ਸੰਨ 1949 ਵਿਚ ਅਸ਼ੋਕ ਕੁਮਾਰ ਤੇ ਮਧੂਬਾਲਾ ਦੀ ਫ਼ਿਲਮ 'ਮਹਿਲ' ਨੇ ਆਪਣੀ ਰਹੱਸਮਈ ਕਹਾਣੀ ਤੇ ਦਿਲਕਸ਼ ਸੰਗੀਤ ਸਦਕਾ ਦਰਸ਼ਕਾਂ ਦੇ ਮਨ ਮੋਹ ਲਏ ਸਨ। ਜਦੋਂ ਇਹ ਫ਼ਿਲਮ ਸਿਨੇਮਾਘਰਾਂ ਵਿਚ ਧੁੰਮਾਂ ਪਾ ਰਹੀ ਸੀ ਤਾਂ ਉਦੋਂ ਇਸ ਫ਼ਿਲਮ ਦਾ ਸੰਗੀਤ ਤਿਆਰ ਕਰਨ ਵਾਲਾ ਮਹਾਨ ਸੰਗੀਤਕਾਰ ਖੇਮਚੰਦ ਪ੍ਰਕਾਸ਼ ਇਸ ਨੂੰ ਆਪਣੇ ਕਰੀਅਰ ਦੀ ਆਖ਼ਰੀ ਫ਼ਿਲਮ ਵਜੋਂ ਬਾਲੀਵੁੱਡ ਦੀ ਝੋਲੀ ਪਾ ਕੇ ਇਸ ਫ਼ਾਨੀ ਜਹਾਨ ਨੂੰ ਸਦਾ ਲਈ ਅਲਵਿਦਾ ਆਖ ਗਿਆ ਸੀ। ਰਾਜਸਥਾਨ ਦੀ ਰਿਆਸਤ ਬੀਕਾਨੇਰ ਦੇ ਪਿੰਡ ਸੁਜਾਨਗੜ੍ਹ ਵਿਖੇ ਵੱਸਦੇ ਪੰਡਿਤ ਗੋਵਰਧਨ ਪ੍ਰਸਾਦ ਦੇ ਘਰ ਖੇਮਚੰਦ ਪ੍ਰਕਾਸ਼ ਦਾ ਜਨਮ 12 ਦਸੰਬਰ, 1903 ਨੂੰ ਹੋਇਆ ਸੀ। ਉਸਦੇ ਪਿਤਾ ਧਰੁੱਪਦ ਗਾਇਕੀ ਤੇ ਕੱਥਕ ਨਾਚ ਸ਼ੈਲੀ ਦੇ ਮਾਹਿਰ ਸਨ। ਅੱਲੜ੍ਹ ਉਮਰ ਵਿਚ ਹੀ ਆਪਣੇ ਪਿਤਾ ਵਾਂਗ ਖੇਮਚੰਦ ਪ੍ਰਕਾਸ਼ ਨੇ ਵੀ ਪਹਿਲਾਂ ਬੀਕਾਨੇਰ ਰਿਆਸਤ ਅਤੇ ਫਿਰ ਨਿਪਾਲ ਦੇ ਸ਼ਾਹੀ ਦਰਬਾਰ ਵਿਚ ਬਤੌਰ ਗਾਇਕ ਸੇਵਾ ਨਿਭਾਈ ਸੀ। ਰਾਜਸਥਾਨ ਦੇ ਲੋਕ-ਸੰਗੀਤ ਉੱਤੇ ਉਸਦੀ ਖ਼ਾਸੀ ਪਕੜ ਸੀ। ਫਿਰ ਇਕ ਦਿਨ ਉਹ ਕਲਕੱਤਾ ਆ ਗਿਆ ਤੇ ਇੱਥੋਂ ਦੀ ਮਸ਼ਹੂਰ ਸੰਸਥਾ 'ਨਿਊ ਥੀਏਟਰਜ਼' ਨਾਲ ਜੁੜ ਗਿਆ। ਸੰਨ 1938 ਦੀ ਹਿੱਟ ਫ਼ਿਲਮ 'ਸਟਰੀਟ ਸਿੰਗਰ' ਲਈ ਉਸਨੇ ਆਪਣੀ ਆਵਾਜ਼ ਵਿਚ 'ਖਾ ਲੋ ਮੈਡਮ ਖਾਨਾ' ਨਾਮਕ ਗੀਤ ਰਿਕਾਰਡ ਕਰਵਾਇਆ ਸੀ।
ਸੰਨ 1939 ਵਿਚ ਖੇਮਚੰਦ ਮੁੰਬਈ ਆ ਗਿਆ ਤੇ ਇਥੇ ਉਸ ਨੇ ਬਤੌਰ ਸੰਗੀਤ ਨਿਰਦੇਸ਼ਕ 'ਮੇਰੀ ਆਂਖੇਂ' ਅਤੇ 'ਗਾਜ਼ੀ ਸਲਾਊਦੀਨ' ਆਦਿ ਫ਼ਿਲਮਾਂ ਦਾ ਸੰਗੀਤ ਦੇ ਕੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਉਪਰੰਤ ਉਸਦਾ ਨਾਤਾ 'ਰਣਜੀਤ ਮੂਵੀਟੋਨ' ਜਿਹੀ ਸਥਾਪਿਤ ਫ਼ਿਲਮ ਸੰਸਥਾ ਨਾਲ ਜੁੜ ਗਿਆ ਤੇ ਇਸ ਸੰਸਥਾ ਲਈ ਉਸ ਨੇ 'ਦੀਵਾਲੀ', 'ਹੋਲੀ', 'ਪਰਦੇਸੀ', 'ਫ਼ਰਿਆਦ' ਆਦਿ ਫ਼ਿਲਮਾਂ ਵਿਚ ਖ਼ੁਰਸ਼ੀਦ ਨਾਮਕ ਗਾਇਕਾ ਨਾਲ ਕਈ ਹਿੱਟ ਗੀਤ ਪੇਸ਼ ਕੀਤੇ ਸਨ। ਸੰਨ 1943 ਵਿਚ ਉਸ ਵਲੋਂ ਤਿਆਰ ਕੀਤੇ ਸੰਗੀਤ ਨਾਲ ਸ਼ਿੰਗਾਰੀ ਫ਼ਿਲਮ 'ਤਾਨਸੇਨ' ਨੇ ਬਾਕਸ ਆਫ਼ਿਸ 'ਤੇ ਧੁੰਮਾਂ ਪਾ ਦਿੱਤੀਆਂ ਸਨ। ਇਸ ਫ਼ਿਲਮ ਦੇ ਗੀਤ- 'ਸੀਨੇ ਪੇ ਜੋ ਰਖ ਦੋ ਤੋ ਕਰਾਰ ਆ ਜਾਏ' ਅਤੇ 'ਰੁਮਝੁਮ ਰੁਮਝੁਮ ਚਾਲ ਤਿਹਾਰੀ ' ਉਸ ਵੇਲੇ ਸੁਪਰ-ਡੁਪਰ ਹਿੱਟ ਰਹੇ ਸਨ। ਸੰਨ 1948 ਵਿਚ ਬਣੀ ਫ਼ਿਲਮ 'ਜ਼ਿੱਦੀ' ਰਾਹੀਂ ਉਸ ਨੇ ਨਵੇਂ ਗਾਇਕ ਕਿਸ਼ੋਰ ਕੁਮਾਰ ਨੂੰ 'ਮਰਨੇ ਕੀ ਦੁਆ ਕਿਊਂ ਮਾਂਗੂੰ' ਨਾਮਕ ਸੁਰੀਲੇ ਗੀਤ ਰਾਹੀਂ ਸਰੋਤਿਆਂ ਦੇ ਸਨਮੁੱਖ ਕੀਤਾ ਸੀ। ਸੰਨ 1949 ਵਿਚ ਆਈ ਸਸਪੈਂਸ-ਥ੍ਰਿਲਰ ਫ਼ਿਲਮ 'ਮਹਿਲ' ਵਿਚਲੇ ਗੀਤ 'ਆਏਗਾ..ਆਏਗਾ ਆਨੇ ਵਾਲਾ' ਨੇ ਤਾਂ ਕਾਮਯਾਬੀ ਤੇ ਪ੍ਰਸਿੱਧੀ ਦਾ ਨਵਾਂ ਇਤਿਹਾਸ ਹੀ ਰਚ ਦਿੱਤਾ ਸੀ।
ਖੇਮਚੰਦ ਪ੍ਰਕਾਸ਼ ਦੇ ਸੁਰੀਲੇ ਸੰਗੀਤ ਨਾਲ ਸਜੀਆਂ ਫ਼ਿਲਮਾਂ ਵਿਚ 'ਪਾਤਾਲ', 'ਸ਼ਾਦੀ', 'ਪਿਆਸ', 'ਚਾਂਦਨੀ', 'ਭਰਥਰੀ ਹਰੀ', 'ਸ਼ਹਿਨਸ਼ਾਹ ਬਾਬਰ', 'ਸਮਾਜ ਕੋ ਬਦਲ ਡਾਲੋ', 'ਸਿੰਧੂਰ', 'ਸੁਹਾਗ', 'ਸਾਵਨ ਆਇਆ ਰੇ', 'ਜੈ ਸ਼ੰਕਰ', 'ਆਸ਼ਾ', 'ਤਮਾਸ਼ਾ', 'ਸ੍ਰੀ ਗਣੇਸ਼ ਜਨਮ', 'ਸਤੀ ਨਰਮਦਾ', 'ਰਿਮਝਿਮ', 'ਚਾਂਦਨੀ', 'ਧੰਨਾ ਭਗਤ', 'ਮੁਮਤਾਜ਼ ਮਹਿਲ' ਅਤੇ 'ਜਾਨ-ਪਹਿਚਾਨ' ਆਦਿ ਫ਼ਿਲਮਾਂ ਦੇ ਨਾਂਅ ਪ੍ਰਮੁੱਖ ਸਨ। 10 ਅਗਸਤ, 1950 ਨੂੰ ਛੋਟੀ ਉਮਰ ਵਿਚ ਹੀ ਸੋਰਾਇਸਿਸ ਦੀ ਬਿਮਾਰੀ ਤੋਂ ਪੀੜਤ ਹੋ ਕੇ ਇਹ ਮਹਾਨ ਸੰਗੀਤਕਾਰ ਇਸ ਫ਼ਾਨੀ ਜਹਾਨ ਨੂੰ ਅਲਵਿਦਾ ਕਹਿ ਗਿਆ ਸੀ। 17 ਮਈ, 2012 ਨੂੰ ਉੱਘੇ ਲੇਖਕ ਤੇ ਗੀਤਕਾਰ ਜਾਵੇਦ ਅਖ਼ਤਰ ਨੇ ਰਾਜ ਸਭਾ ਵਿੱਚ ਬਿਆਨ ਕੀਤਾ ਸੀ ਕਿ ਖੇਮਚੰਦ ਪ੍ਰਕਾਸ਼ ਦੀ ਪਤਨੀ ਨੂੰ ਆਪਣੀ ਜ਼ਿੰਦਗੀ ਦੇ ਅੰਤਿਮ ਦਿਨਾਂ ਵਿਚ ਭੀਖ ਮੰਗ ਕੇ ਦਿਨਕਟੀ ਕਰਨੀ ਪਈ ਸੀ।
-410, ਚੰਦਰ ਨਗਰ, ਬਟਾਲਾ।
ਨਿੱਕੀ ਉਮਰੇ ਗੂੜ੍ਹੀਆਂ ਪੈੜਾਂ ਪਾਉਣ ਵਾਲਾ ਸੰਗੀਤਕਾਰ : ਖੇਮਚੰਦ ਪ੍ਰਕਾਸ਼
ਅਜੀਤ ਡੈਸਕ
10-12-2025