ਅਦਾਕਾਰਾ ਰਕੁਲਪ੍ਰੀਤ ਸਿੰਘ ਦੀ ਇਸ ਸਾਲ 14 ਨਵੰਬਰ ਨੂੰ ਰਿਲੀਜ਼ ਹੋਈ ਫ਼ਿਲਮ 'ਦੇ ਦੇ ਪਿਆਰ ਦੇ-2', ਸਿਰਫ਼ ਤਿੰਨ ਦਿਨ ਵਿਚ 36.46 ਕਰੋੜ ਦੀ ਕਮਾਈ ਦੇ ਨਾਲ, ਸਰਬੋਤਮ ਕਮਾਈ ਕਰਨ ਵਾਲੀਆਂ ਉਸ ਦੀਆਂ ਫ਼ਿਲਮਾਂ 'ਦੇ ਦੇ ਪਿਆਰ ਦੇ' (104.13 ਕਰੋੜ), 'ਮਰਜਾਵਾਂ' (48.04 ਕਰੋੜ) ਅਤੇ 'ਯਾਰੀਆਂ' (40.01 ਕਰੋੜ) ਤੋਂ ਬਾਅਦ ਚੌਥੇ ਨੰਬਰ 'ਤੇ ਆ ਚੁੱਕੀ ਹੈ। ਫ਼ਿਲਮ ਦੀ ਕਮਾਈ ਦਾ ਇਹ ਸਿਲਸਿਲਾ ਅੱਗੇ ਵੀ ਕਈ ਦਿਨਾਂ ਤੱਕ ਬਾਦਸਤੂਰ ਜਾਰੀ ਰਹਿਣ ਵਾਲਾ ਹੈ। ਅੰਸ਼ੁਲ ਸ਼ਰਮਾ ਦੇ ਨਿਰੇਦਸ਼ਨ ਵਿਚ ਬਣੀ ਇਸ ਫ਼ਿਲਮ ਵਿਚ ਰਕੁਲਪ੍ਰੀਤ ਸਿੰਘ ਅਜੈ ਦੇਵਗਨ ਦੇ ਨਾਲ ਮੁੱਖ ਭੂਮਿਕਾ ਵਿਚ ਹੈ। ਫ਼ਿਲਮ 'ਦੇ ਦੇ ਪਿਆਰ ਦੇ-2' ਵਿਚ ਰਕੁਲਪ੍ਰੀਤ ਸਿੰਘ ਨੇ ਆਇਸ਼ਾ ਦੀ ਭੂਮਿਕਾ ਵਿਚ ਆਪਣੀ ਸਟਾਈਲਿਸ਼ ਦਿੱਖ ਨਾਲ ਹਰ ਕਿਸੇ ਦਾ ਦਿਲ ਜਿੱਤ ਲਿਆ। ਫ਼ਿਲਮ ਵਿਚ ਅਜੈ ਦੇਵਗਨ ਦੇ ਨਾਲ ਉਸ ਦੀ ਕੈਮਿਸਟਰੀ ਨੂੰ ਦਰਸ਼ਕ ਖ਼ੂਬ ਪਸੰਦ ਕਰ ਰਹੇ ਹਨ। ਆਪਣੀਆਂ ਫ਼ਿਲਮਾਂ ਵਿਚ ਬੇਹੱਦ ਦਮਦਾਰ ਐਕਟਿੰਗ ਲਈ ਹਰਮਨਪਿਆਰੀ ਰਕੁਲਪ੍ਰੀਤ ਸਿੰਘ ਆਪਣੇ ਕਿਰਦਾਰਾਂ ਵਿਚ ਜਾਨ ਪਾਉਣ ਲਈ ਸਖ਼ਤ ਮਿਹਨਤ ਤੋਂ ਜ਼ਰਾ ਵੀ ਜੀਅ ਨਹੀਂ ਚੁਰਾਉਂਦੀ। ਇਹੀ ਵਜ੍ਹਾ ਹੈ ਕਿ ਬੇਹੱਦ ਘੱਟ ਸਮੇਂ ਵਿਚ ਦੱਖਣ ਭਾਰਤੀ ਅਤੇ ਬਾਲੀਵੁੱਡ ਦੋਵਾਂ ਥਾਵਾਂ 'ਤੇ ਉਸ ਨੇ ਆਪਣਾ ਜਲਵਾ ਕਾਇਮ ਕਰਦੇ ਹੋਏ ਬਿਨਾਂ ਕਿਸੇ ਗਾਡਫਾਦਰ ਦੇ, ਪ੍ਰਸੰਸਕਾਂ ਦੇ ਦਿਲਾਂ ਵਿਚ ਖ਼ਾਸ ਥਾਂ ਬਣਾਈ ਹੈ। ਅੱਜ ਉਹ ਫ਼ਿਲਮ ਸਨਅਤ ਦੀਆਂ ਸਭ ਤੋਂ ਵਧੀਆ ਮਹਿਲਾ ਅਦਾਕਾਰਾਂ ਵਿਚੋਂ ਇਕ ਹੈ। ਫ਼ਿਲਮ 'ਗਿੱਲੀ' ਤੋਂ ਬਾਅਦ ਰਕੁਲਪ੍ਰੀਤ ਸਿੰਘ ਨੇ ਕਈ ਤਾਮਿਲ, ਤੇਲਗੂ ਅਤੇ ਕੰਨੜ ਫ਼ਿਲਮਾਂ ਵਿਚ ਕੰਮ ਕਰਦੇ ਹੋਏ ਦੱਖਣ ਭਾਰਤੀ ਫ਼ਿਲਮ ਸਨਅਤ ਵਿਚ ਬਹੁਤ ਨਾਂਅ ਕਮਾਇਆ। ਬੇਸ਼ੱਕ ਉਥੇ, ਉਹ ਚੋਟੀ ਦੀਆਂ ਪੰਜ ਨਾਇਕਾਵਾਂ ਵਿਚ ਕਦੀ ਆਪਣੀ ਥਾਂ ਨਾ ਬਣਾ ਸਕੀ ਹੋਵੇ ਪਰ ਉਸ ਦਾ ਐਕਟਿੰਗ ਕਰੀਅਰ ਕਾਫ਼ੀ ਸਫਲ ਕਿਹਾ ਜਾ ਸਕਦਾ ਹੈ।
ਦੱਖਣ ਵਿਚ ਇਕ ਮੰਨੀ-ਪ੍ਰਮੰਨੀ ਅਦਾਕਾਰਾ ਦੇ ਰੂਪ ਵਿਚ ਸਥਾਪਿਤ ਹੋ ਜਾਣ ਤੋਂ ਬਾਅਦ ਰਕੁਲ ਨੇ ਦਿਵਿਆ ਖੋਸਲਾ ਕੁਮਾਰ ਵਲੋਂ ਨਿਰਦੇਸ਼ਿਤ ਫ਼ਿਲਮ 'ਯਾਰੀਆਂ' ਤੋਂ ਹਿੰਦੀ ਸਿਨੇਮਾ ਜਗਤ ਵਿਚ ਕਦਮ ਰੱਖਿਆ। ਫ਼ਿਲਮ ਵਿਚ ਰਕੁਲ ਦੀ ਖ਼ੂਬਸੂਰਤੀ, ਮਦਹੋਸ਼ੀ ਭਰੀਆਂ ਉਸ ਦੀ ਅੱਖਾਂ ਅਤੇ ਗਲੈਮਰ ਨੇ ਸਭ ਦਾ ਮਨ ਮੋਹ ਲਿਆ। 'ਦੇ ਦੇ ਪਿਆਰ ਦੇ-2' ਤੋਂ ਪਹਿਲਾਂ ਰਕੁਲ ਇਸ ਸਾਲ ਪ੍ਰਦਰਸ਼ਿਤ ਫ਼ਿਲਮ 'ਮੇਰੇ ਹਸਬੈਂਡ ਕੀ ਬੀਵੀ' ਵਿਚ ਵੀ ਨਜ਼ਰ ਆਈ ਸੀ। ਬੇਸ਼ੱਕ ਇਹ ਫ਼ਿਲਮ ਟਿਕਟ ਖਿੜਕੀ 'ਤੇ ਕਮਾਲ ਨਹੀਂ ਦਿਖਾ ਸਕੀ, ਪਰ ਫ਼ਿਲਮ ਵਿਚ ਰਕੁਲਪ੍ਰੀਤ ਸਿੰਘ ਨੇ ਜਿਸ ਤਰ੍ਹਾਂ ਕਾਮੇਡੀ ਅਤੇ ਡਰਾਮਾ ਨੂੰ ਕੁਦਰਤੀ ਅੰਦਾਜ਼ ਵਿਚ ਸੰਤੁਲਨ ਬਣਾਇਆ ਸੀ, ਉਹ ਕਮਾਲ ਦਾ ਸੀ।
ਫਿਰ ਚੱਲਿਆ ਰਕੁਲਪ੍ਰੀਤ ਸਿੰਘ ਦਾ ਜਾਦੂ
ਅਜੀਤ ਡੈਸਕ
10-12-2025