ਰਾਏਕੋਟ/ਹਲਵਾਰਾ, 22 ਜਨਵਰੀ (ਬਲਵਿੰਦਰ ਸਿੰਘ ਲਿੱਤਰ/ਮਨਦੀਪ ਸਿੰਘ ਉੱਭੀ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਸ੍ਰੀ ਗੁਰੂ ਰਾਮਦਾਸ ਕਾਲਜ ਆਫ਼ ਐਜੂਕੇਸ਼ਨ ਹਲਵਾਰਾ ਵਿਖੇ 'ਰਾਸ਼ਟਰੀ ਬਾਲੜੀ ਦਿਵਸ' ਮਨਾਇਆ ਗਿਆ | ਇਸ ਮੌਕੇ ਸੰਸਥਾ ਦੇ ਚੇਅਰਮੈਨ ਰਣਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਧੀਆਂ ਦੇ ਸੁਰੱਖਿਅਤ ਜੀਵਨ ਤੇ ਉਨ੍ਹਾਂ ਦੇ ਬੁਨਿਆਦੀ ਹੱਕਾਂ ਦੀ ਪ੍ਰਾਪਤੀ ਹਿੱਤ ਸਾਡੇ ਦੇਸ਼ ਅੰਦਰ ਸੰਨ 2008 ਤੋਂ ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਵਲੋਂ ਕੌਮੀ ਬਾਲੜੀ ਦਿਵਸ ਮਨਾਇਆ ਜਾ ਰਿਹਾ ਹੈ, ਜੋ ਲੜਕੀਆਂ ਦੀ ਦਸ਼ਾ ਸੁਧਾਰਨ ਲਈ ਤੇ ਲੋਕਾਂ ਦੀ ਰੂੜੀਵਾਦੀ ਮਾਨਸਿਕਤਾ ਨੂੰ ਹਲ਼ੂਣਾ ਦੇਣ ਲਈ ਇਕ ਸਾਰਥਿਕ ਉਪਰਾਲਾ ਹੈ | ਸਾਡੇ ਕਾਲਜ ਨੇ ਇਸ ਨੂੰ ਥੀਮ 'ਡਿਜੀਟਲ ਪੀੜ੍ਹੀ, ਸਾਡੀ ਪੀੜ੍ਹੀ-ਸਾਡੇ ਅਧਿਕਾਰ, ਸਾਡਾ ਭਵਿੱਖ' ਵਜੋਂ ਮਨਾਇਆ, ਜੋ ਔਰਤਾਂ ਦੇ ਸਸ਼ਕਤੀਕਰਨ ਅਤੇ ਉਨ੍ਹਾਂ ਦੇ ਭਵਿੱਖ ਲਈ ਇਸ ਦੀ ਮਹੱਤਤਾ ਨੂੰ ਦਰਸਾਉਂਦਾ ਹੈ | ਇਸ ਦਾ ਉਦੇਸ਼ ਬੱਚਿਆਂ ਨਾਲ ਸਬੰਧਿਤ ਲਿੰਗ ਅਸਮਾਨਤਾ ਅਤੇ ਸਮਾਜਿਕ ਬੁਰਾਈਆਂ ਨੂੰ ਖ਼ਤਮ ਕਰਨਾ ਹੈ | ਇਸ ਮੌਕੇ ਵਿਦਿਆਰਥੀਆਂ ਦੁਆਰਾ ਸੋਚ-ਉਕਸਾਉਣ ਵਾਲੇ ਸੁੰਦਰ ਪੋਸਟਰ ਤਿਆਰ ਕੀਤੇ ਗਏ ਸਨ ਅਤੇ ਬੀ.ਐੱਡ. ਦੇ ਵਿਦਿਆਰਥੀਆਂ ਨੇ 'ਲੜਕੀ ਬਚਾਓ' ਵਿਸ਼ੇ 'ਤੇ ਨੁੱਕੜ ਨਾਟਕ ਪੇਸ਼ ਕੀਤਾ | ਵਿਦਿਆਰਥੀਆਂ ਨੇ ਬਹੁਤ ਜੋਸ਼ ਅਤੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਆਪਣੇ ਪ੍ਰਦਰਸ਼ਨ ਰਾਹੀਂ ਇਕ ਸ਼ਕਤੀਸ਼ਾਲੀ ਸੰਦੇਸ਼ ਦਿੱਤਾ |