ਦੱਖਣ ਭਾਰਤੀ ਫ਼ਿਲਮਾਂ ਦੇ ਮਹਾਨ ਅਦਾਕਾਰ ਅਤੇ ਪ੍ਰਿੰਸ ਦੇ ਨਾਂਅ ਨਾਲ ਮਸ਼ਹੂਰ ਮਹੇਸ਼ ਬਾਬੂ ਨੇ 'ਨੀਡਾ' ਤੋਂ ਬਤੌਰ ਬਾਲ ਕਲਾਕਾਰ ਕਰੀਅਰ ਸ਼ੁਰੂ ਕਰਨ ਤੋਂ ਬਾਅਦ ਲਗਭਗ 9 ਫ਼ਿਲਮਾਂ ਵਿਚ ਬਾਲ ਭੂਮਿਕਾਵਾਂ ਨਿਭਾਈਆਂ। ਉਸ ਤੋਂ ਬਾਅਦ ਫ਼ਿਲਮ 'ਰਾਜਾ ਕੁਮਾਰੂਡੁ' ਤੋਂ ਬਤੌਰ ਮੁੱਖ ਭੂਮਿਕਾ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। 'ਰਾਜਾ ਕੁਮਾਰੂਡੁ' ਵਿਚ ਮਹੇਸ਼ ਬਾਬੂ ਦੇ ਨਾਲ ਅਦਾਕਾਰਾ ਪ੍ਰੀਟੀ ਜ਼ਿੰਟਾ ਨਜ਼ਰ ਆਈ ਸੀ। ਮਹੇਸ਼ ਬਾਬੂ ਦੀ ਇਹ ਪਹਿਲੀ ਫ਼ਿਲਮ ਸੁਪਰ ਬਲਾਕਬੱਸਟਰ ਸਾਬਿਤ ਹੋਈ ਸੀ। ਇਨ੍ਹੀਂ ਦਿਨੀਂ ਉਹ ਐਸ. ਐਸ. ਰਾਜਾਮੌਲੀ ਦੀ ਐਕਸ਼ਨ ਅਡਵੈਂਚਰ ਵੱਡੇ ਬਜਟ ਵਾਲੀ ਫ਼ਿਲਮ 'ਵਾਰਾਣਸੀ' ਨੂੰ ਲੈ ਕੇ ਚਰਚਾ ਵਿਚ ਹੈ। ਇਸ ਫ਼ਿਲਮ ਦਾ ਟੈਂਟੇਟਿਵ ਟਾਈਟਲ ਪਹਿਲੇ 'ਐਸ. ਐਸ. ਐਮ. ਬੀ. 29' ਸੀ।
ਫ਼ਿਲਮ ਵਿਚ ਜਿਥੇ ਮਹੇਸ਼ ਬਾਬੂ ਮੁੱਖ ਭੂਮਿਕਾ ਵਿਚ ਹੈ, ਉਥੇ ਪ੍ਰਿਅੰਕਾ ਚੋਪੜਾ ਔਰਤ ਮੁਖ ਕਿਰਦਾਰ ਵਿਚ ਨਜ਼ਰ ਆਵੇਗੀ। ਇਸ ਫ਼ਿਲਮ ਜ਼ਰੀਏ ਪ੍ਰਿਅੰਕਾ ਕਈ ਸਾਲਾਂ ਬਾਅਦ ਭਾਰਤੀ ਸਿਨੇਮਾ ਦੇ ਵੱਡੇ ਪਰਦੇ 'ਤੇ ਵਾਪਸੀ ਕਰਨ ਜਾ ਰਹੀ ਹੈ। ਇਸ ਤੋਂ ਇਲਾਵਾ ਇਸ ਫ਼ਿਲਮ ਵਿਚ ਮਹੇਸ਼ ਬਾਬੂ ਅਤੇ ਪ੍ਰਿਅੰਕਾ ਚੋਪੜਾ ਦੋਵੇਂ ਹੀ, ਪਹਿਲੀ ਵਾਰ ਐਸ. ਐਸ. ਰਾਜਾਮੌਲੀ ਦੇ ਨਾਲ ਕੰਮ ਕਰਨ ਜਾ ਰਹੇ ਹਨ।
ਮਹੇਸ਼ ਬਾਬੂ ਅਤੇ ਪ੍ਰਿਅੰਕਾ ਚੋਪੜਾ ਦੇ ਨਾਲ ਦੱਖਣ ਭਾਰਤੀ ਅਦਾਕਾਰ ਪ੍ਰਿਥਵੀਰਾਜ ਸੁਕੁਮਾਰਨ ਵੀ ਇਸ ਫ਼ਿਲਮ 'ਵਾਰਾਣਸੀ' ਵਿਚ ਅਹਿਮ ਕਿਰਦਾਰ ਨਿਭਾਅ ਰਹੇ ਹਨ। ਫ਼ਿਲਮ ਦੇ ਐਲਾਨ ਦੇ ਨਾਲ ਹੀ ਫ਼ਿਲਮ ਨੂੰ ਲੈ ਕੇ ਚਰਚਾ ਤੇਜ਼ ਹੋ ਚੁੱਕੀ ਹੈ। ਰਿਪੋਰਟਾਂ ਅਨੁਸਾਰ ਐਸ. ਐਸ. ਰਾਜਾਮੌਲੀ ਦੀ ਇਹ ਮਲਟੀ ਸਟਾਰਰ ਫ਼ਿਲਮ 2027 ਵਿਚ ਰਿਲੀਜ਼ ਹੋਵੇਗੀ।
ਜੇਕਰ ਖ਼ਬਰਾਂ ਵੱਲ ਦੇਖੀਏ ਤਾਂ ਪ੍ਰਿਅੰਕਾ ਚੋਪੜਾ ਇਸ ਫ਼ਿਲਮ ਲਈ 30 ਕਰੋੜ ਰੁਪਏ ਬਤੌਰ ਮਿਹਨਤਾਨਾ ਲੈ ਰਹੀ ਹੈ। ਇਸ ਤੋਂ ਪਹਿਲਾਂ ਰਾਜਾਮੌਲੀ ਦੀ ਫ਼ਿਲਮ 'ਬਾਹੂਬਲੀ : ਦ ਬਿਗਨਿੰਗ' ਲਈ ਅਨੁਸ਼ਕਾ ਸ਼ੈਟੀ ਨੂੰ 5 ਕਰੋੜ ਅਤੇ 'ਆਰ. ਆਰ. ਆਰ.' ਲਈ ਆਲੀਆ ਭੱਟ ਨੂੰ 9 ਕਰੋੜ ਰੁਪਏ ਮਿਲੇ ਸਨ। ਇਸ ਤਰ੍ਹਾਂ ਫੀਸ ਦੇ ਮਾਮਲੇ ਵਿਚ ਪ੍ਰਿਅੰਕਾ ਚੋਪੜਾ, ਦੀਪਿਕਾ ਪਾਦੂਕੋਨ ਤੋਂ ਅੱਗੇ ਨਿਕਲ ਚੁੱਕੀ ਹੈ।
ਕਿਹਾ ਜਾ ਰਿਹਾ ਹੈ ਕਿ ਮਹੇਸ਼ ਬਾਬੂ ਇਸ ਫ਼ਿਲਮ ਲਈ ਕੋਈ ਫੀਸ ਨਹੀਂ ਲੈ ਰਹੇ ਹਨ। ਫਿਲਹਾਲ ਉਹ ਰਾਜਾਮੌਲੀ ਦੇ ਨਾਲ 'ਵਾਰਾਣਸੀ' ਨੂੰ ਇਕ ਵੱਡੀ ਫ਼ਿਲਮ ਬਣਾਉਣ ਵੱਲ ਧਿਆਨ ਕੇਂਦਿਰਤ ਕਰ ਰਹੇ ਹਨ। ਰਿਲੀਜ਼ ਤੋਂ ਬਾਅਦ ਫ਼ਿਲਮ 'ਵਾਰਾਣਸੀ' ਦੀ ਕਮਾਈ 'ਤੇ ਮਹੇਸ਼ ਬਾਬੂ ਦੀ ਤਨਖਾਹ ਨਿਰਭਰ ਕਰੇਗੀ। ਉਹ ਇਕ ਫ਼ਿਲਮ ਲਈ 60 ਤੋਂ 80 ਕਰੋੜ ਰੁਪਏ ਫੀਸ ਲੈਂਦੇ ਹਨ। ਕਰੀਬ ਦੋ ਸਾਲ ਪਹਿਲਾਂ ਹਿੰਦੀ ਫ਼ਿਲਮਾਂ ਵਿਚ ਉਸ ਦੇ ਕੰਮ ਕਰਨ ਦੇ ਇਕ ਸਵਾਲ 'ਤੇ ਉਨ੍ਹਾਂ ਨੇ ਕਿਹਾ ਸੀ ਕਿ ਬਾਲੀਵੁੱਡ ਲਈ ਉਨ੍ਹਾਂ ਨੂੰ ਸਹਿਣ ਕਰ ਸਕਣਾ ਮੁਸ਼ਕਿਲ ਹੈ।
ਮਹੇਸ਼ ਬਾਬੂ ਬੇਸ਼ੱਕ ਬਾਲੀਵੁੱਡ ਫ਼ਿਲਮਾਂ ਵਿਚ ਕੰਮ ਕਰਨਾ ਨਹੀਂ ਚਾਹੁੰਦੇ, ਪਰ ਵਿਆਹ ਉਨ੍ਹਾਂ ਨੇ ਬਾਲੀਵੁੱਡ ਫ਼ਿਲਮਾਂ ਦੀ ਅਦਾਕਾਰਾ ਨਮਰਤਾ ਸ਼ਿਰੋਢਕਰ ਨਾਲ ਕੀਤਾ ਸੀ।
ਮਹੇਸ਼ ਬਾਬੂ ਅਤੇ ਪ੍ਰਿਅੰਕਾ ਚੋਪੜਾ ਦੀ 'ਵਾਰਾਣਸੀ'
ਅਜੀਤ ਡੈਸਕ
10-12-2025