ਕਮੀ ਦੀਆਂ ਖ਼ਬਰਾਂ ਨੂੰ ਦੱਸਿਆ ਗਲਤ ਜਾਣਕਾਰੀ
ਨਵੀਂ ਦਿੱਲੀ, 26 ਮਾਰਚ (ਉਪਮਾ ਡਾਗਾ ਪਾਰਥ)-ਸਰਕਾਰ ਨੇ ਵੀਰਵਾਰ ਨੂੰ ਕਿਹਾ ਕਿ ਭਾਰਤ ਕੋਲ ਲਗਭਗ 60 ਦਿਨਾਂ ਦਾ ਤੇਲ ਦਾ ਭੰਡਾਰ ਹੈ ਅਤੇ ਉਸ ਨੇ ਪੂਰੇ ਇਕ ਮਹੀਨੇ ਦੀ ਐਲ. ਪੀ. ਜੀ. ਸਪਲਾਈ ਦਾ ਪ੍ਰਬੰਧ ਕਰ ਲਿਆ ਹੈ | ਸਰਕਾਰ ਨੇ ਇਹ ਵੀ ਕਿਹਾ ਕਿ ਪੈਟਰੋਲ, ਡੀਜ਼ਲ ਜਾਂ ਐਲ. ਪੀ. ਜੀ. ਦੀ ਕੋਈ ਕਮੀ ਨਹੀਂ ਹੈ ਅਤੇ ਕਮੀ ਦੀਆਂ ਖ਼ਬਰਾਂ ਨੂੰ ਜਾਣਬੁੱਝ ਕੇ ਚਲਾਈ ਗਈ ਗਲਤ ਜਾਣਕਾਰੀ ਦੀ ਮੁਹਿੰਮ ਦੱਸਿਆ, ਜਿਸ ਦਾ ਮਕਸਦ ਲੋਕਾਂ 'ਚ ਘਬਰਾਹਟ ਪੈਦਾ ਕਰਕੇ ਉਨ੍ਹਾਂ ਨੂੰ ਜ਼ਿਆਦਾ ਖ਼ਰੀਦਦਾਰੀ ਕਰਨ ਲਈ ਉਕਸਾਉਣਾ ਹੈ | ਪੈਟਰੋਲ ਪੰਪਾਂ ਅਤੇ ਐਲ. ਪੀ. ਜੀ. ਵੰਡ ਕੇਂਦਰਾਂ 'ਤੇ ਘਬਰਾਹਟ 'ਚ ਖ਼ਰੀਦਦਾਰੀ ਅਤੇ ਲੰਬੀਆਂ ਕਤਾਰਾਂ ਦੀਆਂ ਖ਼ਬਰਾਂ ਦਰਮਿਆਨ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਨੇ ਪੱਛਮੀ ਏਸ਼ੀਆ 'ਚ ਯੁੱਧ ਸ਼ੁਰੂ ਹੋਣ ਦੇ ਬਾਅਦ ਪਹਿਲੀ ਵਾਰ ਕੱਚੇ ਤੇਲ, ਬਾਲਣ ਅਤੇ ਐਲ. ਪੀ. ਜੀ. ਦੇ ਭੰਡਾਰ ਦਾ ਬਿਓਰਾ ਜਾਰੀ ਕੀਤਾ ਤਾਂ ਕਿ ਲੋਕਾਂ ਦੀ ਘਬਰਾਹਟ ਨੂੰ ਸ਼ਾਂਤ ਕੀਤਾ ਜਾ ਸਕੇ | ਇਸ ਦੇ ਨਾਲ ਹੀ ਸਰਕਾਰੀ ਤੇਲ ਵੰਡ ਕੰਪਨੀਆਂ ਨੇ ਵੀ ਕਿਹਾ ਕਿ ਪੈਟਰੋਲ, ਡੀਜ਼ਲ ਜਾਂ ਐਲ. ਪੀ. ਜੀ. ਦੀ ਕੋਈ ਕਮੀ ਨਹੀਂ ਹੈ ਤੇ ਸਪਲਾਈ ਸਥਿਰ ਬਣੀ ਹੋਈ ਹੈ | ਇਕ ਬਿਆਨ 'ਚ ਮੰਤਰਾਲੇ ਨੇ ਕਿਹਾ ਕਿ ਪੂਰੇ ਦੇਸ਼ 'ਚ ਸਾਰੇ ਪੈਟਰੋਲ ਪੰਪਾਂ 'ਤੇ ਲੋੜੀਂਦਾ ਭੰਡਾਰ (ਸਟਾਕ) ਹੈ ਅਤੇ ਉਹ ਆਮ ਵਾਂਗ ਕੰਮ ਕਰ ਰਹੇ ਹਨ, ਪੈਟਰੋਲ ਜਾਂ ਡੀਜ਼ਲ ਦੀ ਕੋਈ ਰਾਸ਼ਨਿੰਗ ਨਹੀਂ ਕੀਤੀ ਜਾ ਰਹੀ ਹੈ | ਕੁਝ ਪੈਟਰੋਲ ਪੰਪਾਂ, ਖਾਸ ਕਰ ਕੇ ਛੋਟੇ ਸ਼ਹਿਰਾਂ 'ਚ, ਤੇਲ ਕੰਪਨੀਆਂ ਵਲੋਂ ਕੈਸ਼ ਐਂਡ ਕੈਰੀ (ਨਕਦ ਭੁਗਤਾਨ 'ਤੇ ਹੀ ਮਾਲ ਮਿਲਣਾ) ਦੀ ਸ਼ਰਤ ਲਗਾਉਣ ਦੇ ਬਾਅਦ ਤੇਲ ਲੈਣ 'ਚ ਮੁਸ਼ਕਿਲ ਆ ਰਹੀ ਹੈ, ਇਸ 'ਤੇ ਮੰਤਰਾਲੇ ਨੇ ਕਿਹਾ ਕਿ ਪੈਟਰੋਲ ਪੰਪਾਂ ਨੂੰ ਮਿਲਣ ਵਾਲੇ ਕ੍ਰੈਡਿਟ ਦੀ ਮਿਆਦ ਨੂੰ ਪਹਿਲਾਂ ਦੇ ਇਕ ਦਿਨ ਤੋਂ ਵਧਾ ਕੇ ਤਿੰਨ ਦਿਨ ਤੋਂ ਜ਼ਿਆਦਾ ਕਰਨ ਦੇ ਕਦਮ ਚੁੱਕੇ ਗਏ ਹਨ | ਅਜਿਹਾ ਇਸ ਲਈ ਕੀਤਾ ਗਿਆ ਹੈ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਪੰਪ ਮਾਲਕਾਂ ਦੀ ਕਾਰਜਸ਼ੀਲ ਪੂੰਜੀ ਨਾਲ ਜੁੜੀਆਂ ਮੁਸ਼ਕਿਲਾਂ ਦੇ ਕਾਰਨ ਕਿਸੇ ਵੀ ਪੰਪ 'ਤੇ ਪੈਟਰੋਲ ਅਤੇ ਡੀਜ਼ਲ ਦੀ ਕਮੀ ਨਾ ਹੋਵੇ | ਮੰਤਰਾਲੇ ਨੇ ਜ਼ੋਰ ਦੇ ਕੇ ਕਿਹਾ ਕਿ ਦੇਸ਼ 'ਚ ਕਿਤੇ ਵੀ ਪੈਟਰੋਲ, ਡੀਜ਼ਲ ਜਾਂ ਐਲ. ਪੀ. ਜੀ. ਦੀ ਕੋਈ ਕਮੀ ਨਹੀਂ ਹੈ | ਉਸ ਨੇ ਕਿਹਾ ਕਿ ਦੇਸ਼ 'ਚ ਪੈਟਰੋਲੀਅਮ ਅਤੇ ਐਲ. ਪੀ. ਜੀ. ਦੀ ਸਪਲਾਈ ਦੀ ਸਥਿਤੀ ਪੂਰੀ ਤਰਾਂ ਸੁਰੱਖਿਅਤ ਅਤੇ ਕੰਟਰੋਲ ਹੇਠ ਹੈ | ਇਹ ਦੱਸਦੇ ਹੋਏ ਕਿ ਸਾਰੇ ਪ੍ਰਚੂਨ ਤੇਲ ਆਊਟਲੇਟਾਂ 'ਤੇ ਲੋੜੀਂਦੀ ਸਪਲਾਈ ਹੈ, ਮੰਤਰਾਲੇ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਜਾਣਬੁੱਝ ਕੇ ਚਲਾਈ ਜਾ ਰਹੀ ਗਲਤ ਜਾਣਕਾਰੀ ਦੀ ਸ਼ਰਾਰਤੀ ਅਤੇ ਯੋਜਨਾਬੱਧ ਮੁਹਿੰਮ ਤੋਂ ਗੁਮਰਾਹ ਨਾ ਹੋਣ, ਜਿਸ ਦਾ ਮਕਸਦ ਬਿਨ੍ਹਾਂ ਵਜ਼੍ਹਾ ਘਬਰਾਹਟ ਫੈਲਾਉਣਾ ਹੈ | ਮੰਤਰਾਲੇ ਨੇ ਦੱਸਿਆ ਕਿ 8 ਲੱਖ ਟਨ ਐਲ. ਪੀ. ਜੀ. ਕਾਰਗੋ ਸੁਰੱਖਿਅਤ ਕਰ ਲਏ ਗਏ ਹਨ ਅਤੇ ਪੂਰੇ ਇਕ ਮਹੀਨੇ ਦੀ ਸਪਲਾਈ ਦਾ ਪੱਕਾ ਪ੍ਰਬੰਧ ਕਰ ਲਿਆ ਗਿਆ ਹੈ |
ਦੇਸ਼ ਕੋਲ 60 ਦਿਨਾਂ ਦਾ ਤੇਲ ਭੰਡਾਰ, 8 ਲੱਖ ਟਨ ਐਲ.ਪੀ.ਜੀ. ਸੁਰੱਖਿਅਤ-ਸਰਕਾਰ <br/>
ਅਜੀਤ ਡੈਸਕ
27-03-2026