ਗੁਰਦਾਸਪੁਰ, 20 ਜਨਵਰੀ (ਅਸ਼ੋਕ ਸ਼ਰਮਾ)-ਪੰਜਾਬ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ ਜ਼ਿਲ੍ਹਾ ਪੱਧਰ 'ਤੇ ਚੋਣ ਕਮਿਸ਼ਨ ਕਮ ਡਿਪਟੀ ਕਮਿਸ਼ਨਰ ਦੇ ਹੁਕਮਾਂ 'ਤੇ 18 ਸਾਲ ਦੀ ਉਮਰ ਪੂਰੀ ਕਰ ਚੁੱਕੇ ਨਵੇਂ ਵੋਟਰਾਂ ਵਲੋਂ ਪੰਚਾਇਤੀ ਚੋਣਾਂ ਤੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ 'ਚ ਆਪਣੀ ਵੋਟ ਦਾ ਇਸਤੇਮਾਲ ਕਰਨਾ ਸੀ | ਪਰ ਪੰਜਾਬ ਸਰਕਾਰ ਦੀ ਅਣਗਹਿਲੀ ਦੇ ਚੱਲਦਿਆਂ ਅਪਗਰੇਡ ਹੋਈਆਂ ਨਵੀਆਂ ਵੋਟਰ ਸੂਚੀਆਂ ਪੋਿਲੰਗ ਬੂਥਾਂ 'ਤੇ ਨਾ ਪਹੁੰਚਣ ਕਾਰਨ ਨਵੇਂ ਵੋਟਰ ਪੰਚਾਇਤੀ ਚੋਣਾਂ ਤੋਂ ਇਲਾਵਾ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ 'ਚ ਆਪਣੀ ਵੋਟ ਦੀ ਵਰਤੋਂ ਕਰਨ ਤੋਂ ਵਾਂਝੇ ਰਹਿ ਗਏ | ਬੇਸ਼ੱਕ ਨਵੀਆਂ ਵੋਟਾਂ ਬਣਾਉਣ ਲਈ 2023 ਵਿਚ ਹਜ਼ਾਰਾਂ ਦੀ ਗਿਣਤੀ ਵਿਚ ਸੈਕਟਰ ਅਫ਼ਸਰ, ਸੁਪਰਵਾਈਜ਼ਰ ਤੇ ਬੀ.ਐਲ.ਓਜ਼ ਨਿਯੁਕਤ ਕੀਤੇ ਗਏ ਸਨ ਤੇ ਸਰਕਾਰੀ ਕਰਮਚਾਰੀਆਂ ਨੇ ਦਿਨ ਰਾਤ ਕੰਮ ਕਰਕੇ ਲੱਖਾਂ ਨਵੀਆਂ ਵੋਟਾਂ ਵੀ ਬਣਾਈਆਂ | ਪਰ ਸਰਕਾਰ ਦੀ ਅਣਗਹਿਲੀ ਕਾਰਨ ਇਨ੍ਹਾਂ ਚੋਣਾਂ 'ਚ 2023 ਵਾਲੀਆਂ ਪੁਰਾਣੀਆਂ ਵੋਟਰ ਸੂਚੀਆਂ ਬੂਥਾਂ 'ਤੇ ਭੇਜ ਦਿੱਤੀਆਂ ਗਈਆਂ ਤੇ ਨਵੀਆਂ ਅਪਗਰੇਡ ਹੋਈਆਂ ਵੋਟਰ ਸੂਚੀਆਂ ਬੂਥਾਂ 'ਤੇ ਨਹੀਂ ਪਹੁੰਚ ਸਕੀਆਂ | ਜਿਸ ਨਾਲ ਲੱਖਾਂ ਹੀ ਵੋਟਰ ਆਪਣੇ ਵੋਟ ਦਾ ਇਸਤੇਮਾਲ ਨਹੀਂ ਕਰ ਸਕੇ | ਇਸ ਸਬੰਧੀ ਸੀਨੀਅਰ ਅਕਾਲੀ ਆਗੂ ਪਰਮਵੀਰ ਸਿੰਘ ਲਾਡੀ ਨੇ ਦੱਸਿਆ ਕਿ ਸਰਕਾਰ ਨੇ ਵੋਟਾਂ ਬਣਾਉਣ ਲਈ ਸਰਕਾਰੀ ਮੁਲਾਜ਼ਮਾਂ ਦੀਆਂ ਡਿਊਟੀਆਂ ਲਗਾਈਆਂ ਤਾਂ ਜੋ ਨਵੇਂ ਵੋਟਰ ਜੋ 18 ਸਾਲ ਦੀ ਉਮਰ ਪੂਰੀ ਕਰ ਚੁੱਕੇ ਹਨ, ਉਨ੍ਹਾਂ ਦੀ ਵੋਟ ਬਣ ਸਕੇ | ਪਰ ਵੋਟਾਂ ਬਣਨ ਦੇ ਬਾਵਜੂਦ ਵੀ ਪੋਿਲੰਗ ਬੂਥਾਂ 'ਤੇ ਪੁਰਾਣੀਆਂ ਵੋਟਰ ਸੂਚੀਆਂ ਜਾਣ ਕਰਕੇ ਨਵੇਂ ਵੋਟਰ ਆਪਣੀ ਵੋਟ ਨਹੀਂ ਪਾ ਸਕੇ ਤੇ ਉਨ੍ਹਾਂ ਨੰੂ ਵਾਪਸ ਹੀ ਮੁੜਨਾ ਪਿਆ | ਜਿਸ ਨਾਲ ਸਿੱਧੇ ਤੌਰ 'ਤੇ ਉਨ੍ਹਾਂ ਨਾਲ ਧੱਕਾ ਹੋਇਆ ਹੈ | ਉਨ੍ਹਾਂ ਪੰਜਾਬ ਦੇ ਚੋਣ ਕਮਿਸ਼ਨ ਪਾਸੋਂ ਮੰਗ ਕੀਤੀ ਕਿ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕੀਤੀ ਜਾਵੇ |