ਸਿਆਣਾ (ਬਲਾਚੌਰ) ਹੁਸ਼ਿਆਰਪੁਰ (ਹੁਣ ਸ਼ਹੀਦ ਭਗਤ ਸਿੰਘ ਨਗਰ) ਦੇ ਨਿਵਾਸੀ ਪਿਤਾ ਸਵ. ਨਰਾਇਣ ਸਿੰਘ (ਜੋ ਸੈਨਾ 'ਚ ਉੱਚ ਅਧਿਕਾਰੀ ਸਨ) ਤੇ ਮਾਤਾ ਸ਼ਿਵ ਕੌਰ ਦੇ ਪੁੱਤਰ ਸ. ਬਿਕਰਮ ਸਿੰਘ (ਅਮਰ ਸ਼ਹੀਦ ਲੈਫਟੀਨੈਂਟ ਜਨਰਲ ਬਿਕਰਮ ਸਿੰਘ ਲੱਦਾਖ ਦੇ ਹੀਰੋ) ਦਾ ਜਨਮ ਨਾਨਕੇ ਪਿੰਡ ਕਾਹਮਾ (ਬੰਗਾ) ਵਿਖੇ 4 ਜੁਲਾਈ 1911 ਨੂੰ ਹੋਇਆ | ਬਿਕਰਮ ਸਿੰਘ ਨੇ ਪਿ੍ੰਸ ਆਫ ਵੇਲਜ਼, ਰਾਇਲ ਇੰਡੀਆ ਮਿਲਟਰੀ ਕਾਲਜ ਦੇਹਰਾਦੂਨ ਤੇ ਹੋਰ ਵੱਕਾਰੀ ਸੰਸਥਾਵਾਂ ਤੋਂ ਸਿੱਖਿਆ ਪ੍ਰਾਪਤ ਕੀਤੀ ਸੀ | ਉਪਰੰਤ ਉਨ੍ਹਾਂ ਦੀ ਚੋਣ ਰਾਇਲ ਮਿਲਟਰੀ ਅਕਾਦਮੀ ਸੈਂਡਹਰਸਟ (ਇੰਗਲੈਂਡ) ਲਈ ਹੋਈ | 1932 'ਚ ਉਨ੍ਹਾਂ ਨੂੰ ਕਮਿਸ਼ਨ ਮਿਲਣ 'ਤੇ ਇਕ ਸਾਲ ਲਈ ਬਰਤਾਨਵੀ ਬਰਕਸ਼ਾਇਰ ਰੈਜੀਮੈਂਟ 'ਚ ਨਿਯੁਕਤ ਕੀਤਾ ਗਿਆ |

ਥੋੜ੍ਹੇ ਅਰਸੇ ਪਿੱਛੋਂ ਉਨ੍ਹਾਂ ਦੀ ਨਿਯੁਕਤੀ 6/13 ਐਫ.ਆਈ. ਰਾਈਫ਼ਲਜ਼, ਕੋਹਾਟ ਵਿਚ ਹੋ ਗਈ | ਇਸੇ ਦੌਰਾਨ ਉਨ੍ਹਾਂ ਨੇ ਬਰਤਾਨਵੀ ਹਕੂਮਤ ਵਲੋਂ ਉੱਤਰ-ਪੱਛਮੀ ਸਰਹੱਦੀ ਰਾਜਾਂ 'ਚ ਬਾਗੀਆਂ ਖ਼ਿਲਾਫ਼ ਅਤੇ ਇਸੇ ਤਰ੍ਹਾਂ ਈਰਾਨ, ਇਰਾਕ ਤੇ ਲੀਬੀਆ 'ਚ ਵੀ ਆਪਣੀ ਬਹਾਦਰੀ ਦਿਖਾਈ | 1947 'ਚ ਚੌਥੀ ਬਟਾਲੀਅਨ ਰਾਜਪੂਤ ਸੈਨਾ ਦੇ ਕਮਾਂਡ ਅਫਸਰ ਵਜੋਂ ਅਤੇ 1948 'ਚ ਬਿ੍ਗੇਡੀਅਰ ਦੇ ਅਹੁਦੇ 'ਤੇ ਜੰਮੂ-ਕਸ਼ਮੀਰ ਅਤੇ 1953 'ਚ ਆਸਾਮ ਵਿਚ ਸੇਵਾ ਕੀਤੀ | 1955 'ਚ ਉਨ੍ਹਾਂ ਨੂੰ ਮੇਜਰ ਜਨਰਲ ਵਜੋਂ ਡਵੀਜਨ ਜੇ ਐਂਡ ਕੇ 'ਚ ਤਾਇਨਾਤ ਕੀਤਾ ਗਿਆ | ਉਹ ਅਸ਼ਾਂਤੀ ਵਾਲੇ ਇਲਾਕਿਆਂ 'ਚ ਤਾਇਨਾਤ ਰਹੇ ਤੇ ਉੱਥੇ ਸ਼ਾਂਤੀ ਸਥਾਪਤ ਕੀਤੀ | ਉਨ੍ਹਾਂ ਦਿੱਲੀ, ਰਾਜਸਥਾਨ ਖੇਤਰ 'ਚ ਜੀ.ਓ.ਸੀ. ਦੀ ਜ਼ਿੰਮੇਵਾਰੀ ਨਿਭਾਈ | 1961 'ਚ ਉਨ੍ਹਾਂ ਦੀ ਚੋਣ ਲੈਫਟੀਨੈਂਟ ਜਨਰਲ ਦੇ ਅਹੁਦੇ 'ਤੇ ਕੋਰ ਕਮਾਂਡਰ ਵਜੋਂ ਕੀਤੀ ਗਈ, ਜਿਸ 'ਤੇ ਉਹ ਪਹਿਲਾਂ ਹੀ ਨਿਯੁਕਤ ਸਨ | 1962 ਦੇ ਚੀਨੀ ਹਮਲੇ ਦੌਰਾਨ ਉਨ੍ਹਾਂ ਨੇ ਜੰਮੂ-ਕਸ਼ਮੀਰ ਦੇ ਲੱਦਾਖ ਖੇਤਰ 'ਚ ਜਾਨ ਦੀ ਪ੍ਰਵਾਹ ਨਾ ਕਰਦਿਆਂ ਚੀਨੀ ਫੌਜੀਆਂ ਦੇ ਅਜਿਹੇ ਦੰਦ ਖੱਟੇ ਕੀਤੇ ਕਿ ਉਹ ਜੰਮੂ-ਕਸ਼ਮੀਰ ਦੇ ਹਰ ਬਾਸ਼ਿੰਦੇ ਦੇ ਮਨ 'ਚ ਵਸ ਗਏ | ਲੋਕ ਉਨ੍ਹਾਂ ਨੂੰ ਫ਼ਰਿਸ਼ਤੇ ਵਾਂਗ ਪੂਜਣ ਲੱਗੇ | ਉਨ੍ਹਾਂ ਦੀ ਰਣਨੀਤੀ ਅਜਿਹੀ ਸੀ ਕਿ ਸਾਜ਼ੋ-ਸਾਮਾਨ ਤੇ ਰਸਦ ਦੀ ਘਾਟ ਦੇ ਬਾਵਜੂਦ ਉਨ੍ਹਾਂ ਨੇ ਲੱਦਾਖ ਨੂੰ ਦੋਖੀਆਂ ਦੇ ਹੱਥ ਨਾ ਜਾਣ ਦਿੱਤਾ | ਇਸੇ ਜੰਗ 'ਚ 60 ਫ਼ੀਸਦੀ ਤਗਮੇ ਪ੍ਰਾਪਤ ਕਰਨ ਵਾਲੇ ਜਵਾਨ, ਉਨ੍ਹਾਂ ਦੀ ਹੀ ਰੈਜੀਮੈਂਟ ਨਾਲ ਸਬੰਧਿਤ ਸਨ | ਇਸ ਸ਼ਾਨਦਾਰ ਤੇ ਵਿਲੱਖਣ ਪ੍ਰਾਪਤੀ ਕਾਰਨ ਉੱਥੋਂ ਦੇ ਬਾਸ਼ਿੰਦਿਆਂ ਨੇ ਉਨ੍ਹਾਂ ਨੂੰ 'ਹੀਰੋ ਆਫ ਲੱਦਾਖ' ਦਾ ਖ਼ਿਤਾਬ ਦਿੱਤਾ ਸੀ |
ਇਸ ਜਿੱਤ ਤੋਂ ਬਾਅਦ 16 ਨਵੰਬਰ 1963 ਨੂੰ ਸੈਨਾ ਦੇ ਕਮਾਂਡਰ ਹੈੱਡਕੁਆਟਰ ਪੱਛਮੀ ਕਮਾਂਡ ਪੱਛਮੀ ਬੰਗਾਲ ਵਜੋਂ ਤਰੱਕੀ ਹੋਈ ਅਤੇ ਉਨ੍ਹਾਂ ਨੇ 3 ਦਸੰਬਰ ਨੂੰ ਲੈਫ. ਜਨਰਲ ਦੌਲਤ ਸਿੰਘ ਤੋਂ ਅਹੁਦਾ ਸੰਭਾਲਣਾ ਸੀ, ਪਰ ਸ. ਬਿਕਰਮ ਸਿੰਘ 22 ਨਵੰਬਰ 1963 ਨੂੰ ਉਹ ਪੁਣਛ ਲਾਗੇ ਝਲਾਸ ਖੇਤਰ 'ਚ ਸਾਥੀਆਂ ਏਅਰ ਮਾਰਸ਼ਲ ਪਿੰਟੋਂ, ਲੈਫ. ਜਨਰਲ ਦੌਲਤ ਸਿੰਘ, ਮੇਜਰ ਜਨਰਲ ਐਨ.ਕੇ.ਡੀ. ਨਾਨਾਵਤੀ ਅਤੇ ਪਾਇਲਟ ਲੈਫ. ਐਸ.ਐਸ. ਸੋਢੀ ਨਾਲ ਸਰਹੱਦ ਦੇ ਨਿਰੀਖਣ ਲਈ ਹਵਾਈ ਸਫ਼ਰ ਕਰ ਰਹੇ ਸਨ, ਤਾਂ ਉਨ੍ਹਾਂ ਦਾ ਹੈਲੀਕਾਪਟਰ ਭੇਦਭਰੇ ਹਾਲਾਤ 'ਚ ਹਾਦਸੇ ਦਾ ਸ਼ਿਕਾਰ ਹੋ ਗਿਆ ਤੇ ਲੈਫ. ਜਨਰਲ ਬਿਕਰਮ ਸਿੰਘ ਸਮੇਤ ਸਾਰੇ ਸੂਰਬੀਰ ਸ਼ਹਾਦਤ ਪਾ ਗਏ | ਸ਼ਹਾਦਤ ਉਪਰੰਤ ਉਨ੍ਹਾਂ ਨੂੰ 'ਪਰਮ ਵਿਸ਼ਸ਼ਟ ਸੇਵਾ ਮੈਡਲ' ਨਾਲ ਸਨਮਾਨਿਤ ਕੀਤਾ ਗਿਆ | ਲੈਫ. ਜਨਰਲ ਬਿਕਰਮ ਸਿੰਘ ਦੀ ਸ਼ਹਾਦਤ ਮੌਕੇ ਜੰਮੂ-ਕਸ਼ਮੀਰੀ ਖ਼ਾਸ ਕਰ ਲੱਦਾਖੀਆਂ ਦੀਆਂ ਅੱਖਾਂ ਨਮ ਸਨ | ਲੋਕਾਂ ਦੇ ਮੋਹ ਤੇ ਇੱਛਾ ਨੂੰ ਮੁੱਖ ਰੱਖਦਿਆਂ ਉਨ੍ਹਾਂ ਦਾ ਅੰਤਿਮ ਸੰਸਕਾਰ ਜੰਮੂ-ਕਸ਼ਮੀਰ 'ਚ ਹੀ ਕੀਤਾ ਗਿਆ | ਉਨ੍ਹਾਂ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਜੰਮੂ ਸ਼ਹਿਰ 'ਚ ਤਵੀ ਨਦੀ ਦੇ ਕੰਢੇ ਤੋਂ ਚੌਂਕ, ਜਿਸ ਨੂੰ ਬਿਕਰਮ ਚੌਕ ਕਿਹਾ ਜਾਂਦਾ ਹੈ, ਵਿਚ ਉਨ੍ਹਾਂ ਦਾ 10 ਫੁੱਟ ਉੱਚਾ ਕਾਂਸੀ ਦਾ ਬੁੱਤ ਲਾਇਆ ਗਿਆ ਹੈ | ਉਨ੍ਹਾਂ ਦੇ ਜੱਦੀ ਪਿੰਡ ਸਿਆਣਾ (ਬਲਾਚੌਰ-ਹੁਸ਼ਿਆਰਪੁਰ ਰੋਡ 'ਤੇ) ਬਲਾਚੌਰ ਅਤੇ ਨਾਨਕਾ ਪਿੰਡ ਕਾਹਮਾ (ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ) ਵਿਚ ਵੀ ਵੱਖ-ਵੱਖ ਦੋ ਆਦਮ ਕੱਦ ਬੁੱਤ ਹਾਲ ਹੀ 'ਚ ਸਥਾਪਤ ਕੀਤੇ ਜਾ ਚੁੱਕੇ ਹਨ | ਦੇਸ਼ ਦੇ ਮਹਾਨ ਯੋਧੇ ਬਿਕਰਮ ਸਿੰਘ ਬਾਰੇ ਬਜ਼ੁਰਗ ਸਾਬਕਾ ਸੈਨਿਕ ਤੇ ਜੰਮੂ-ਕਸ਼ਮੀਰ ਦਾ ਹਰ ਬਾਸ਼ਿੰਦਾ ਅਕਸਰ ਭਾਵੁਕ ਹੋ ਕੇ ਦੱਸਦਾ ਹੈ ਕਿ ਸਰਦਾਰ ਬਿਕਰਮ ਸਿੰਘ ਬਹੁਤ ਵੱਡੇ ਦਿਲ ਵਾਲੇ ਸ਼ਖ਼ਸ ਸਨ ਅਤੇ ਆਪਣੇ ਸੈਨਿਕਾਂ ਦੇ ਮਾਣ-ਸਨਮਾਨ ਹਿੱਤ ਜੋ ਫ਼ੈਸਲਾ ਕਰ ਦਿੰਦੇ, ਉਸ ਨੂੰ ਹਰ ਹੀਲੇ ਲਾਗੂ ਕਰਾਉਂਦੇ ਸਨ | ਆਖਦੇ ਹਨ ਕਿ ਉਸ ਸਮੇਂ ਮੈੱਸ 'ਚ ਹੁੰਦੇ ਭੇਦਭਾਵ ਦੇ ਖਾਤਮੇ ਲਈ ਇਕ ਵਾਰ ਉਹ ਭੇਸ ਬਦਲ ਕੇ ਲੰਗਰ ਲੈਣ ਲਈ ਕਤਾਰ 'ਚ ਖੜ੍ਹੇ ਸਨ ਤਾਂ ਉਨ੍ਹਾਂ ਨੇ ਇਕ ਅਫਸਰ ਵਲੋਂ ਕੀਤੇ ਜਾਂਦੇ ਵਿਤਕਰੇ ਦਾ ਜਿੱਥੇ ਭੇਦ ਖੋਲਿ੍ਹਆ, ਉੱਥੇ ਅਜਿਹੀ ਨਸਹਿਤ ਦਿੱਤੀ ਕਿ ਅੱਜ ਹਰ ਅਫਸਰ ਤੇ ਜਵਾਨ ਨੂੰ ਇਕ ਸਮਾਨ ਮੈੱਸ ਦਾ ਪੂਰਾ ਲਾਭ ਮਿਲਦਾ ਹੈ |
ਅੱਜ 22 ਨਵੰਬਰ ਨੂੰ ਅਮਰ ਸ਼ਹੀਦ ਲੈਫਟੀਨੈਂਟ ਜਨਰਲ ਬਿਕਰਮ ਸਿੰਘ ਇੰਟਰਨੈਸ਼ਨਲ ਸੁਸਾਇਟੀ ਵਲੋਂ ਉਨ੍ਹਾਂ ਦੇ 63ਵੇਂ ਸ਼ਹੀਦੀ ਦਿਹਾੜੇ ਮੌਕੇ ਸਿਆਣਾ (ਬਲਾਚੌਰ) 'ਚ ਉਨ੍ਹਾਂ ਦੇ ਬੁੱਤ ਸਮਾਰਕ 'ਤੇ ਫੁੱਲ-ਮਲਾਵਾਂ ਚੜ੍ਹਾਉਣ ਉਪਰੰਤ ਉਨ੍ਹਾਂ ਦੇ ਜਨਮ ਅਸਥਾਨ ਬੁੰਗਾ ਸ਼ਹੀਦ ਗੰਜ ਪਿੰਡ ਕਾਹਮਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਉਪਰੰਤ ਸਾਰਾ ਦਿਨ ਦੀਵਾਨ ਸਜੇਗਾ ਤੇ ਆਈਆਂ ਸ਼ਖ਼ਸੀਅਤਾਂ ਉਨ੍ਹਾਂ ਦੇ ਜੀਵਨ ਅਤੇ ਫ਼ਲਸਫ਼ੇ 'ਤੇ ਰੌਸ਼ਨੀ ਪਾਉਣਗੀਆਂ |
-ਪੱਤਰਕਾਰ, ਬਲਾਚੌਰ (ਸ਼ਹੀਦ ਭਗਤ ਸਿੰਘ ਨਗਰ) |
ਮੋਬਾਈਲ : 6280658168, 9417648151
ਈਮੇਲ : didarblc@gmail.com