ ਅਧਿਆਪਕਾਂ ਦੀਆਂ ਅਸਾਮੀਆਂ ਖ਼ਾਲੀ ਹੋਣ ਕਰਕੇ ਕਈ ਪ੍ਰਾਇਮਰੀ ਸਕੂਲ ਬਿਨ੍ਹਾਂ ਅਧਿਆਪਕਾਂ ਤੋਂ ਜਾਂ ਆਰਜ਼ੀ ਪ੍ਰਬੰਧ ਕਰਕੇ ਚਲਾਏ ਜਾ ਰਹੇ ਹਨ | ਜਿਸ ਨਾਲ ਗ਼ਰੀਬ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ | ਅਸ਼ਵਨੀ ਫੱਜੂਪੁਰ ਤੇ ਹਰਪ੍ਰੀਤ ਪਰਮਾਰ ਸਮੇਤ ਹੋਰ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਈ.ਟੀ.ਟੀ ਅਧਿਆਪਕਾਂ ਤੋਂ ਲੈ ਕੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਦੀਆਂ ਖ਼ਾਲੀ ਅਸਾਮੀਆਂ ਤੁਰੰਤ ਭਰੀਆਂ ਜਾਣ | ਇਸ ਮੌਕੇ ਨਰੇਸ਼ ਪਨਿਆੜ, ਲਖਵਿੰਦਰ ਸੇਖੋਂ, ਪੰਕਜ ਅਰੋੜਾ, ਰਛਪਾਲ ਉਦੋਕੇ, ਪ੍ਰਭਜੋਤ ਸਿੰਘ ਦੂਲਾ ਨੰਗਲ, ਸੁਖਦੀਪ ਜੌਲੀ, ਨਿਸ਼ਾਨ ਸਿੰਘ ਖ਼ਾਨਪੁਰ, ਗੁਰਵਿੰਦਰ ਸੈਣੀ, ਸੰਜੀਵ ਗੁਪਤਾ, ਸਤਿਬੀਰ ਕਾਹਲੋਂ, ਗੁਰਪ੍ਰੀਤ ਬਾਜਵਾ, ਪਰਮਜੀਤ ਲੁਬਾਣਾ, ਗੁਰਮਿੰਦਰ ਸਿੰਘ ਧਾਲੀਵਾਲ ਆਦਿ ਹਾਜ਼ਰ ਸਨ |