24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2026

ਗੁਰੂ ਨਾਨਕ ਦੇਵ ਯੂਨੀਵਰਸਿਟੀ-ਵਿਰਾਸਤ ਤੋਂ ਭਵਿੱਖਮੁਖੀ ਦਿ੍ਸ਼ਟੀ ਤੱਕ

ਗੁਰੂ ਨਾਨਕ ਦੇਵ ਯੂਨੀਵਰਸਿਟੀ-ਵਿਰਾਸਤ ਤੋਂ ਭਵਿੱਖਮੁਖੀ ਦਿ੍ਸ਼ਟੀ ਤੱਕ

ਅਜੀਤ ਡੈਸਕ 24-11-2026

ਗੁਰੂ-ਨਗਰੀ ਅੰਮਿ੍ਤਸਰ ਦੇ 450ਵੇਂ ਸਥਾਪਨਾ ਦਿਵਸ ਨੂੰ  ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 57ਵੇਂ ਸਥਾਪਨਾ ਦਿਵਸ ਦੇ ਇਤਿਹਾਸਕ ਮੌਕੇ ਨੂੰ  ਸਮਰਪਿਤ ਕਰਨਾ ਇਕ ਅਜਿਹੀ ਪਹਿਲ ਹੈ, ਜਿਸ 'ਚ ਅਤੀਤ ਦੀ ਵਿਰਾਸਤ, ਵਰਤਮਾਨ ਦੀਆਂ ਲੋੜਾਂ ਤੇ ਭਵਿੱਖ ਦੀਆਂ ਸੰਭਾਵਨਾਵਾਂ ਇਕੋ ਵਿਚਾਰਧਾਰਾ 'ਚ ਇਕੱਠੀਆਂ ਹੋ ਰਹੀਆਂ ਹਨ | 24 ਨਵੰਬਰ, 1969 ਨੂੰ  ਸ੍ਰੀ ਗੁਰੂ ਨਾਨਕ ਦੇਵ ਜੀ ਦੇ 500ਵੇਂ ਪ੍ਰਕਾਸ਼ ਪੁਰਬ ਨੂੰ  ਸਮਰਪਿਤ ਸਥਾਪਿਤ ਹੋਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਆਪਣੀ ਹੋਂਦ ਵਿਚ ਜਗਤਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਕਿਰਤ ਕਰੋ, ਨਾਮ ਜਪੋ, ਵੰਡ ਛਕੋ ਅਤੇ ਸਰਬੱਤ ਦੇ ਭਲੇ ਦਾ ਧੁਰ ਦਰਗਾਹੀ ਸੰਦੇਸ਼ ਸ਼ਾਮਿਲ ਹੈ | ਯੂਨੀਵਰਸਿਟੀ ਨੇ ਸ੍ਰੀ ਗੁਰੂ ਰਾਮਦਾਸ ਜੀ ਦੀ ਸਰਬ ਸਾਂਝੀਵਾਲਤਾ ਤੇ ਸੰਗਤ-ਕੇਂਦਰਿਤ ਦਿ੍ਸ਼ਟੀ ਦੀ ਅਲੌਕਿਕ ਧਾਰਾ ਨੂੰ  ਸਦੀਆਂ ਤੋਂ ਆਪਣੇ ਅੰਦਰ ਸੰਭਾਲਿਆ ਹੋਇਆ ਹੈ | ਇਸ ਲਈ ਯੂਨੀਵਰਸਿਟੀ ਦਾ 57ਵਾਂ ਸਥਾਪਨਾ ਦਿਵਸ ਅੰਮਿ੍ਤਸਰ ਦੇ 450 ਸਾਲਾਂ ਦੇ ਇਤਿਹਾਸ ਨਾਲ ਜੋੜਨਾ ਇਕ ਰਸਮੀ ਸਮਰਪਣ ਨਹੀਂ, ਸਗੋਂ ਗਿਆਨ ਦੀ ਦਿਸ਼ਾ 'ਚ ਅੱਗੇ ਵਧਣ ਤੇ ਵਿਰਾਸਤ ਨੂੰ  ਹੋਰ ਗਹਿਰਾਈ ਨਾਲ ਸਮਝਣ ਦਾ ਮੌਕਾ ਹੈ | 

ਯੂਨੀਵਰਸਿਟੀ ਦੀ ਭੂਮਿਕਾ
ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਅੰਮਿ੍ਤਸਰ ਦੇ ਵਿਕਾਸ 'ਚ ਯੋਗਦਾਨ ਕੈਂਪਸ ਦੀਆਂ ਹੱਦਾਂ ਤੋਂ ਕਿਤੇ ਵੱਡਾ ਹੈ | ਪਿਛਲੇ 57 ਸਾਲਾਂ ਦੌਰਾਨ ਯੂਨੀਵਰਸਿਟੀ ਨੇ ਹਜ਼ਾਰਾਂ ਵਿਦਿਆਰਥੀਆਂ ਨੂੰ  ਉੱਚ ਸਿੱਖਿਆ ਪ੍ਰਦਾਨ ਕਰਕੇ ਅੰਮਿ੍ਤਸਰ ਨੂੰ  ਗਿਆਨ ਤੇ ਪ੍ਰਤਿਭਾ ਦੇ ਕੇਂਦਰ ਵਜੋਂ ਵਿਕਸਿਤ ਕਰਨ 'ਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ | ਸਿੱਖਿਆ, ਵਿਗਿਆਨ, ਤਕਨਾਲੋਜੀ, ਸਾਹਿਤ, ਭਾਸ਼ਾਵਾਂ, ਖੇਡਾਂ, ਪ੍ਰਬੰਧਨ ਤੇ ਖੋਜ ਦੇ ਖੇਤਰਾਂ ਵਿਚ ਤਿਆਰ ਹੋਏ ਵਿਦਵਾਨਾਂ ਤੇ ਪੇਸ਼ੇਵਰਾਂ ਨੇ ਸਿਰਫ਼ ਪੰਜਾਬ ਹੀ ਨਹੀਂ, ਸਗੋਂ ਦੇਸ਼ ਤੇ ਵਿਦੇਸ਼ਾਂ ਵਿਚ ਵੀ ਆਪਣੀ ਪਛਾਣ ਬਣਾਈ ਹੈ | ਯੂਨੀਵਰਸਿਟੀ ਨੇ ਅੰਮਿ੍ਤਸਰ ਨੂੰ  ਇਕ ਸਿੱਖਿਆ-ਆਧਾਰਿਤ ਆਰਥਿਕ ਤੇ ਸਮਾਜਿਕ ਕੇਂਦਰ ਵਜੋਂ ਮਜ਼ਬੂਤ ਕਰਨ ਵਿਚ ਵੀ ਯੋਗਦਾਨ ਪਾਇਆ ਹੈ | ਵਿਦਿਆਰਥੀਆਂ, ਅਧਿਆਪਕਾਂ, ਖੋਜਕਰਤਾਵਾਂ ਅਤੇ ਅਕਾਦਮਿਕ ਸਰਗਰਮੀਆਂ ਨਾਲ ਸ਼ਹਿਰ ਵਿਚ ਰੁਜ਼ਗਾਰ, ਸੇਵਾਵਾਂ, ਵਪਾਰ ਅਤੇ ਨਵੇਂ ਮੌਕਿਆਂ ਦਾ ਵਿਸਥਾਰ ਹੋਇਆ ਹੈ | ਯੂਨੀਵਰਸਿਟੀ ਦੇ ਸੱਭਿਆਚਾਰਕ ਅਤੇ ਯੁਵਕ ਮੇਲੇ ਅੰਮਿ੍ਤਸਰ ਦੀ ਕਲਾਤਮਕ ਪਛਾਣ ਨੂੰ  ਰਾਸ਼ਟਰੀ ਪੱਧਰ 'ਤੇ ਉਭਾਰਦੇ ਹਨ, ਜਦਕਿ ਖੋਜ ਅਤੇ ਵਿਗਿਆਨਕ ਸਰਗਰਮੀਆਂ ਸ਼ਹਿਰ ਨੂੰ  ਆਧੁਨਿਕ ਗਿਆਨ ਦੀਆਂ ਧਾਰਾਵਾਂ ਨਾਲ ਜੋੜਦੀਆਂ ਹਨ | 
ਉਪ ਕੁਲਪਤੀ ਦੀ ਅਗਵਾਈ
ਇਸ ਵਾਰ ਯੂਨੀਵਰਸਿਟੀ ਦੇ ਸਥਾਪਨਾ ਦਿਵਸ ਤੇ ਹੋਰ ਸਮਾਗਮਾਂ ਨੂੰ  ਅੰਮਿ੍ਤਸਰ ਦੀ 450ਵੀਂ ਵਰ੍ਹੇਗੰਢ ਨਾਲ ਜੋੜਨ ਦੀ ਪਹਿਲ ਉਪ ਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ ਦੀ ਦੂਰਦਰਸ਼ੀ ਸੋਚ ਦਾ ਪ੍ਰਮਾਣ ਹੈ | ਉਨ੍ਹਾਂ ਦੀ ਅਗਵਾਈ ਹੇਠ ਯੂਨੀਵਰਸਿਟੀ ਵਲੋਂ ਅੰਮਿ੍ਤਸਰ ਦੀ 450ਵੀਂ ਵਰ੍ਹੇਗੰਢ ਸੰਬੰਧੀ ਸਾਲ ਭਰ ਚੱਲਣ ਵਾਲੀਆਂ ਸਰਗਰਮੀਆਂ ਦੀ ਰੂਪਰੇਖਾ ਤਿਆਰ ਕੀਤੀ ਗਈ ਹੈ | ਇਸ ਦਾ ਮਕਸਦ ਅੰਮਿ੍ਤਸਰ ਦੀ ਵਿਰਾਸਤ ਨੂੰ  ਸਿਰਫ਼ ਯਾਦ ਕਰਨਾ ਨਹੀਂ, ਸਗੋਂ ਇਸ ਦੇ ਭਵਿੱਖ ਲਈ ਇਕ ਸਾਂਝੀ ਦਿ੍ਸ਼ਟੀ ਤਿਆਰ ਕਰਨਾ ਹੈ | ਉਪ ਕੁਲਪਤੀ ਦੀ ਅਗਵਾਈ ਵਿਚ ਤਿਆਰ ਕੀਤੀ ਜਾ ਰਹੀ 13-ਨੁਕਾਤੀ ਕਾਰਜ ਯੋਜਨਾ, ਅੰਮਿ੍ਤਸਰ 2052 ਵਿਜ਼ਨ ਡਾਕੂਮੈਂਟ, ਗਲੋਬਲ ਕਨਕਲੇਵ, ਡਾਕੂਮੈਂਟਰੀ, 450 ਆਵਾਜ਼ਾਂ ਦਾ ਮੌਖਿਕ ਇਤਿਹਾਸ ਪ੍ਰੋਜੈਕਟ ਤੇ ਅੰਮਿ੍ਤਸਰ ਡਿਕਲੇਰੇਸ਼ਨ ਵਰਗੀਆਂ ਪਹਿਲਕਦਮੀਆਂ ਸ਼ਹਿਰ ਦੇ ਵਿਕਾਸ ਨੂੰ  ਇਕ ਨਵੀਂ ਦਿਸ਼ਾ ਦੇਣ ਦੀ ਸਮਰੱਥਾ ਰੱਖਦੀਆਂ ਹਨ |
ਸਾਂਝਾ ਦਿ੍ਸ਼ਟੀਕੋਣ
ਅੰਮਿ੍ਤਸਰ ਦੀ 450ਵੀਂ ਵਰ੍ਹੇਗੰਢ ਦਾ ਸਭ ਤੋਂ ਵੱਡਾ ਲਾਭ ਉਦੋਂ ਹੋਵੇਗਾ, ਜਦੋਂ ਇਸ ਮੌਕੇ ਤੋਂ ਸ਼ਹਿਰ ਦੇ ਲੰਬੇ ਸਮੇਂ ਦੇ ਵਿਕਾਸ ਲਈ ਇਕ ਸਪੱਸ਼ਟ ਤੇ ਕਾਰਗਰ ਦਿਸ਼ਾ ਨਿਕਲੇਗੀ | ਇਸ ਲਈ ਯੂਨੀਵਰਸਿਟੀ ਵਲੋਂ ਤਿਆਰ ਕੀਤਾ ਜਾ ਰਿਹਾ ਅੰਮਿ੍ਤਸਰ 2052 ਵਿਜ਼ਨ ਡਾਕੂਮੈਂਟ ਇਕ ਮਹੱਤਵਪੂਰਨ ਪਹਿਲ ਹੈ | ਅੰਮਿ੍ਤਸਰ ਦੇ ਵਿਕਾਸ ਨੂੰ  ਕਈ ਪੱਖਾਂ ਤੋਂ ਦੇਖਣ ਦੀ ਲੋੜ ਹੈ | ਅੰਮਿ੍ਤਸਰ ਦੀ ਇਤਿਹਾਸਕ ਤੇ ਧਾਰਮਿਕ ਵਿਰਾਸਤ ਪੱਖੋਂ ਵਿਸ਼ਵ 'ਚ ਨਿਵੇਕਲੀ ਪਛਾਣ ਹੈ | ਵਿਦੇਸ਼ਾਂ 'ਚ ਵੱਸਦੇ ਪੰਜਾਬੀ ਤੇ ਸਿੱਖ ਭਾਈਚਾਰੇ ਦੀ ਸ਼ਹਿਰ ਨਾਲ ਭਾਵਨਾਤਮਕ ਅਤੇ ਸੱਭਿਆਚਾਰਕ ਸਾਂਝ ਨੂੰ  ਵਿਕਾਸ ਦੇ ਨਵੇਂ ਮੌਕਿਆਂ ਨਾਲ ਜੋੜਿਆ ਜਾ ਸਕਦਾ ਹੈ | ਗੁਰੂ ਨਾਨਕ ਦੇਵ ਯੂਨੀਵਰਸਿਟੀ ਇਸ ਸਾਂਝ ਨੂੰ  ਅਕਾਦਮਿਕ ਸਹਿਯੋਗ, ਖੋਜ, ਸੱਭਿਆਚਾਰਕ ਅਦਾਨ-ਪ੍ਰਦਾਨ ਤੇ ਨਿਵੇਸ਼ ਦੇ ਰੂਪ ਵਿਚ ਵਿਕਸਿਤ ਕਰਨ ਲਈ ਇਕ ਮਹੱਤਵਪੂਰਨ ਮੰਚ ਬਣ ਸਕਦੀ ਹੈ |
ਅਕਾਦਮਿਕ ਪਛਾਣ
57ਵਾਂ ਸਥਾਪਨਾ ਦਿਵਸ ਮਨਾਉਂਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਆਪਣੀ ਅਕਾਦਮਿਕ ਪ੍ਰਗਤੀ ਨੂੰ  ਉਪ ਕੁਲਪਤੀ ਸਾਹਿਬ ਦੀ ਸੁਚੱਜੀ ਅਗਵਾਈ ਵਿਚ ਭਵਿੱਖ ਵੱਲ ਲਿਜਾਣ ਦੀ ਦਿਸ਼ਾ ਪ੍ਰਦਾਨ ਕਰਦੀ ਹੈ | ਆਪਣੇ ਵਿਰਾਸਤੀ ਵਿਕਾਸ 'ਚ ਯੂ.ਜੀ.ਸੀ. ਵਲੋਂ ਕੈਟਾਗਰੀ-1 ਦਰਜਾ ਤੇ ਨੈਕ ਵਲੋਂ ਏ++ ਗ੍ਰੇਡ ਇਸ ਦੀ ਅਕਾਦਮਿਕ ਪ੍ਰਾਪਤੀ ਇਸ ਦਾ ਪ੍ਰਮਾਣ ਹੈ | 2026 ਵਿਚ ਦ ਵੀਕ ਹੰਸਾ-ਰਿਸਰਚ ਰੈਂਕਿੰਗ ਵਿਚ ਭਾਰਤ ਦੀਆਂ ਬਹੁ-ਵਿਸ਼ਾ ਯੂਨੀਵਰਸਿਟੀਆਂ ਵਿਚ ਗੁਰੂ ਨਾਨਕ ਯੂਨੀਵਰਸਿਟੀ ਦਾ 14ਵਾਂ ਸਥਾਨ ਯੂਨੀਵਰਸਿਟੀ ਦੀ ਅੰਤਰਰਾਸ਼ਟਰੀ ਪਛਾਣ ਤੇ ਪ੍ਰਭਾਵ ਨੂੰ  ਦਰਸਾਉਂਦੀ ਹੈ | ਨਵੀਆਂ ਤਕਨਾਲੋਜੀਆਂ, ਨੈਤਿਕ ਮਸਨੂਈ ਬੁੱਧੀ, 5ਜੀ ਲੈਬ, ਖੋਜ ਫੰਡ, ਪੀ.ਐੱਚ.ਡੀ. ਖੋਜਾਰਥੀਆਂ ਲਈ ਫੈਲੋਸ਼ਿਪ, ਉਦਯੋਗਿਕ ਸਾਂਝ ਤੇ ਅੰਤਰਰਾਸ਼ਟਰੀ ਸਮਝੌਤਿਆਂ ਨੂੰ  ਉਤਸ਼ਾਹਿਤ ਕਰਨ ਦੇ ਯਤਨ ਯੂਨੀਵਰਸਿਟੀ ਨੂੰ  ਭਵਿੱਖਮੁਖੀ ਦਿਸ਼ਾ ਵੱਲ ਲਿਜਾ ਰਹੇ ਹਨ | ਯੂਨੀਵਰਸਿਟੀ ਤੇ ਸ਼ਹਿਰ ਦੀ ਸਾਂਝ  ਭਵਿੱਖ ਦੀ ਸਭ ਤੋਂ ਵੱਡੀ ਸੰਭਾਵਨਾ ਹੈ | ਗੁਰੂ ਨਗਰੀ ਨੇ ਯੂਨੀਵਰਸਿਟੀ ਨੂੰ  ਆਪਣੀ ਅਧਿਆਤਮਿਕ, ਸੱਭਿਆਚਾਰਕ ਤੇ ਇਤਿਹਾਸਕ ਵਿਰਾਸਤ ਦਿੱਤੀ ਹੈ ਤਾਂ ਯੂਨੀਵਰਸਿਟੀ ਨੇ ਸ਼ਹਿਰ ਨੂੰ  ਗਿਆਨ, ਖੋਜ, ਪ੍ਰਤਿਭਾ ਅਤੇ ਅਕਾਦਮਿਕ ਪਛਾਣ ਦੀ ਨਵੀਂ ਪੂੰਜੀ ਵੀ ਦਿੱਤੀ ਹੈ | ਭਵਿੱਖ ਵਿਚ ਇਹ ਸਾਂਝ ਹੋਰ ਮਜ਼ਬੂਤ ਹੋ ਸਕਦੀ ਹੈ | 
ਸਥਾਪਨਾ ਦਿਵਸ ਦਾ ਅਸਲ ਸੰਦੇਸ਼
ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ 57ਵਾਂ ਸਥਾਪਨਾ ਦਿਵਸ ਇਸ ਵਾਰ ਇਕ ਵਿਲੱਖਣ ਇਤਿਹਾਸਕ ਅਤੇ ਵਿਚਾਰਧਾਰਕ ਅਰਥ ਲੈ ਕੇ ਆ ਰਿਹਾ ਹੈ | ਇਹ ਸਥਾਪਨਾ ਦਿਵਸ ਯੂਨੀਵਰਸਿਟੀ ਦੀਆਂ ਪ੍ਰਾਪਤੀਆਂ ਦਾ ਜਸ਼ਨ ਮਨਾਉਣ ਦੇ ਨਾਲ-ਨਾਲ ਅੰਮਿ੍ਤਸਰ ਦੇ 450 ਸਾਲਾਂ ਦੇ ਸਫ਼ਰ ਨੂੰ  ਸਲਾਮ ਕਰਨ, ਸ੍ਰੀ ਗੁਰੂ ਰਾਮ ਦਾਸ ਜੀ ਦੀ ਸ਼ਹਿਰ ਵਸਾਉਣ ਦੀ ਦੂਰਦਰਸ਼ੀ ਸੋਚ ਨੂੰ  ਯਾਦ ਕਰਨ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਰਬ ਸਾਂਝੀਵਾਲਤਾ ਦੇ ਸੰਦੇਸ਼ ਨੂੰ  ਆਧੁਨਿਕ ਸਮਾਜ ਨਾਲ ਜੋੜਨ ਦਾ ਮੌਕਾ ਹੈ | ਅੰਮਿ੍ਤਸਰ ਦੀ ਮਹਾਨਤਾ ਉਸ ਦੀ ਵਿਰਾਸਤ ਵਿਚ ਹੈ, ਪਰ ਉਸ ਦਾ ਭਵਿੱਖ ਉਸ ਦੀ ਦੂਰਦਰਸ਼ੀ ਸੋਚ, ਗਿਆਨ, ਯੋਜਨਾਬੰਦੀ ਅਤੇ ਸਮੂਹਿਕ ਯਤਨਾਂ ਵਿਚ ਨਿਹਿਤ ਹੈ | ਸ੍ਰੀ ਗੁਰੂ ਰਾਮਦਾਸ ਜੀ ਦੀ ਵਸਾਈ ਗੁਰੂ ਨਗਰੀ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਰਬੱਤ ਦੇ ਭਲੇ ਦੇ ਸੰਦੇਸ਼ ਤੋਂ ਪ੍ਰੇਰਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਗਿਆਨ, ਮਨੁੱਖਤਾ, ਸੇਵਾ ਤੇ ਨਵੀਨਤਾ ਦੀ ਜੋਤ ਜਗਾਉਂਦੀ ਰਹੇ | ਇਹੀ 57ਵੇਂ ਸਥਾਪਨਾ ਦਿਵਸ ਤੇ 450 ਸਾਲਾਂ ਦੀ ਗੁਰੂ ਨਗਰੀ ਨੂੰ  ਸੱਚੀ ਸ਼ਰਧਾਂਜਲੀ ਹੋਵੇਗੀ |

-ਡਾਇਰੈਕਟਰ, ਲੋਕ ਸੰਪਰਕ |
ਮੋਬਾਈਲ : 98782-77423

ਪਿਛਲੀ ਖ਼ਬਰ ਮਨੁੱਖਤਾ, ਬਰਾਬਰੀ ਤੇ ਸੱਚ ਦੇ ਰਹਿਬਰ : ਗੁਰੂ ਨਾਨਕ ਦੇਵ ਜੀ ਅਗਲੀ ਖ਼ਬਰ ਇਨਕਲਾਬੀ ਯੁੱਗ ਪੁਰਸ਼ : ਬਾਬਾ ਨਾਨਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।