20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

ਧੁਰੋਂ ਲਿਖੇ ਸੰਯੋਗ

ਅਜੀਤ ਡੈਸਕ 10-12-2025

ਪ੍ਰਤਿਭਾਵਾਨ ਅਭਿਨੇਤਰੀ ਤਾਪਸੀ ਪੰਨੂੰ ਵਿਆਹ ਤੋਂ ਬਾਅਦ ਜ਼ਿਆਦਾ ਸਮਾਂ ਡੈਨਮਾਰਕ ਵਿਖੇ ਬਤੀਤ ਕਰ ਰਹੀ ਹੈ ਤੇ ਨਾਲ ਹੀ ਉਸ ਦੇ ਪਿਤਾ ਦਿਲਮੋਹਨ ਸਿੰਘ ਪੰਨੂੰ ਤੇ ਮਾਂ ਨਿਰਮਲਜੀਤ ਵੀ ਡੈਨਿਸ ਲੋਕਾਂ ਨਾਲ ਜੀਵਨ ਬਸਰ ਕਰ ਰਹੇ ਹਨ। ਤਾਪਸੀ ਨੇ ਡੈਨਿਸ਼ ਲੜਕੇ ਮੈਥੀਆਸ ਨਾਲ ਵਿਆਹ ਕਰਵਾਇਆ ਹੋਇਆ ਹੈ ਪਰ ਉਨ੍ਹਾਂ ਦੱਸਿਆ ਕਿ ਡੈਨਮਾਰਕ ਦੇ ਲੋਕਾਂ ਲਈ ਸ਼ੁਰੂ-ਸ਼ੁਰੂ 'ਚ ਅਸੀਂ ਅਜੀਬ ਜਿਹੇ ਲੱਗੇ ਪਰ ਉਸ ਨੇ ਉਥੇ ਆਪਣਾ ਅਲੱਗ ਕਮਰਾ ਅਤੇ ਮਾਪਿਆਂ ਲਈ ਅਲੱਗ ਕਮਰਾ ਰੱਖਿਆ ਹੈ। ਤਾਪਸੀ ਤੇ ਉਸ ਦਾ ਪਤੀ ਸਾਰਾ ਦਿਨ ਇਕ ਵਪਾਰ ਦੀ ਖਾਤਿਰ ਯਾਤਰਾ 'ਤੇ ਰਹਿੰਦੇ ਹਨ ਪਰ ਹੁਣ ਉਸ ਦੇ ਮਾਤਾ-ਪਿਤਾ ਥੋੜ੍ਹੇ ਬਹੁਤ ਡੈਨਿਸ਼ ਲੋਕਾਂ ਨੂੰ ਮਿਲ ਰਹੇ ਹਨ। ਉਥੋਂ ਦੇ ਲੋਕ ਅਜੀਬ ਹਨ ਤੇ ਤਾਪਸੀ ਅਨੁਸਾਰ ਉਥੇ ਛੋਟੇ-ਵੱਡੇ ਵਾਲੀ ਗੱਲ ਨਹੀਂ ਹੈ। ਇਸ ਸਾਲ ਜੂਨ ਮਹੀਨੇ ਤਾਪਸੀ ਭਾਰਤ ਆਈ ਸੀ ਤੇ ਉਸ ਦੱਸਿਆ ਸੀ ਕਿ ਉਸ ਦਾ ਮਕਸਦ ਆਪਣੇ ਐਨ.ਜੀ.ਓ. ਨਾਲ ਮਿਲ ਕੇ ਗ਼ਰੀਬ ਲੋਕਾਂ ਨੂੰ ਪੱਖੇ ਤੇ ਕੂਲਰ ਵੰਡਣਾ ਸੀ। ਉਹ ਗ਼ਰੀਬਾਂ ਦਾ ਦਰਦ ਸਮਝਦੀ ਹੈ ਤੇ ਉਸ ਤੋਂ ਗ਼ਰੀਬ ਦੇਖੇ ਨਹੀਂ ਜਾਂਦੇ। ਉਸ ਦਾ ਦਿਲ ਕਰਦਾ ਹੈ ਕਿ ਉਹ ਵੱਧ ਤੋਂ ਵੱਧ ਇਨ੍ਹਾਂ ਗ਼ਰੀਬਾਂ ਦੀ ਮਦਦ ਕਰੇ। ਤਾਪਸੀ ਕੋਈ ਵੀ ਗੱਲ ਲੁਕੋਅ ਨਹੀਂ ਸਕਦੀ ਤੇ ਉਸ ਨੇ ਕਿਹਾ ਕਿ ਉਸ ਨੇ ਜ਼ਿੰਦਗੀ 'ਚ ਦੋ ਹੀ ਪਿਆਰ ਕੀਤੇ ਹਨ ਇਕ ਇਹ ਜਿਸ ਨਾਲ ਵਿਆਹ ਕੀਤਾ ਹੈ ਡੈਨਮਾਰਕ ਵਾਲਾ ਤੇ ਦੂਜਾ ਪਿਆਰ ਨਿੱਕੀ ਉਮਰ 'ਚ ਜਦੋਂ ਉਹ ਨੌਵੀਂ ਜਮਾਤ 'ਚ ਪੜ੍ਹਦੀ ਸੀ ਪਰ ਜਿਸ ਨਾਲ ਉਸ ਨੇ ਇਹ ਪਿਆਰ ਕੀਤਾ, ਉਸ ਨੇ ਇਹ ਆਖ ਕੇ ਨਾਂਹ ਕੀਤੀ ਕਿ ਉਸ ਨੇ ਦਸਵੀਂ ਜਮਾਤ ਦੇ ਬੋਰਡ ਪੇਪਰਾਂ ਦੀ ਤਿਆਰੀ ਕਰਨੀ ਹੈ ਤੇ ਇਹ ਅਧੂਰਾ ਪਿਆਰ ਉਸੇ ਹੀ ਇਕ ਦਿਨ 'ਚ ਇਕ ਪਲ 'ਚ ਹੋ ਕੇ ਇਕ ਪਲ 'ਚ ਹੀ ਟੁੱਟ ਗਿਆ ਸੀ। ਪੰਜਾਬ ਦੀ ਜੱਟ ਪਰਿਵਾਰ ਦੀ ਧੀ ਹਾਂ, ਭੁੱਲ ਤਾਂ ਨਹੀਂ ਸਕਦੀ ਪਰ ਇਹ ਜ਼ਰੂਰ ਹੈ ਕਿ ਉਹ ਵੀ ਆਪਣੀ ਜ਼ਿੰਦਗੀ 'ਚ ਸਥਾਪਿਤ ਹੈ ਤੇ ਆਖਦਾ ਹੈ ਤਾਪਸੀ ਉਦੋਂ ਮੰਨ ਜਾਂਦਾ ਤਾਂ ਅੱਜ ਤੁਹਾਡਾ ਪਤੀ ਹੁੰਦਾ। ਸੰਯੋਗ ਸੱਚੀਂ ਪਰਮਾਤਮਾ ਧੁਰੋਂ ਲਿਖ ਕੇ ਭੇਜਦਾ ਹੈ ਤੇ ਬੇਗਾਨੇ ਮੁਲਕ, ਬੇਗਾਨਾ ਧਰਮ, ਉਸ ਦਾ ਵਿਆਹ ਇਹ ਸਭ ਕਰਮਾਂ ਦੀ ਖੇਡ ਹੈ। ਫ਼ਿਲਮਾਂ ਬਾਰੇ ਤਾਪਸੀ ਨੇ ਕਿਹਾ ਕਿ ਫਿਲਹਾਲ ਉਹ ਜੀਵਨ ਦੇ ਅਨੰਦਿਤ ਪਲ ਗੁਜ਼ਾਰ ਰਹੀ ਹੈ ਤੇ ਦੱਖਣ ਤੋਂ ਉਸ ਨੂੰ ਪੇਸ਼ਕਸ਼ਾਂ ਮਿਲ ਰਹੀਆਂ ਹਨ, ਕੁਝ ਸਮੇਂ ਬਾਅਦ ਦੇਖਦੀ ਹਾਂ।
-ਸੁਖਜੀਤ ਕੌਰ

ਪਿਛਲੀ ਖ਼ਬਰ ਮਹੇਸ਼ ਬਾਬੂ ਅਤੇ ਪ੍ਰਿਅੰਕਾ ਚੋਪੜਾ ਦੀ 'ਵਾਰਾਣਸੀ' ਅਗਲੀ ਖ਼ਬਰ ਭੂਮੀ ਪੇਡਨੇਕਰ ਨਾਲ ਨਜ਼ਰ ਆਉਣਗੇ ਇਮਰਾਨ ਖ਼ਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।