24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2026

ਮਨੁੱਖਤਾ, ਬਰਾਬਰੀ ਤੇ ਸੱਚ ਦੇ ਰਹਿਬਰ : ਗੁਰੂ ਨਾਨਕ ਦੇਵ ਜੀ

ਮਨੁੱਖਤਾ, ਬਰਾਬਰੀ ਤੇ ਸੱਚ ਦੇ ਰਹਿਬਰ : ਗੁਰੂ ਨਾਨਕ ਦੇਵ ਜੀ

ਅਜੀਤ ਡੈਸਕ 24-11-2026
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨੁੱਖਤਾ, ਸੱਚ, ਪਿਆਰ, ਬਰਾਬਰੀ, ਸੇਵਾ ਤੇ ਆਪਸੀ ਭਾਈਚਾਰੇ ਦੇ ਉਨ੍ਹਾਂ ਦੇ ਮਹਾਨ ਫ਼ਲਸਫ਼ੇ ਨੂੰ  ਯਾਦ ਕਰਨ ਦਾ ਪਵਿੱਤਰ ਮੌਕਾ ਹੈ, ਜਿਸ ਨੇ ਸਦੀਆਂ ਪਹਿਲਾਂ ਸਮਾਜ ਨੂੰ  ਨਵੀਂ ਦਿਸ਼ਾ ਦਿੱਤੀ ਅਤੇ ਅੱਜ ਵੀ ਸਮੁੱਚੀ ਦੁਨੀਆ ਨੂੰ  ਮਨੁੱਖੀ ਕਦਰਾਂ-ਕੀਮਤਾਂ ਦਾ ਰਾਹ ਦਿਖਾ ਰਿਹਾ ਹੈ | ਗੁਰੂ ਨਾਨਕ ਦੇਵ ਜੀ ਨੇ ਅਜਿਹੇ ਸਮੇਂ ਸੰਸਾਰ 'ਚ ਅਵਤਾਰ ਧਾਰਿਆ, ਜਦੋਂ ਸਮਾਜ ਜਾਤ-ਪਾਤ, ਧਾਰਮਿਕ ਕੱਟੜਤਾ, ਅੰਧਵਿਸ਼ਵਾਸ, ਸਮਾਜਿਕ ਅਸਮਾਨਤਾ, ਕਰਮਕਾਂਡਾਂ ਤੇ ਮਨੁੱਖੀ ਸ਼ੋਸ਼ਣ ਵਰਗੀਆਂ ਬੁਰਾਈਆਂ ਨਾਲ ਜੂਝ ਰਿਹਾ ਸੀ | ਅਜਿਹੇ ਦੌਰ 'ਚ ਉਨ੍ਹਾਂ ਨੇ ਆਪਣੀ ਇਲਾਹੀ ਬਾਣੀ, ਵਿਚਾਰਧਾਰਾ ਤੇ ਜੀਵਨ-ਜਾਚ ਰਾਹੀਂ ਮਨੁੱਖ ਨੂੰ  ਮਨੁੱਖ ਨਾਲ ਜੋੜਨ ਅਤੇ ਸਮਾਜ ਨੂੰ  ਸੱਚ ਤੇ ਇਨਸਾਫ਼ ਦੇ ਮਾਰਗ 'ਤੇ ਤੋਰਨ ਦਾ ਮਹਾਨ ਕਾਰਜ ਕੀਤਾ | ਗੁਰੂ ਸਾਹਿਬ ਨੇ ਸਪੱਸ਼ਟ ਕੀਤਾ ਕਿ ਧਰਮ ਕੇਵਲ ਪੂਜਾ-ਪਾਠ ਜਾਂ ਬਾਹਰੀ ਦਿਖਾਵੇ ਦਾ ਨਾਂਅ ਨਹੀਂ, ਸਗੋਂ ਸੱਚੀ ਕਿਰਤ, ਨਿਮਰਤਾ, ਦਇਆ ਤੇ ਮਨੁੱਖਤਾ ਦੀ ਸੇਵਾ ਹੀ ਅਸਲ ਧਰਮ ਹੈ |
ਉਨ੍ਹਾਂ ਦਾ ਮਹਾਨ ਫ਼ਲਸਫ਼ਾ ਇਕ ਓਅੰਕਾਰ ਦੇ ਸਿਧਾਂਤ 'ਚ ਸਮਾਇਆ ਹੋਇਆ ਹੈ | ਇਸ ਦਾ ਭਾਵ ਹੈ ਕਿ ਸਾਰੀ ਸਿ੍ਸ਼ਟੀ ਦਾ ਸਿਰਜਣਹਾਰ ਇਕ ਹੈ ਤੇ ਸਮੁੱਚੀ ਮਨੁੱਖਤਾ ਉਸੇ ਇਕ ਪਰਮਾਤਮਾ ਦੀ ਸੰਤਾਨ ਹੈ | ਇਸੇ ਲਈ ਗੁਰੂ ਸਾਹਿਬ ਨੇ ਧਰਮ, ਜਾਤ, ਰੰਗ, ਨਸਲ ਤੇ ਭਾਸ਼ਾ ਦੇ ਆਧਾਰ 'ਤੇ ਮਨੁੱਖਤਾ 'ਚ ਵੰਡੀਆਂ ਪਾਉਣ ਦਾ ਸਖ਼ਤ ਵਿਰੋਧ ਕੀਤਾ ਸੀ | ਗੁਰੂ ਜੀ ਨੇ ਆਪਣੀਆਂ ਚਾਰ ਉਦਾਸੀਆਂ ਰਾਹੀਂ ਭਾਰਤ ਅਤੇ ਵੱਖ-ਵੱਖ ਦੇਸ਼ਾਂ ਤੇ ਧਾਰਮਿਕ ਕੇਂਦਰਾਂ ਤੱਕ ਯਾਤਰਾਵਾਂ ਕੀਤੀਆਂ, ਜਿਨ੍ਹਾਂ ਦੌਰਾਨ ਉਨ੍ਹਾਂ ਨੇ ਵੱਖ-ਵੱਖ ਧਰਮਾਂ, ਸੰਪਰਦਾਵਾਂ ਤੇ ਵਿਚਾਰਧਾਰਾਵਾਂ ਦੇ ਲੋਕਾਂ ਨਾਲ ਸੰਵਾਦ ਕੀਤਾ ਅਤੇ ਉਨ੍ਹਾਂ ਨੂੰ  ਸੱਚੇ ਜੀਵਨ, ਮਨੁੱਖੀ ਬਰਾਬਰੀ ਤੇ ਪਰਮਾਤਮਾ ਦੀ ਸਰਬ ਵਿਆਪਕਤਾ ਦਾ ਸੰਦੇਸ਼ ਦਿੱਤਾ | ਉਨ੍ਹਾਂ ਨੇ ਹਰ ਧਰਮ ਦੇ ਲੋਕਾਂ ਨੂੰ  ਆਪਣੇ ਧਰਮ ਦੇ ਅਸਲ ਮੂਲ ਸਿਧਾਂਤਾਂ ਅਨੁਸਾਰ ਜੀਵਨ ਜਿਊੁਣ ਦੀ ਪ੍ਰੇਰਨਾ ਦਿੱਤੀ | ਉਨ੍ਹਾਂ ਦੀ ਬਾਣੀ ਦਾ ਇਕ ਬਹੁਤ ਮਹੱਤਵਪੂਰਨ ਪੱਖ ਜ਼ੁਲਮ, ਅਨਿਆਂ ਤੇ ਰਾਜਸੀ ਜਬਰ ਵਿਰੁੱਧ ਉਨ੍ਹਾਂ ਦੀ ਨਿਡਰ ਆਵਾਜ਼ ਹੈ | ਜਦੋਂ ਬਾਬਰ ਨੇ ਭਾਰਤ 'ਤੇ ਹਮਲੇ ਕੀਤੇ ਅਤੇ ਐਮਨਾਬਾਦ ਸਮੇਤ ਕਈ ਇਲਾਕਿਆਂ 'ਚ ਭਿਆਨਕ ਤਬਾਹੀ, ਕਤਲੇਆਮ ਤੇ ਲੁੱਟਮਾਰ ਹੋਈ ਤਾਂ ਗੁਰੂ ਸਾਹਿਬ ਨੇ ਸੱਤਾ ਦੇ ਜ਼ੁਲਮ ਵਿਰੁੱਧ ਬੇਬਾਕੀ ਨਾਲ ਆਵਾਜ਼ ਬੁਲੰਦ ਕੀਤੀ | ਉਨ੍ਹਾਂ ਦੀ ਬਾਣੀ 'ਚ ਦਰਜ ਬਾਬਰਬਾਣੀ ਉਸ ਸਮੇਂ ਦੇ ਰਾਜਸੀ ਅੱਤਿਆਚਾਰਾਂ ਤੇ ਆਮ ਲੋਕਾਂ ਦੀ ਪੀੜਾ ਦਾ ਇਤਿਹਾਸਕ ਤੇ ਸਾਹਿਤਕ ਦਸਤਾਵੇਜ਼ ਹੈ, ਜਿਸ 'ਚ ਗੁਰੂ ਜੀ ਫ਼ਰਮਾਉਂਦੇ ਹਨ:-
ਪਾਪ ਕੀ ਜੰਞ ਲੈ ਕਾਬਲਹੁ ਧਾਇਆ
ਜੋਰੀ ਮੰਗੈ ਦਾਨੁ ਵੇ ਲਾਲੋ¨       (ਅੰਗ:722)
ਉਨ੍ਹਾਂ ਨੇ ਬਾਬਰ ਦੇ ਹਮਲੇ ਨੂੰ  ਪਾਪ ਦੀ ਜੰਞ ਕਰਾਰ ਦਿੰਦਿਆਂ ਜ਼ਾਲਮ ਹਕੂਮਤ ਦੇ ਚਿਹਰੇ ਨੂੰ  ਬੇਨਕਾਬ ਕੀਤਾ | ਉਨ੍ਹਾਂ ਨੇ ਸਿਰਫ਼ ਹਮਲਾਵਰ ਦੀ ਨਿੰਦਾ ਹੀ ਨਹੀਂ ਕੀਤੀ, ਸਗੋਂ ਉਸ ਸਮੇਂ ਦੇ ਹਾਕਮਾਂ ਦੀਆਂ ਕਮਜ਼ੋਰੀਆਂ ਤੇ ਅਨਿਆਂਪੂਰਨ ਪ੍ਰਬੰਧ 'ਤੇ ਵੀ ਸਵਾਲ ਉਠਾਏ | ਉਨ੍ਹਾਂ ਦੀ ਬਾਣੀ ਸਪੱਸ਼ਟ ਕਰਦੀ ਹੈ ਕਿ ਅਸਲ ਧਾਰਮਿਕਤਾ ਜ਼ੁਲਮ ਅੱਗੇ ਚੁੱਪ ਰਹਿਣ ਵਿਚ ਨਹੀਂ, ਸਗੋਂ ਸੱਚ ਤੇ ਇਨਸਾਫ਼ ਦੇ ਹੱਕ ਵਿਚ ਖੜ੍ਹੇ ਹੋਣ 'ਚ ਹੈ | ਇਸ ਦੇ ਨਾਲ ਹੀ ਗੁਰੂ ਸਾਹਿਬ ਨੇ ਮਨੁੱਖਤਾ ਦੀ ਕਰੁਣਾਮਈ ਪੁਕਾਰ ਨੂੰ  ਇਨ੍ਹਾਂ ਸ਼ਬਦਾਂ ਰਾਹੀਂ ਬਿਆਨ ਕੀਤਾ:-
ਏਤੀ ਮਾਰ ਪਈ ਕਰਲਾਣੇ
ਤੈ ਕੀ ਦਰਦੁ ਨ ਆਇਆ¨ (ਅੰਗ:360)
ਗੁਰੂ ਨਾਨਕ ਦੇਵ ਜੀ ਨੇ ਜਾਤ-ਪਾਤ ਅਤੇ ਛੂਤ-ਛਾਤ ਦੇ ਭੇਦਭਾਵ ਨੂੰ  ਵੀ ਮਨੁੱਖਤਾ ਵਿਰੁੱਧ ਬੁਰਾਈ ਕਰਾਰ ਦਿੱਤਾ | ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਮਨੁੱਖ ਦੀ ਮਹਾਨਤਾ ਉਸ ਦੀ ਜਾਤ, ਕੁਲ ਜਾਂ ਸਮਾਜਿਕ ਰੁਤਬੇ ਨਾਲ ਨਹੀਂ, ਸਗੋਂ ਉਸ ਦੇ ਕਰਮਾਂ ਅਤੇ ਚਰਿੱਤਰ ਨਾਲ ਨਿਰਧਾਰਤ ਹੁੰਦੀ ਹੈ | ਗੁਰੂ ਸਾਹਿਬ ਨੇ ਸਮਾਜ ਦੇ ਕਮਜ਼ੋਰ ਤੇ ਪਛੜੇ ਵਰਗਾਂ ਨਾਲ ਖੜ੍ਹਨ ਅਤੇ ਉਨ੍ਹਾਂ ਨੂੰ  ਸਨਮਾਨ ਦੇਣ ਦਾ ਸੰਦੇਸ਼ ਦਿੱਤਾ | ਭਾਈ ਲਾਲੋ ਵਰਗੇ ਮਿਹਨਤਕਸ਼ ਵਿਅਕਤੀ ਦੇ ਘਰ ਭੋਜਨ ਛਕਣਾ ਅਤੇ ਮਲਿਕ ਭਾਗੋ ਦੇ ਦਿਖਾਵੇ ਤੇ ਅਨਿਆਂਪੂਰਨ ਕਮਾਈ ਵਾਲੇ ਭੋਜਨ ਨੂੰ  ਠੁਕਰਾਉਣਾ ਇਸ ਗੱਲ ਦਾ ਪ੍ਰਤੀਕ ਹੈ ਕਿ ਗੁਰੂ ਸਾਹਿਬ ਲਈ ਸੱਚੀ ਕਿਰਤ ਤੇ ਇਮਾਨਦਾਰੀ ਹੀ ਸਭ ਤੋਂ ਵੱਡੀ ਪੂੰਜੀ ਸੀ |
ਅੱਜ ਜਦੋਂ ਦੁਨੀਆ ਧਾਰਮਿਕ ਕੱਟੜਤਾ, ਜੰਗਾਂ, ਨਫ਼ਰਤ, ਆਰਥਿਕ ਅਸਮਾਨਤਾ, ਨਾਰੀ ਵਿਰੋਧੀ ਸੋਚ ਤੇ ਵਾਤਾਵਰਨਿਕ ਸੰਕਟ ਵਰਗੀਆਂ ਸਮੱਸਿਆਵਾਂ ਨਾਲ ਜੂਝ ਰਹੀ ਹੈ, ਤਾਂ ਗੁਰੂ ਜੀ ਦੀ ਬਾਣੀ ਤੇ ਫ਼ਲਸਫ਼ਾ ਸਮੁੱਚੀ ਮਨੁੱਖਤਾ ਲਈ ਚਾਨਣ ਮੁਨਾਰਾ ਹੈ | ਉਨ੍ਹਾਂ ਦੀ ਸਿੱਖਿਆ ਕਿਸੇ ਇਕ ਧਰਮ, ਦੇਸ਼ ਜਾਂ ਸਮਾਜ ਤੱਕ ਸੀਮਤ ਨਹੀਂ, ਸਗੋਂ ਸਮੁੱਚੇ ਵਿਸ਼ਵ ਲਈ ਹੈ |
ਗੁਰੂ ਨਾਨਕ ਦੇਵ ਜੀ ਦੀਆਂ ਇਲਾਹੀ ਸਿੱਖਿਆਵਾਂ ਤੇ ਵਿਰਾਸਤ ਦੀ ਸੇਵਾ-ਸੰਭਾਲ ਦੀ ਜ਼ਿੰਮੇਵਾਰੀ ਆਪਣੇ ਸਿਰ ਲੈਂਦਿਆਂ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਵੀ ਅਨੇਕਾਂ ਸ਼ਲਾਘਾਯੋਗ ਉਪਰਾਲੇ ਕੀਤੇ ਗਏ ਤੇ ਨਿਰੰਤਰ ਜਾਰੀ ਹਨ | ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਭਾਜਪਾ ਸਰਕਾਰ ਵਲੋਂ ਸਿੱਖ ਕੌਮ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦਿਆਂ ਦਹਾਕਿਆਂ ਤੋਂ ਵਿਛੜੇ ਗੁਰਧਾਮ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ  ਖੋਲ੍ਹਣ ਦਾ ਇਤਿਹਾਸਕ ਕਾਰਜ ਸੰਪੂਰਨ ਕੀਤਾ ਗਿਆ |
ਕਰਤਾਰਪੁਰ ਸਾਹਿਬ ਉਹੀ ਮੁਕੱਦਸ ਅਸਥਾਨ ਹੈ, ਜਿੱਥੇ ਗੁਰੂ ਸਾਹਿਬ ਨੇ ਖੇਤੀ ਕਰਦਿਆਂ ਕਿਰਤ ਕਰਨ ਦਾ ਸੰਦੇਸ਼ ਦਿੱਤਾ ਸੀ | ਇਸੇ ਤਰ੍ਹਾਂ ਗੁਜਰਾਤ ਦੇ ਮੁੱਖ ਮੰਤਰੀ ਰਹਿੰਦਿਆਂ ਸ੍ਰੀ ਮੋਦੀ ਵਲੋਂ ਗੁਰੂ ਨਾਨਕ ਪਾਤਸ਼ਾਹ ਜੀ ਦੀ ਦੂਜੀ ਤੇ ਚੌਥੀ ਉਦਾਸੀ ਦੌਰਾਨ ਚਰਨ-ਛੋਹ ਪ੍ਰਾਪਤ ਇਤਿਹਾਸਕ ਅਸਥਾਨ ਗੁਰਦੁਆਰਾ ਸ੍ਰੀ ਲਖਪਤ ਸਾਹਿਬ, ਕੱਛ (ਗੁਜਰਾਤ) ਦੇ ਪੁਨਰ ਨਿਰਮਾਣ ਦਾ ਕਾਰਜ ਵੀ ਕਰਵਾਇਆ ਗਿਆ | ਜਿੱਥੇ ਸਾਲ 2001 ਦੇ ਭੁਚਾਲ ਉਪਰੰਤ ਸ੍ਰੀ ਮੋਦੀ ਵਲੋਂ ਵਿਸ਼ੇਸ਼ ਦਿਲਚਸਪੀ ਲੈ ਕੇ ਪੁਰਾਤਨ ਦਿੱਖ ਅਨੁਸਾਰ ਸੇਵਾ-ਸੰਭਾਲ ਤੇ ਪੁਨਰ ਨਿਰਮਾਣ ਕਰਾਇਆ ਗਿਆ ਸੀ |
ਇਸ ਤੋਂ ਇਲਾਵਾ ਗੁਰੂ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ  ਵਿਸ਼ਵ ਪੱਧਰ 'ਤੇ ਮਨਾਉਣਾ, ਸ੍ਰੀ ਦਰਬਾਰ ਸਾਹਿਬ ਦੇ ਲੰਗਰ ਨੂੰ  ਜੀ.ਐਸ.ਟੀ. ਮੁਕਤ ਕਰਨਾ, ਅਫ਼ਗਾਨਿਸਤਾਨ ਤੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਭਾਰਤ ਲਿਆਉਣਾ, ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ  ਸਮਰਪਿਤ 'ਵੀਰ ਬਾਲ ਦਿਵਸ' ਵਜੋਂ ਐਲਾਨ ਕਰਨਾ, ਸ੍ਰੀ ਹੇਮਕੁੰਟ ਸਾਹਿਬ ਰੋਪਵੇਅ ਪ੍ਰੋਜੈਕਟ ਦਾ ਨਿਰਮਾਣ ਕਰਨਾ, 312 ਸਿੱਖਾਂ ਨੂੰ  ਕਾਲੀ ਸੂਚੀ ਤੋਂ ਬਾਹਰ ਕਰਨਾ, ਸ੍ਰੀ ਹਰਿਮੰਦਰ ਸਾਹਿਬ ਨੂੰ  ਐਫ.ਸੀ.ਆਰ.ਏ. ਰਾਹੀਂ ਰਜਿਸਟਰਡ ਕਰਨਾ, ਅਜਿਹੇ ਕਾਰਜ ਭਾਜਪਾ ਸਰਕਾਰ ਦੀ ਸਮੁੱਚੀ ਸਿੱਖ ਵਿਰਾਸਤ, ਅਕੀਦਤ ਤੇ ਸਤਿਕਾਰ ਪ੍ਰਤੀ ਅਟੁੱਟ ਵਚਨਬੱਧਤਾ ਦਾ ਪ੍ਰਤੱਖ ਪ੍ਰਤੀਕ ਹਨ |
ਅੱਜ ਕੁੱਲ ਖ਼ਲਕਤ ਦੇ ਨਾਲ-ਨਾਲ ਸਮੁੱਚੀ ਪੰਜਾਬ ਭਾਜਪਾ ਦੀ ਲੀਡਰਸ਼ਿਪ ਵੀ ਗੁਰੂ ਚਰਨਾਂ ਵਿਚ ਆਪਣਾ ਸੀਸ ਨਿਵਾ ਕੇ ਸ਼ਰਧਾ-ਸੁਮਨ ਭੇਟ ਕਰਦੀ ਹੋਈ ਗੁਰੂ ਨਾਨਕ ਦੇਵ ਜੀ ਵਲੋਂ ਬਖ਼ਸ਼ਿਆ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ ਦੇ ਸਰਬ-ਸਾਂਝੇ ਉਪਦੇਸ਼ 'ਤੇ ਪਹਿਰਾ ਦੇਣ ਦਾ ਪ੍ਰਣ ਕਰਦੀ ਹੈ |
ਪਿਛਲੀ ਖ਼ਬਰ ਲੋਕਾਂ ਦੀ ਖੁਸ਼ੀ ਤੇ ਸੰਤੁਸ਼ਟੀ ਹੀ ਗ਼ਰੀਬੀ ਘਟਣ ਦੀ ਗਵਾਹ ਬਣੇਗੀ ਅਗਲੀ ਖ਼ਬਰ ਗੁਰੂ ਨਾਨਕ ਦੇਵ ਯੂਨੀਵਰਸਿਟੀ-ਵਿਰਾਸਤ ਤੋਂ ਭਵਿੱਖਮੁਖੀ ਦਿ੍ਸ਼ਟੀ ਤੱਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।