07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਬੰਦੀ ਸਿੰਘਾਂ ਦੀ ਰਿਹਾਈ ਲਈ ਕਾਲੇ ਚੋਲ਼ੇ ਪਾ ਅਤੇ ਆਪਣੇ ਆਪ ਨੂੰ ਜ਼ੰਜੀਰਾਂ ਵਿਚ ਜਕੜ ਕੇ ਕੀਤਾ ਰੋਸ ਪ੍ਰਦਰਸ਼ਨ-ਪੰਜੋਲੀ

ਅਜੀਤ ਡੈਸਕ 08-05-2026
ਫ਼ਤਹਿਗੜ੍ਹ ਸਾਹਿਬ, 7 ਮਈ (ਬਲਜਿੰਦਰ ਸਿੰਘ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਕੌਮੀ ਇਨਸਾਫ਼ ਮੋਰਚੇ ਵਲੋਂ ਉਲੀਕੇ ਸੰਘਰਸ਼ ਪੋ੍ਰਗਰਾਮ ਤਹਿਤ ਸੈਂਕੜੇ ਸਿੰਘਾਂ ਦੁਆਰਾ ਕਾਲੇ ਚੋਲ਼ੇ ਪਾ ਕੇ ਅਤੇ ਆਪਣੇ ਆਪ ਨੂੰ ਜ਼ੰਜੀਰਾਂ ਵਿਚ ਜਕੜ ਕੇ ਗੁਰਦੁਆਰਾ ਬੰਗਲਾ ਸਾਹਿਬ ਦਿੱਲੀ ਤੋਂ ਸੰਸਦ ਭਵਨ ਤੱਕ ਰੋਸ ਮਾਰਚ ਕੀਤਾ ਗਿਆ | ਮਾਰਚ ਦੀ ਅਰੰਭਤਾ ਵੇਲੇ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਅਰਦਾਸ ਕੀਤੀ | ਜਿਉਂ ਹੀ ਮਾਰਚ ਸਤਿਨਾਮ ਵਾਹਿਗੁਰੂ ਦਾ ਜਾਪ ਕਰਦਾ ਅੱਗੇ ਵੱਧ ਰਿਹਾ ਸੀ ਤਾਂ ਗੁਰਦੁਆਰਾ ਸਾਹਿਬ ਦੇ ਬਾਹਰ ਤਾਇਨਾਤ ਦਿੱਲੀ ਪੁਲਿਸ ਦੇ ਉੱਚ ਅਧਿਕਾਰੀਆਂ ਵਲੋਂ ਜਥੇ ਨੂੰ ਰੋਕਿਆ ਗਿਆ | ਜਥੇ ਦੇ ਆਗੂ ਗੁਰਚਰਨ ਸਿੰਘ ਹਵਾਰਾ ਨੇ ਪੁਲਿਸ ਅਧਿਕਾਰੀਆਂ ਨੂੰ ਵਾਰ-ਵਾਰ ਅਪੀਲ ਕੀਤੀ ਕਿ ਸਾਨੂੰ ਜੰਤਰ-ਮੰਤਰ ਤੱਕ ਜਾਣ ਦਿੱਤਾ ਜਾਵੇ ਕਿਉਂਕਿ ਸਾਡਾ ਰੋਸ ਮਾਰਚ ਪੁਰੀ ਤਰ੍ਹਾਂ ਸ਼ਾਂਤਮਈ ਹੈ ਪ੍ਰੰਤੂ ਪੁਲਿਸ ਨੇ ਧੱਕੇਸ਼ਾਹੀ ਕਰਦਿਆਂ ਜਥੇ ਦੇ ਸਿੰਘਾਂ ਨੂੰ ਗਿ੍ਫ਼ਤਾਰ ਕਰਕੇ ਦਿੱਲੀ ਦੇ ਦੂਰ-ਦੁਰਾਡੇ ਦੇ ਥਾਣਿਆਂ ਵਿਚ ਬੰਦ ਕਰ ਦਿੱਤਾ | ਪੰਜੋਲੀ ਨੇ ਦੱਸਿਆ ਕਿ ਫ਼ਿਲਹਾਲ ਸਾਰੇ ਸਿੰਘ ਵੱਖ-ਵੱਖ ਥਾਣਿਆਂ ਵਿਚ ਬੰਦ ਹਨ | ਕੌਮੀ ਇਨਸਾਫ਼ ਮੋਰਚੇ ਦੇ ਸਰਪ੍ਰਸਤ ਜਥੇਦਾਰ ਗੁਰਚਰਨ ਸਿੰਘ ਹਵਾਰਾ ਨੇ ਕਿਹਾ ਕਿ ਪਿਛਲੇ 35 ਸਾਲਾਂ ਤੋਂ ਭਾਰਤ ਦੀਆਂ ਵੱਖ-ਵੱਖ ਜੇਲ੍ਹਾਂ ਵਿਚ ਕੈਦ ਬੰਦੀ ਸਿੰਘਾਂ ਨੂੰ ਨਾ ਤਾਂ ਕੋਈ ਸਰਕਾਰ ਰਿਹਾਅ ਕਰ ਰਹੀ ਹੈ ਅਤੇ ਨਾ ਹੀ ਕੋਈ ਅਦਾਲਤ | ਜੋ ਸਿੱਖ ਕੌਮ ਨਾਲ ਵੱਡੀ ਬੇਇਨਸਾਫ਼ੀ ਹੈ | ਪ੍ਰੈੱਸ ਦੇ ਨਾਂਅ ਜਾਰੀ ਬਿਆਨ ਵਿਚ ਜਥੇਦਾਰ ਪੰਜੋਲੀ ਨੇ ਕਿਹਾ ਕਿ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਆਪਣੀ ਬਿਰਧ ਮਾਤਾ ਨੂੰ ਮਿਲਣ ਲਈ ਪੈਰੋਲ ਤੱਕ ਨਹੀਂ ਦਿੱਤੀ ਜਾ ਰਹੀ | ਸੰਸਦ ਮੈਂਬਰ ਭਾਈ ਅੰਮਿ੍ਤਪਾਲ ਸਿੰਘ ਨੂੰ ਸੰਸਦ ਦੇ ਸੈਸ਼ਨ ਵਿਚ ਸ਼ਾਮਿਲ ਹੋਣ ਲਈ ਵੀ ਪੈਰੋਲ ਨਹੀਂ ਦਿੱਤੀ ਜਾ ਰਹੀ | ਉਨ੍ਹਾਂ ਦਾਅਵਾ ਕੀਤਾ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਕੌਮੀ ਇਨਸਾਫ਼ ਮੋਰਚੇ ਵਲੋਂ ਅਗਲੇ ਸੰਘਰਸ਼ ਪੋ੍ਰਗਰਾਮ ਦਾ ਐਲਾਨ ਜਲਦ ਕੀਤਾ ਜਾਵੇਗਾ | ਇਸ ਮਾਰਚ ਵਿਚ ਗੁਰਦੀਪ ਸਿੰਘ ਬਠਿੰਡਾ, ਪਾਲ ਸਿੰਘ ਫਰਾਂਸ, ਸਤਵਿੰਦਰ ਸਿੰਘ ਟੌਹੜਾ, ਹਰਵਿੰਦਰ ਸਿੰਘ ਭੰਗੂ, ਕੁਲਵਿੰਦਰ ਕਾਲਾ ਝਾੜ ਸਾਹਿਬ, ਬਲਵਿੰਦਰ ਸਿੰਘ, ਅਮਰੀਕ ਸਿੰਘ ਰੋਮੀ, ਅਮਰਜੀਤ ਸਿੰਘ ਬਡਗੁੱਜਰਾਂ, ਸਰਬਜੀਤ ਸਿੰਘ ਬਿੱਲਾ, ਲਵਪ੍ਰੀਤ ਸਿੰਘ ਪੰਜੋਲੀ, ਨਵਪ੍ਰੀਤ ਸਿੰਘ ਪੰਜੋਲੀ, ਹਰਵਿੰਦਰ ਸਿੰਘ ਪਟਿਆਲਾ ਸਮੇਤ ਵੱਡੀ ਗਿਣਤੀ ਵਿਚ ਆਗੂ ਸ਼ਾਮਿਲ ਸਨ |
ਪਿਛਲੀ ਖ਼ਬਰ ਵਿਸ਼ਵ ਯੂਨੀਵਰਸਿਟੀ ਵਲੋਂ ਸਾਬਕਾ ਵਿਦਿਆਰਥੀ ਸੰਵਾਦ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਜ਼ਿਲਾ ਇਕਾਈ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।