ਫ਼ਤਹਿਗੜ੍ਹ ਸਾਹਿਬ, 7 ਮਈ (ਬਲਜਿੰਦਰ ਸਿੰਘ)-ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ, ਫ਼ਤਹਿਗੜ ਸਾਹਿਬ ਦੇ ਸਮਾਜ ਸ਼ਾਸਤਰ ਵਿਭਾਗ ਵਲੋਂ ਸਾਬਕਾ ਵਿਦਿਆਰਥੀ ਸੰਵਾਦ ਦਾ ਸਫਲ ਆਯੋਜਨ ਕੀਤਾ ਗਿਆ, ਜਿਸ ਵਿਚ ਸਾਬਕਾ ਵਿਦਿਆਰਥੀਆਂ ਅਤੇ ਮੌਜੂਦਾ ਵਿਦਿਆਰਥੀਆਂ ਨੂੰ ਅਕਾਦਮਿਕ ਵਿਚਾਰ-ਵਟਾਂਦਰੇ ਲਈ ਇਕ ਸਾਂਝਾ ਮੰਚ ਦਿੱਤਾ ਗਿਆ | ਇਸ ਸਮਾਗਮ ਵਿਚ 2023 ਬੈਚ ਦੇ ਸਾਬਕਾ ਵਿਦਿਆਰਥੀਆਂ ਨੇ ਬੜੇ ਹੀ ਉਤਸ਼ਾਹ ਨਾਲ ਭਾਗ ਲਿਆ ਅਤੇ ਵਿਭਾਗ ਨਾਲ ਜੁੜੇ ਆਪਣੇ ਅਨੁਭਵਾਂ, ਅਕਾਦਮਿਕ ਯਾਤਰਾ, ਉੱਚ ਸਿੱਖਿਆ ਤੇ ਰੁਜ਼ਗਾਰ ਦੇ ਮੌਕਿਆਂ ਬਾਰੇ ਵਿਚਾਰ ਸਾਂਝੇ ਕੀਤੇ | ਐਮ.ਏ. ਸਮਾਜ ਸ਼ਾਸਤਰ ਦੇ ਵਿਦਿਆਰਥੀਆਂ ਨੇ ਵੀ ਸਰਗਰਮ ਭਾਗੀਦਾਰੀ ਕਰਦਿਆਂ ਇਸ ਸੰਵਾਦ ਨੂੰ ਬਹੁਤ ਹੀ ਜਾਣਕਾਰੀ ਨਾਲ ਭਰਿਆ ਬਣਾਇਆ | ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਪਰਿਤ ਪਾਲ ਸਿੰਘ ਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਮੌਜੂਦਾ ਵਿਦਿਆਰਥੀਆਂ ਨੂੰ ਸਾਬਕਾ ਵਿਦਿਆਰਥੀਆਂ ਦੇ ਤਜਰਬਿਆਂ ਤੋਂ ਪੇ੍ਰਰਣਾ, ਰੁਜ਼ਗਾਰ ਸਬੰਧੀ ਅਗਵਾਈ ਅਤੇ ਵਿਹਾਰਕ ਜਾਣਕਾਰੀ ਹਾਸਲ ਕਰਨ ਦਾ ਮੌਕਾ ਦਿੰਦੇ ਹਨ, ਜਿਸ ਨਾਲ ਯੂਨੀਵਰਸਿਟੀ ਦਾ ਅਕਾਦਮਿਕ ਮਾਹੌਲ ਹੋਰ ਮਜ਼ਬੂਤ ਹੁੰਦਾ ਹੈ | ਇਹ ਪ੍ਰੋਗਰਾਮ ਡਾ. ਨਵ ਸ਼ਗਨ ਦੀਪ ਕੌਰ ਮੁਖੀ ਸਮਾਜ ਸ਼ਾਸਤਰ ਵਿਭਾਗ ਦੀ ਅਗਵਾਈ ਹੇਠ ਕਰਵਾਇਆ ਗਿਆ, ਜਿਨਾਂ ਨੇ ਸਾਬਕਾ ਅਤੇ ਮੌਜੂਦਾ ਵਿਦਿਆਰਥੀਆਂ ਵਿਚਕਾਰ ਲਾਹੇਵੰਦ ਸੰਵਾਦ ਨੂੰ ਹੱਲਾਸ਼ੇਰੀ ਦਿੱਤੀ ਅਤੇ ਅਕਾਦਮਿਕ ਵਿਕਾਸ ਵਿਚ ਸਾਬਕਾ ਵਿਦਿਆਰਥੀਆਂ ਦੀ ਭੂਮਿਕਾ ਨੂੰ ਜ਼ਰੂਰੀ ਕਰਾਰ ਦਿੱਤਾ |