ਅੱਜ ਜਨਮ ਦਿਨ 'ਤੇ ਵਿਸ਼ੇਸ਼
ਇਹ ਦੁਨੀਆ ਸਿਰਫ਼ ਇਕ ਸ਼ਬਦ 'ਸੱਚ' 'ਤੇ ਟਿਕੀ ਹੋਈ ਹੈ, ਜੇਕਰ ਅਸੀਂ ਹੁਣ ਤੋਂ ਸੱਚ ਬੋਲਣਾ ਸ਼ੁਰੂ ਕਰ ਦੇਈਏ ਤਾਂ 99 ਫ਼ੀਸਦੀ ਸਮੱਸਿਆਵਾਂ ਤੇ ਗਿਲੇ-ਸ਼ਿਕਵੇ ਖ਼ਤਮ ਹੋ ਜਾਣਗੇ । ਗੀਤਾ, ਕੁਰਾਨ, ਬਾਈਬਲ ਸਭ ਸੱਚ ਦਾ ਪੈਗ਼ਾਮ ਹੀ ਦਿੰਦੇ ਹਨ, ਇਹ ਸ਼ਬਦ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਇੰਦਰ ਕੁਮਾਰ ਗੁਜਰਾਲ ਜੀ ਦੇ ਹਨ, ਜੋ ਕਿਹਾ ਕਰਦੇ ਸਨ ਕਿ ਅੱਜ ਦੇ ਸਮੇਂ 'ਚ ਸੱਚ ਬੋਲਣਾ ਸਭ ਤੋਂ ਮੁਸ਼ਕਿਲ ਕੰਮ ਹੈ। ਉਨ੍ਹਾਂ ਦਾ ਜਨਮ 4 ਦਸੰਬਰ 1919 ਨੂੰ ਜ਼ਿਲ੍ਹਾ ਜੇਹਲਮ (ਪਾਕਿਸਤਾਨ) ਦੇ ਨੇੜੇ ਇਕ ਛੋਟੇ ਜਿਹੇ ਪਿੰਡ 'ਚ ਹੋਇਆ ਸੀ। ਉਨ੍ਹਾਂ ਦੇ ਪਿਤਾ ਅਵਤਾਰ ਨਰਾਇਣ ਗੁਜਰਾਲ ਜੇਹਲਮ ਦੇ ਇਕ ਮੰਨੇ ਹੋਏ ਵਕੀਲ ਸਨ। ਜਦੋਂ 1921-22 ਵਿਚ ਉਨ੍ਹਾਂ ਦੇ ਪਿਤਾ ਜੀ ਨੇ ਦੇਸ਼ ਦੇ ਸੁਤੰਤਰਤਾ ਲਈ ਜੂਝਣ ਵਾਲੇ ਲੋਕਾਂ ਨੂੰ ਅੰਗਰੇਜ਼ੀ ਸ਼ਾਸਨ ਦੇ ਅੱਤਿਆਚਾਰ ਤੋਂ ਬਚਾਉਣ ਲਈ ਜਦੋਂ ਨਿਆਂ ਪ੍ਰਕਿਰਿਆ ਦਾ ਸਹਾਰਾ ਲੈਣ ਸ਼ੁਰੂ ਕੀਤਾ ਤਾਂ ਪ੍ਰਸ਼ਾਸਨ ਨੂੰ ਉਨ੍ਹਾਂ ਦੀ ਇਹ ਭੂਮਿਕਾ ਪਸੰਦ ਨਾ ਆਈ। ਇਸ ਲਈ ਉਹ ਆਜ਼ਾਦੀ ਲਈ ਸੰਘਰਸ਼ ਕਰਨ ਵਾਲੇ ਲੋਕਾਂ 'ਚ ਸ਼ਾਮਿਲ ਹੋ ਗਏ। ਜਿਸ ਕਰਕੇ ਗੁਜਰਾਲ ਸਾਹਿਬ ਨੂੰ ਬਚਪਨ ਤੋਂ ਵੱਡੇ ਨੇਤਾਵਾਂ ਦੇ ਵਿਚਾਰ ਸੁਣਨ ਦਾ ਮੌਕਾ ਮਿਲਣ ਲੱਗਿਆ ਤੇ ਉਨ੍ਹਾਂ ਦੇ ਦਿਮਾਗ਼ 'ਤੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਵਿਚਾਰਾਂ ਦਾ ਵੀ ਡੂੰਘਾ ਪ੍ਰਭਾਵ ਪਿਆ।
ਭਾਰਤ ਦੇ ਸਾਬਕਾ ਉਪ ਰਾਸ਼ਟਰਪਤੀ ਮਰਹੂਮ ਕ੍ਰਿਸ਼ਨਕਾਂਤ ਨੇ ਕਿਹਾ ਸੀ ਕਿ ਇੰਦਰ ਕੁਮਾਰ ਗੁਜਰਾਲ ਦੁਆਰਾ ਦਰਸਾਇਆ ਗਿਆ 'ਗੁਜਰਾਲ ਡਾਕਟਰਾਈਨ ਦਾ ਸਿਧਾਂਤ' ਵਿਸ਼ਵ ਭਲਾਈ ਤੇ ਸ਼ਾਂਤੀ ਲਈ ਇਕੋ ਰਸਤਾ ਹੈ, ਜੇਕਰ ਸੰਸਾਰ ਦੇ 195 ਦੇਸ਼ ਗੁਜਰਾਲ ਸਿਧਾਂਤ 'ਤੇ ਅਮਲ ਕਰਨ ਲੱਗ ਜਾਣ ਤਾਂ ਵਿਸ਼ਵ ਯੁੱਧ ਜਿਹਾ ਵਿਨਾਸ਼ ਮਾਨਵਤਾ ਨੂੰ ਫਿਰ ਕਦੇ ਵੇਖਣ ਨੂੰ ਨਹੀਂ ਮਿਲੇਗਾ। ਗੁਜਰਾਲ ਸਿਧਾਂਤ ਮਾਨਵਤਾ ਦੇ ਲਈ ਅਮਨ, ਭਾਈਚਾਰੇ ਤੇ ਖ਼ੁਸ਼ਹਾਲੀ ਦਾ ਮੂਲ ਮੰਤਰ ਬਣ ਸਕਦਾ ਹੈ। ਗੁਜਰਾਲ ਸਾਹਿਬ ਦੇ ਦਿਲ 'ਚ ਸਿਰਫ਼ ਮਾਨਵਤਾ ਵੱਸਦੀ ਸੀ, ਉਹ ਜਿੰਨਾ ਪਿਆਰ ਭਾਰਤ ਨਾਲ ਕਰਦੇ ਸਨ ਉਤਨਾ ਦੀ ਸਰਹੱਦਾਂ ਦੇ ਬੰਧਨਾਂ 'ਚ ਰਹਿੰਦੇ ਹੋਏ ਸਭ ਗੁਆਂਢੀ ਦੇਸ਼ਾਂ ਦੇ ਲੋਕਾਂ ਨਾਲ ਵੀ ਕਰਦੇ ਸਨ। ਪ੍ਰੋ. ਗੋਪੀਨਾਥ ਨਾਰੰਗ ਕਹਿੰਦੇ ਸਨ ਕਿ ਇੰਦਰ ਕੁਮਾਰ ਗੁਜਰਾਲ ਅਜਿਹੇ ਚਿਰਾਗ ਸਨ, ਜਿਸ ਦੀ ਰੌਸ਼ਨੀ ਸਭ ਪਾਸੇ ਫੈਲਦੀ ਸੀ। ਉਨਾਂ ਦੀ ਸਾਹਿਤ 'ਚ ਡੂੰਘੀ ਰੁਚੀ ਸੀ। ਉਨ੍ਹਾਂ ਉਰਦੂ ਦੀ ਤਰੱਕੀ ਲਈ ਬਹੁਤ ਲਗਨ ਤੇ ਇਮਾਨਦਾਰੀ ਨਾਲ ਕੋਸ਼ਿਸ਼ਾਂ ਕੀਤੀਆਂ। ਭਾਰਤ ਦੀ ਹੈਦਰਾਬਾਦ ਸਥਿਤ ਪਹਿਲੀ ਉਰਦੂ ਯੂਨੀਵਰਸਿਟੀ ਦੇ ਪਹਿਲੇ ਚਾਂਸਲਰ ਗੁਜਰਾਲ ਸਾਹਿਬ ਹੀ ਸਨ।
ਸ. ਖ਼ੁਸ਼ਵੰਤ ਸਿੰਘ ਕਹਿੰਦੇ ਸਨ ਕਿ ਗੁਜਰਾਲ ਸਾਹਿਬ ਹਮੇਸ਼ਾ ਸੱਚ ਬੋਲਦੇ ਸਨ ਅਤੇ ਜੋ ਗੱਲ ਉਨ੍ਹਾਂ ਨੂੰ ਚੰਗੀ ਨਾ ਲੱਗਦੀ ਉਸ ਦਾ ਮੂੰਹ 'ਤੇ ਵਿਰੋਧ ਕਰਦੇ ਸਨ ਅਤੇ ਇਸ ਦਾ ਕੋਈ ਵੀ ਬੁਰਾ ਨਹੀਂ ਮਨਾਉਂਦਾ ਸੀ। ਉਨ੍ਹਾਂ ਦੇ ਅਸੂਲ ਹੀ ਉਨ੍ਹਾਂ ਨੂੰ ਇੰਨਾ ਅੱਗੇ ਲੈ ਗਏ। ਵਾਜ਼ਾ ਹਸਨ ਨਿਜ਼ਾਮੀ ਕਿਹਾ ਕਰਦੇ ਸੀ ਕਿ ਕੁਝ ਲੋਕ ਇਤਿਹਾਸ ਬਣਾਉਂਦੇ ਹਨ ਅਤੇ ਕੁਝ ਲੋਕ ਇਤਿਹਾਸ ਲਿਖਦੇ ਹਨ, ਪਰ ਗੁਜਰਾਲ ਸਾਹਿਬ ਨੇ ਇਤਿਹਾਸ ਬਣਾਇਆ ਵੀ ਤੇ ਲਿਖਿਆ ਵੀ। ਸਾਨੂੰ ਯਾਦ ਹੈ ਕਿ ਅਗਸਤ 1997 'ਚ ਪ੍ਰਧਾਨ ਮੰਤਰੀ ਵਜੋਂ ਗੁਜਰਾਲ ਸਾਹਿਬ ਨੇ ਪੰਜਾਬ ਦਾ 8,500 ਕਰੋੜ ਦਾ ਕਰਜ਼ਾ ਮੁਆਫ਼ ਕਰਨ ਦਾ ਐਲਾਨ ਕੀਤਾ ਸੀ। ਗੁਜਰਾਲ ਸਾਹਿਬ ਤੇ ਸਰਦਾਰ ਬਾਦਲ ਜਾਣਦੇ ਸਨ ਕਿ ਕਰਜ਼ ਮੁਆਫ਼ੀ ਦਾ ਇਹ ਮਾਮਲਾ ਇੰਨਾ ਆਸਾਨ ਨਹੀਂ ਹੈ, ਕਿਉਂਕਿ ਕੇਂਦਰ ਸਾਹਮਣੇ ਅਸਾਮ, ਜੰਮੂ-ਕਸ਼ਮੀਰ ਤਿਰਪੁਰਾ ਆਦਿ ਦੀ ਵੀ ਅਜਿਹੀ ਹੀ ਕਰਜ਼ ਸਮੱਸਿਆ ਸੀ, ਇਨ੍ਹਾਂ ਸੂਬਿਆਂ ਸਿਰ ਇਹ ਕਰਜ਼ਾ ਅੱਤਵਾਦ ਤੇ ਵੱਖਵਾਦ ਵਿਰੁੱਧ ਲੜਦਿਆਂ ਚੜ੍ਹਿਆ ਸੀ। ਫਿਰ ਉਨ੍ਹਾਂ ਦੁਆਰਾ ਪੰਜਾਬ ਦਾ ਕਰਜ਼ਾ ਮੁਆਫ਼ ਕਰਨਾ ਇਕ ਇਤਿਹਾਸਕ ਫ਼ੈਸਲਾ ਸੀ, ਹਾਲਾਂਕਿ ਵਿੱਤ ਮੰਤਰਾਲਾ ਇਸ ਦੇ ਪੱਖ 'ਚ ਨਹੀਂ ਸੀ। ਉਨ੍ਹਾਂ ਦੀ ਹਮੇਸ਼ਾ ਇਹੀ ਸੋਚ ਸੀ ਕਿ ਲੋਕਾਂ ਦਾ ਧਨ ਲੋਕਾਂ ਦੇ ਹੀ ਕੰਮ ਆਉਣਾ ਚਾਹੀਦਾ ਹੈ। ਜਦੋਂ ਸੇਵਾ, ਨਿਸ਼ਠਾ ਤੇ ਭਾਵਨਾਵਾਂ ਲੋਕਾਂ ਨੂੰ ਸਮਰਪਿਤ ਹੋਣ ਤਾਂ ਵੱਡੇ ਤੋਂ ਵੱਡੇ ਕੰਮ ਵੀ ਹੋ ਜਾਂਦੇ ਹਨ। ਜਦੋਂ ਕੋਈ ਰਾਜਨੇਤਾ ਪੂਰੀ ਤਰ੍ਹਾਂ ਸਮਰਪਿਤ ਹੋਵੇ ਤਾਂ ਉਸ ਦੀ ਸੋਚ ਤੇ ਭਾਵਨਾਵਾਂ ਆਮ ਜਨਤਾ ਪ੍ਰਤੀ ਭੇਦਭਾਵ ਦੇ ਬੰਧਨਾਂ ਨੂੰ ਤੋੜ ਕੇ ਸਭ ਲਈ ਇਕੋ ਜਿਹੀਆਂ ਹੁੰਦੀਆਂ ਹਨ। ਗੁਜਰਾਲ ਸਾਹਿਬ ਲੋਕ ਸਭਾ ਤੇ ਮੀਡੀਆ ਵਿਚ ਪੰਜਾਬ ਦੀਆਂ ਰਾਜਨੀਤਕ ਸਮੱਸਿਆਵਾਂ ਤੇ ਸਮਾਜਿਕ ਵਿਕਾਸ ਦੀਆਂ ਲੋੜਾਂ ਬਾਰੇ ਹਮੇਸ਼ਾ ਖੁੱਲ੍ਹ ਕੇ ਬੋਲਦੇ ਤੇ ਲਿਖਦੇ ਸਨ। ਲੋਕ ਭਾਵਨਾਵਾਂ ਨੂੰ ਪ੍ਰਗਟਾਉਣਾ ਉਹ ਚੰਗੀ ਤਰ੍ਹਾਂ ਜਾਣਦੇ ਸਨ। ਹੌਲੀ ਬੋਲਣਾ ਤੇ ਉੱਚੇ ਸੁੱਚੇ ਸ਼ਬਦ ਵਰਤਣੇ ਉਨ੍ਹਾਂ ਦੇ ਭਾਸ਼ਨਾਂ ਦਾ ਸ਼ਿੰਗਾਰ ਸੀ।
ਮਾਨਵਤਾ ਦੇ ਪ੍ਰਤੀ ਸਨੇਹ ਉਨ੍ਹਾਂ ਨੂੰ ਵਿਰਾਸਤ 'ਚ ਮਿਲਿਆ ਸੀ। ਉਨ੍ਹਾਂ ਦੀ ਮਾਤਾ ਸ੍ਰੀਮਤੀ ਪੁਸ਼ਪਾ ਗੁਜਰਾਲ ਨੇ ਨਾਰੀ ਨਿਕੇਤਨ ਬਣਾ ਕੇ ਨਾਰੀ ਸ਼ਕਤੀ ਦੀਆਂ ਕਠਿਨਾਈਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਸੀ ਅਤੇ ਏ.ਐਨ. ਗੁਜਰਾਲ ਸੀਨੀਅਰ ਸੈਕੰਡਰੀ ਸਕੂਲ ਦੀ ਸਥਾਪਨਾ ਕੀਤੀ। ਉਨ੍ਹਾਂ ਦੇ ਪਿਤਾ ਅਵਤਾਰ ਨਰਾਇਣ ਗੁਜਰਾਲ ਆਜ਼ਾਦੀ ਦੀ ਲੜਾਈ 'ਚ ਸ਼ਾਮਿਲ ਹੋ ਕੇ ਦੇਸ਼ ਦੀ ਸੇਵਾ ਹਿੱਤ ਜੇਲ੍ਹ ਵੀ ਗਏ। ਗੁਜਰਾਲ ਪਰਿਵਾਰ ਦਾ ਜਲੰਧਰ ਨਾਲ ਬਹੁਤ ਗੂੜ੍ਹਾ ਨਾਤਾ ਰਿਹਾ ਹੈ। ਦਿੱਲੀ ਦੇ ਡਿਪਟੀ ਮੇਅਰ ਦੇ ਅਹੁਦੇ ਤੋਂ ਦੇਸ਼ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਤੱਕ ਪਹੁੰਚਣਾ ਕੋਈ ਆਮ ਗੱਲ ਨਹੀਂ ਹੈ। ਅੱਜ ਗੁਜਰਾਲ ਸਾਹਿਬ ਦੇ ਜਨਮ ਦਿਵਸ ਮੌਕੇ ਅਸੀਂ ਭਾਰਤ ਦੇ ਇਸ ਮਹਾਨ ਸਪੂਤ ਨੂੰ ਯਾਦ ਕਰ ਰਹੇ ਹਾਂ। ਗੁਜਰਾਲ ਸਾਹਿਬ ਜਲੰਧਰ ਵਾਸੀਆਂ ਦੀਆਂ ਯਾਦਾਂ ਵਿਚ ਅੱਜ ਵੀ ਜ਼ਿੰਦਾ ਹਨ।
-ਮੋਬਾਈਲ : 98720-68120