ਤਿਰੂਚਿਰਾਪੱਲੀ, 22 ਨਵੰਬਰ (ਪੀ. ਟੀ. ਆਈ.)-ਤਾਮਿਲਨਾਡੂ ਦੇ ਤਿਰੂਚਿਰਾਪੱਲੀ ਜ਼ਿਲ੍ਹੇ ’ਚ ਐਤਵਾਰ ਨੂੰ ਇਕ ਵੈਨ ਨਿੰਮ ਦੇ ਦਰੱਖਤ ਨਾਲ ਟਕਰਾ ਗਈ, ਜਿਸ ਕਾਰਨ 8 ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ 2 ਹੋਰ ਗੰਭੀਰ ਜ਼ਖ਼ਮੀ ਹੋ ਗਏ। ਪੁਲਿਸ ਅਨੁਸਾਰ ਹਾਦਸਾ ਸ਼ਾਮ ਕਰੀਬ 4.05 ਵਜੇ ਕੋਥੁਰਪੱਟੀ ਚੌਕ ਨੇੜੇ ਵਾਪਰਿਆ।
ਵੈਨ ’ਚ ਸਵਾਰ 10 ਵਿਅਕਤੀ ਨਮੱਕਲ ਜ਼ਿਲ੍ਹੇ ਦੇ ਏਰੁਮਾਪੱਟੀ ਵਿਖੇ ਕੰਨ ਵਿੰਨ੍ਹਣ ਦੀ ਰਸਮ ’ਚ ਸ਼ਾਮਿਲ ਹੋਣ ਤੋਂ ਬਾਅਦ ਥੰਜਾਵੁਰ ਜ਼ਿਲ੍ਹੇ ਦੇ ਤਿਰੂਕੱਟੂਪੱਲੀ ਪਰਤ ਰਹੇ ਸਨ। ਪੰਜ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਤਿੰਨ ਨੇ ਮੁਸਿਰੀ ਸਰਕਾਰੀ ਹਸਪਤਾਲ ’ਚ ਦਮ ਤੋੜ ਦਿੱਤਾ। ਪੁਲਿਸ ਵਲੋਂ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ।