ਮੰਡੀ ਗੋਬਿੰਦਗੜ੍ਹ, 29 ਜਨਵਰੀ (ਰਾਜੇਸ਼ ਸ਼ਰਮਾ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਹਲਕਾ ਅਮਲੋਹ ਦੇ ਵੱਖ-ਵੱਖ ਪਿੰਡਾਂ ਦੀਆਂ ਕਮੇਟੀਆਂ ਅਤੇ ਸੰਸਥਾਵਾਂ ਨੂੰ ਭੇਜੇ ਬਰਤਨਾਂ ਦੀਆਂ ਵੇਲਾਂ, ਚੰਦੋਏ ਸਾਹਿਬ ਅਤੇ ਹੋਰ ਸਮਾਨ ਅੱਜ ਭਾਈ ਰਵਿੰਦਰ ਸਿੰਘ ਖ਼ਾਲਸਾ ਮੈਂਬਰ ਸ਼੍ਰੋਮਣੀ ਕਮੇਟੀ ਦੁਆਰਾ ਗੁਰਦੁਆਰਾ ਸ੍ਰੀ ਕੁੱਕੜ ਮਾਜਰਾ ਵਿਖੇ ਸੰਸਥਾਵਾਂ ਨੂੰ ਤਕਸੀਮ ਕੀਤਾ ਗਿਆ | ਇਸ ਮੌਕੇ ਭਾਈ ਖ਼ਾਲਸਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵਲੋਂ ਜਿੱਥੇ ਇਤਿਹਾਸਿਕ ਗੁਰਧਾਮਾਂ ਦੀ ਸੇਵਾ ਸੰਭਾਲ ਕੀਤੀ ਜਾ ਰਹੀ ਹੈ ਉੱਥੇ ਹੀ ਪਿੰਡਾਂ ਤੇ ਸ਼ਹਿਰਾਂ ਦੀਆਂ ਲੋਕਲ ਪ੍ਰਬੰਧਕ ਕਮੇਟੀਆਂ ਨੂੰ ਗੁਰਦੁਆਰਾ ਸਾਹਿਬ ਦੇ ਪ੍ਰਬੰਧਾਂ ਵਿਚ ਸਹਿਯੋਗ ਕਰਦੇ ਹੋਏ ਲੋੜੀਂਦਾ ਸਮਾਨ ਮੁਹੱਈਆ ਕਰਵਾਇਆ ਜਾਂਦਾ ਹੈ | ਇਸ ਤੋਂ ਇਲਾਵਾ ਮਾਨਵਤਾ ਦੀ ਭਲਾਈ ਲਈ ਲੋੜਵੰਦ ਵਿਦਿਆਰਥੀਆਂ ਨੂੰ ਸਕੂਲ, ਕਾਲਜ ਫ਼ੀਸਾਂ ਅਤੇ ਵੱਖ-ਵੱਖ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਨੂੰ ਇਲਾਜ ਲਈ ਬਿਨਾ ਕਿਸੇ ਭੇਦਭਾਵ ਤੋਂ ਮਾਲੀ ਸਹਾਇਤਾ ਵੀ ਦਿੱਤੀ ਜਾਂਦੀ ਹੈ | ਉਨ੍ਹਾਂ ਦੱਸਿਆ ਕਿ ਅੱਜ ਗੁਰਦੁਆਰਾ ਭਗਤ ਰਵਿਦਾਸ ਜੀ ਬੁੱਗਾ ਕਲਾਂ, ਗੁਰਦੁਆਰਾ ਭਗਤ ਰਵਿਦਾਸ ਜੀ ਬਰਵਾਲੀ ਕਲਾਂ ਅਤੇ ਭਗਵਾਨਪੁਰ ਦੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ 100-100 ਬਰਤਨਾਂ ਦੇ ਸੈੱਟ ਅਤੇ ਚੰਦੋਏ ਸਾਹਿਬ ਦਿੱਤੇ ਗਏ ਹਨ | ਇਸ ਮੌਕੇ 'ਤੇ ਭਾਈ ਰਵਿੰਦਰ ਸਿੰਘ ਖ਼ਾਲਸਾ, ਕਰਨੈਲ ਸਿੰਘ, ਫਕੀਰੀਆ ਸਿੰਘ ਬੁੱਗਾ ਕਲਾਂ, ਗੁਰਦੀਪ ਸਿੰਘ ਪ੍ਰਧਾਨ, ਕਰਮਜੀਤ ਸਿੰਘ, ਕਾਕਾ ਸਿੰਘ ਫ਼ੌਜੀ ਬਰਵਾਲੀ ਕਲਾਂ, ਹਰਬੰਸ ਸਿੰਘ ਭਗਵਾਨਪੁਰਾ ਵੀ ਹਾਜ਼ਰ ਸਨ |