25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਭੋਗਾਂ 'ਤੇ ਹਾਜ਼ਰੀ-ਪੰਜਾਬ ਦੀ ਸਿਆਸਤ ਦਾ ਸੰਕਟ

ਭੋਗਾਂ 'ਤੇ ਹਾਜ਼ਰੀ-ਪੰਜਾਬ ਦੀ ਸਿਆਸਤ ਦਾ ਸੰਕਟ

ਅਜੀਤ ਡੈਸਕ 26-11-2026

ਪੰਜਾਬ ਦੀ ਸਿਆਸਤ ਵਿਚ ਅੱਜ-ਕੱਲ੍ਹ ਇਕ ਨਵੀਂ ਬਹਿਸ ਛਿੜੀ ਹੋਈ ਹੈ, ਜੋ ਵਿਧਾਨ ਸਭਾ ਵਿਚ ਨਹੀਂ, ਸਗੋਂ ਵਟਸਐਪ ਸੁਨੇਹਿਆਂ ਅਤੇ ਭੋਗ ਵਾਲੇ ਪੰਡਾਲਾਂ ਵਿਚ ਹੁੰਦੀ ਹੈ | ਸਵਾਲ ਇਹ ਹੈ ਕਿ ਇਕ ਮੰਤਰੀ ਦਾ ਅਸਲ ਕੰਮ ਕੀ ਹੈ? ਦਫ਼ਤਰ ਵਿਚ ਬੈਠ ਕੇ ਫਾਈਲਾਂ ਨਿਪਟਾਉਣਾ ਤੇ ਨੀਤੀਆਂ ਬਣਾਉਣੀਆਂ, ਜਾਂ ਰੋਜ਼ 8-10 ਭੋਗਾਂ ਅਤੇ ਵਿਆਹਾਂ 'ਤੇ ਹਾਜ਼ਰੀ ਲਵਾਉਣੀ? ਦੂਜੀ ਕਤਾਰ ਦੇ ਆਗੂਆਂ ਲਈ ਭੋਗਾਂ 'ਤੇ ਜਾਣਾ ਅਜੇ ਵੀ ਵਰਦਾਨ ਹੈ | ਟਿਕਟ ਦੇ ਦਾਅਵੇਦਾਰ, ਜ਼ਿਲ੍ਹਾ ਪ੍ਰਧਾਨਾਂ ਤੇ ਬਲਾਕ ਪ੍ਰਧਾਨਾਂ ਲਈ ਭੋਗ ਸਭ ਤੋਂ ਵੱਡਾ ਲੋਕ ਸੰਪਰਕ ਦਾ ਮੰਚ ਹੈ | ਉੱਥੇ ਇੱਕੋ ਥਾਂ 'ਤੇ ਪੂਰੇ ਹਲਕੇ ਦੇ ਪੰਚ, ਸਰਪੰਚ ਤੇ ਪਤਵੰਤੇ ਲੋਕ ਮਿਲ ਜਾਂਦੇ ਹਨ | ਹੱਥ ਜੋੜਨ ਦਾ ਮੌਕਾ ਮਿਲਦਾ ਹੈ | ਪਰ ਜਿਵੇਂ ਹੀ ਅਜਿਹੇ ਆਗੂ ਮੰਤਰੀ ਜਾਂ ਪਾਰਟੀ ਪ੍ਰਧਾਨ ਬਣ ਜਾਂਦੇ ਹਨ, ਇਹੀ ਭੋਗ ਉਨ੍ਹਾਂ ਲਈ ਗਲੇ ਦੀ ਹੱਡੀ ਬਣ ਜਾਂਦੇ ਹਨ |

ਇਸ ਸੰਕਟ ਦੀ ਤਸਵੀਰ ਇਕ ਮੰਤਰੀ ਦੇ ਉਸ ਕਿੱਸੇ ਤੋਂ ਸਾਫ਼ ਹੁੰਦੀ ਹੈ, ਜੋ ਉਸ ਨੇ ਖ਼ੁਦ ਇਸ ਪੱਤਰਕਾਰ ਨੂੰ ਸੁਣਾਇਆ ਸੀ | ਉਸ ਨੇ ਦੱਸਿਆ ਸੀ ਕਿ ਪੰਜਾਬ ਦੇ ਇਕ ਹਲਕੇ ਤੋਂ ਉਸ ਨੂੰ  ਇਕ ਵਰਕਰ ਦਾ ਵਟਸਐਪ ਸੁਨੇਹਾ ਆਇਆ | ਲਿਖਿਆ ਸੀ, 'ਸਰ, ਤੁਸੀਂ ਮੇਰੇ ਮੁੰਡੇ ਦੇ ਵਿਆਹ 'ਤੇ ਨਹੀਂ ਆਏ, ਮੇਰੇ ਨਵੇਂ ਮਕਾਨ ਦੇ ਉਦਘਾਟਨ ਵੇਲੇ ਵੀ ਨਹੀਂ ਆਏ, ਹੁਣ ਮੇਰੀ ਮਾਤਾ ਦਾ ਭੋਗ ਹੈ | ਹੁਣ ਤਾਂ ਜ਼ਰੂਰ ਆਓ, ਭਾਵੇਂ 5 ਮਿੰਟ ਲਈ ਹੀ ਆ ਜਾਓ |' ਮੰਤਰੀ ਅਨੁਸਾਰ ਉਸ ਬੰਦੇ ਲਈ ਤਾਂ ਸਿਰਫ਼ 5 ਮਿੰਟ ਹਨ, ਪਰ ਮੇਰਾ ਉਸ ਦੇ ਪਿੰਡ ਤੱਕ ਜਾਣ ਲਈ ਘੱਟੋ-ਘੱਟ 2 ਘੰਟੇ ਦਾ ਸਫ਼ਰ ਸੀ, ਉੱਥੇ 15 ਮਿੰਟ ਰੁਕਣ ਤੋਂ ਬਾਅਦ ਫਿਰ ਵਾਪਸ ਆਉਣ ਲਈ 2 ਘੰਟੇ ਹੋਰ ਲੱਗਣੇ ਸਨ | ਇਕ ਭੋਗ ਨੇ ਅੱਧਾ ਦਿਨ ਖਾ ਲਿਆ ਤੇ ਜੇ ਦਿਨ ਵਿਚ ਅਜਿਹੇ 6 ਸੁਨੇਹੇ ਆ ਜਾਣ ਤਾਂ ਉਹ ਦਫ਼ਤਰ ਕਦੋਂ ਜਾਣਗੇ? ਇਹ ਹਾਲ ਲਗਭਗ ਹਰ ਮੰਤਰੀ ਦਾ ਹੈ | ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਦਫ਼ਤਰੀ ਕੰਮ ਦਾ ਸਮਾਂ ਹੁੰਦਾ ਹੈ ਪਰ ਪੰਜਾਬ ਵਿਚ ਮੰਤਰੀ ਸਵੇਰੇ 8 ਵਜੇ ਹੀ ਭੋਗਾਂ ਦੀ ਲਾਈਨ ਵਿਚ ਲੱਗ ਜਾਂਦੇ ਹਨ | ਸੰਗਰੂਰ ਜ਼ਿਲ੍ਹੇ ਦਾ ਮੰਤਰੀ ਗੁਰਦਾਸਪੁਰ ਦੇ ਭੋਗ 'ਤੇ ਅਤੇ ਮਾਝੇ ਦਾ ਮੰਤਰੀ ਮਾਲਵੇ 'ਚ ਵਿਆਹ 'ਤੇ | ਐਤਵਾਰ ਵਾਲੇ ਦਿਨ ਤਾਂ ਹਾਲਤ ਹੋਰ ਵੀ ਵਿਗੜ ਜਾਂਦੀ ਹੈ | ਇਕ ਸੀਨੀਅਰ ਆਗੂ ਨੂੰ  ਐਤਵਾਰ ਵਾਲੇ ਦਿਨ 3-4 ਸੌ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ 10-12 ਸਮਾਗਮ ਕੱਢਣੇ ਪੈਂਦੇ ਹਨ | ਕਈ ਵਾਰ ਗੱਡੀ ਵਿਚ ਬੈਠੇ-ਬੈਠੇ ਹੀ ਦੁਪਹਿਰ ਦਾ ਖਾਣਾ ਖਾਣਾ ਪੈਂਦਾ ਹੈ, ਗੱਡੀ ਵਿਚ ਹੀ ਫਾਈਲਾਂ ਦੇਖਣ ਦੀ ਕੋਸ਼ਿਸ਼ ਹੁੰਦੀ ਹੈ | ਜੇ ਸਮਾਗਮ 'ਤੇ ਨਾ ਜਾਇਆ ਜਾਵੇ ਤਾਂ ਦੂਜੇ ਦਿਨ ਉਸੇ ਹਲਕੇ ਵਿਚ ਚਰਚਾ ਸ਼ੁਰੂ ਹੋ ਜਾਂਦੀ ਹੈ ਕਿ ਮੰਤਰੀ ਬਣ ਕੇ ਹੰਕਾਰੀ ਹੋ ਗਿਆ, ਸਾਡੇ ਦੁੱਖ-ਸੁੱਖ 'ਚ ਨਹੀਂ ਆਇਆ | ਸੋਸ਼ਲ ਮੀਡੀਆ 'ਤੇ ਤਾਅਨੇ-ਮਿਹਣੇ ਮਿਲਦੇ ਹਨ | ਵਿਰੋਧੀ ਧਿਰਾਂ ਇਸ ਗੱਲ ਨੂੰ  ਮੁੱਦਾ ਬਣਾ ਲੈਂਦੀਆਂ ਹਨ | ਡਰ ਇਸ ਗੱਲ ਦਾ ਹੁੰਦਾ ਹੈ ਕਿ ਅਗਲੀ ਵਾਰ ਉੱਥੋਂ ਦੀਆਂ ਵੋਟਾਂ ਨਾ ਖਿਸਕ ਜਾਣ, ਮੰਤਰੀ ਨੂੰ  ਇਸੇ ਮਜਬੂਰੀ ਵਿਚ ਜਾਣਾ ਪੈਂਦਾ ਹੈ |
ਇਸ ਭੱਜ-ਦੌੜ ਨਾਲ ਸਭ ਤੋਂ ਵਧ ਨੁਕਸਾਨ ਪ੍ਰਸ਼ਾਸਨ ਦਾ ਹੋ ਰਿਹਾ ਹੈ | ਕਈ ਮਹਿਕਮਿਆਂ ਵਿਚ ਮੰਤਰੀ ਹਫ਼ਤੇ ਵਿਚ ਸਿਰਫ਼ ਦੋ ਦਿਨ ਹੀ ਦਫ਼ਤਰ ਆ ਪਾਉਂਦੇ ਹਨ | ਫਾਈਲਾਂ ਦਾ ਢੇਰ ਲੱਗ ਜਾਂਦਾ ਹੈ | ਫਿਰ ਜਦੋਂ ਆਉਂਦੇ ਹਨ ਤਾਂ ਹਫੜਾ-ਦਫੜੀ ਵਿਚ ਦਸਤਖ਼ਤ ਕਰਨੇ ਪੈਂਦੇ ਹਨ | ਇਸ ਨਾਲ ਜਿਹੜੀ ਅਫ਼ਸਰਸ਼ਾਹੀ ਨੂੰ ਮੰਤਰੀ ਨੇ ਕੰਟਰੋਲ ਕਰਨਾ ਹੁੰਦਾ ਹੈ, ਉਹੀ ਅਫ਼ਸਰਸ਼ਾਹੀ ਇਸ ਦਾ ਫ਼ਾਇਦਾ ਚੁੱਕ ਕੇ ਆਪਣੀ ਮਰਜ਼ੀ ਕਰ ਰਹੀ ਹੁੰਦੀ ਹੈ | ਵਿਕਾਸ ਦੇ ਕੰਮ ਲਟਕ ਰਹੇ ਹਨ, ਨਵੀਆਂ ਨੀਤੀਆਂ ਨਹੀਂ ਬਣ ਰਹੀਆਂ | ਮੰਤਰੀ ਸਿਰਫ਼ ਇਕ 'ਹਾਜ਼ਰੀ ਲਵਾਉਣ ਵਾਲੀ ਮਸ਼ੀਨ' ਬਣ ਕੇ ਹੀ ਰਹਿ ਗਏ ਹਨ | ਸਮਾਜਿਕ ਕਾਰਕੁੰਨ ਡਾ. ਏ.ਐਸ. ਮਾਨ ਅਨੁਸਾਰ ਵਿਕਸਿਤ ਦੇਸ਼ਾਂ ਵਿਚ ਸਾਡੇ ਇਸ ਹਾਲਾਤ ਤੋਂ ਬਿਲਕੁਲ ਉਲਟ ਹੁੰਦਾ ਹੈ | ਇੰਗਲੈਂਡ, ਕੈਨੇਡਾ ਜਾਂ ਅਮਰੀਕਾ ਵਿਚ ਕਿਸੇ ਮੰਤਰੀ ਜਾਂ ਸੰਸਦ ਮੈਂਬਰ ਤੋਂ ਕੋਈ ਨਾਗਰਿਕ ਉਮੀਦ ਨਹੀਂ ਕਰਦਾ, ਕਿ ਉਹ ਉਨ੍ਹਾਂ ਦੇ ਕਿਸੇ ਖੁਸ਼ੀ ਜਾਂ ਗਮੀ ਵਾਲੇ ਸਮਾਗਮ 'ਤੇ ਆਵੇ | ਉੱਥੇ ਇਕ ਸ਼ੋਕ ਸੰਦੇਸ਼ ਜਾਂ ਇਕ ਈਮੇਲ ਹੀ ਕਾਫ਼ੀ ਮੰਨੀ ਜਾਂਦੀ ਹੈ | ਉੱਥੇ ਆਗੂ ਦਾ ਮੁਲਾਂਕਣ ਉਸ ਦੇ ਕੰਮਾਂ ਤੋਂ ਕੀਤਾ ਜਾਂਦਾ ਹੈ, ਉਸ ਦੀ ਹਾਜ਼ਰੀ ਤੋਂ ਨਹੀਂ | ਪਰ ਪੰਜਾਬ ਵਿਚ ਅਜੇ ਵੀ ਸਿਆਸਤ ਨਿੱਜੀ ਰਿਸ਼ਤਿਆਂ 'ਤੇ ਚੱਲਦੀ ਹੈ ਅਤੇ ਇੱਥੇ ਮੰਤਰੀ ਨੂੰ  ਵੋਟਰ ਆਪਣੇ ਪਰਿਵਾਰਕ ਜੀਅ ਵਾਂਗ ਸਮਝਦੇ ਹਨ | ਇਸ ਵਰਤਾਰੇ ਵਿਚ ਤਬਦੀਲੀ ਲਿਆਉਣ ਦੀ ਜ਼ਰੂਰਤ ਹੈ |

-ਇੰਚਾਰਜ, ਉਪ ਦਫ਼ਤਰ ਸੰਗਰੂਰ |
ਮੋਬਾਈਲ : 98142-82543

ਪਿਛਲੀ ਖ਼ਬਰ ਰਾਸ਼ਟਰ ਲਈ ਰਾਹ-ਦਸੇਰਾ ਹੈ ਸਾਡਾ ਸੰਵਿਧਾਨ ਅਗਲੀ ਖ਼ਬਰ ਕਾਂਗਰਸ ਦੀਆਂ ਰਾਸ਼ਟਰੀ ਨਿਯੁਕਤੀਆਂ ਵਿਚ ਹਰਿਆਣੇ ਨੂੰ ਮਿਲਿਆ ਖ਼ਾਸ ਮਹੱਤਵ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।