25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਅਕਾਲੀ-ਭਾਜਪਾ ਗੱਠਜੋੜ ਦਾ ਪ੍ਰਭਾਵ

ਅਕਾਲੀ-ਭਾਜਪਾ ਗੱਠਜੋੜ ਦਾ ਪ੍ਰਭਾਵ

ਅਜੀਤ ਡੈਸਕ 26-11-2026

ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਸਿਰ 'ਤੇ ਹਨ | ਲੰਮੀ ਹਿਚਕਿਚਾਹਟ ਤੋਂ ਬਾਅਦ ਅਖੀਰ ਭਾਜਪਾ ਅਤੇ ਅਕਾਲੀ ਦਲ (ਬ) ਵਿਚਕਾਰ ਚੋਣ ਸਮਝੌਤੇ ਦਾ ਐਲਾਨ ਕਰ ਦਿੱਤਾ ਗਿਆ ਹੈ | 6 ਸਾਲ ਦੇ ਆਪਸੀ ਤੋੜ-ਵਿਛੋੜੇ ਤੋਂ ਬਾਅਦ ਹੋਏ ਇਸ ਸਮਝੌਤੇ ਦੇ ਐਲਾਨ ਦੀ ਵੱਡੀ ਪੱਧਰ 'ਤੇ ਚਰਚਾ ਹੋਣੀ ਕੁਦਰਤੀ ਸੀ | ਪਿਛਲੀਆਂ ਕੁਝ ਚੋਣਾਂ ਵਿਚ ਦੋਵੇਂ ਹੀ ਪਾਰਟੀਆਂ ਹਾਸ਼ੀਏ 'ਤੇ ਆ ਗਈਆਂ ਸਨ | 2017 ਵਿਚ  ਪਹਿਲਾਂ 5 ਸਾਲ ਕਾਂਗਰਸ ਅਤੇ ਉਸ ਤੋਂ ਬਾਅਦ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਦੀਆਂ ਬਣੀਆਂ ਸਰਕਾਰਾਂ ਨੇ ਸੂਬੇ ਵਿਚ ਅਕਾਲੀ ਦਲ ਤੇ ਭਾਜਪਾ ਦੋਵਾਂ ਨੂੰ  ਕਾਫੀ ਪਿੱਛੇ ਧੱਕ ਦਿੱਤਾ ਸੀ |

ਇਸ ਤੋਂ ਪਹਿਲਾਂ ਸ. ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿਚ ਦੋ ਵਾਰ ਬਣੀਆਂ ਅਕਾਲੀ-ਭਾਜਪਾ ਸਰਕਾਰਾਂ ਦੇ ਆਖ਼ਰੀ ਵਰਿ੍ਹਆਂ ਭਾਵ 2015 ਵਿਚ ਬਰਗਾੜੀ (ਫਰੀਦਕੋਟ) ਵਿਚ ਵਾਪਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਘਟਨਾ ਤੇ ਇਸ ਤੋਂ ਬਾਅਦ ਕੋਟਕਪੂਰਾ ਤੇ ਬਹਿਬਲ ਕਲਾਂ ਵਿਚ ਹੋਈ ਪੁਲਿਸ ਕਾਰਵਾਈ ਨੂੰ  ਲੈ ਕੇ ਅਕਾਲੀ-ਭਾਜਪਾ ਸਰਕਾਰ ਪ੍ਰਤੀ ਲੋਕਾਂ ਦੀ ਨਾਰਾਜ਼ਗੀ ਕਾਫ਼ੀ ਵਧ ਗਈ ਸੀ | ਬਹੁਤੇ ਲੋਕ ਅਨੇਕਾਂ ਹੋਰ ਕਾਰਨਾਂ ਕਰਕੇ ਵੀ ਨਾਰਾਜ਼ ਤੇ ਨਿਰਾਸ਼ ਹੋ ਗਏ ਸਨ,  ਜਿਸ ਨਾਲ ਅਕਾਲੀ ਦਲ ਦਾ ਅਕਸ ਫਿੱਕਾ ਪੈ ਗਿਆ ਸੀ ਅਤੇ ਉਨ੍ਹਾਂ ਦੀ ਸਾਖ਼ ਨੂੰ  ਵੱਡੀ ਢਾਹ ਲੱਗੀ ਸੀ | ਇਹ ਵੀ ਇਕ ਵੱਡਾ ਕਾਰਨ ਸੀ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਨੂੰ  ਵੱਡੀ ਜਿੱਤ ਪ੍ਰਾਪਤ ਹੋਈ ਸੀ ਪਰ ਉਸ ਤੋਂ ਬਾਅਦ ਲੋਕਾਂ ਨੇ ਕਾਂਗਰਸ, ਅਕਾਲੀ ਦਲ ਤੇ ਭਾਜਪਾ ਆਦਿ ਰਵਾਇਤੀ ਪਾਰਟੀਆਂ ਤੋਂ ਨਿਰਾਸ਼ ਹੋ ਕੇ ਆਮ ਆਦਮੀ ਪਾਰਟੀ ਦੇ ਰੂਪ ਵਿਚ ਤੀਸਰਾ ਬਦਲ ਲੱਭ ਲਿਆ ਸੀ | ਇਸੇ ਹੀ ਦੌਰਾਨ ਕੇਂਦਰ ਸਰਕਾਰ ਵਲੋਂ ਖੇਤੀਬਾੜੀ ਸੰਬੰਧੀ ਬਣਾਏ ਗਏ ਤਿੰਨ ਕਾਨੂੰਨਾਂ 'ਤੇ ਵੱਡਾ ਵਿਵਾਦ ਛਿੜ ਗਿਆ ਸੀ | ਪੰਜਾਬ ਇਨ੍ਹਾਂ ਦੇ ਵਿਰੋਧ ਦਾ ਕੇਂਦਰ ਬਿੰਦੂ ਬਣ ਗਿਆ ਸੀ | ਇਨ੍ਹਾਂ ਕਾਨੂੰਨਾਂ ਦੇ ਵਿਰੋਧ ਵਿਚ ਅਕਾਲੀ ਦਲ ਨੇ ਕੇਂਦਰ ਦੀ ਲੋਕਤੰਤਰੀ ਗੱਠਜੋੜ ਸਰਕਾਰ ਤੋਂ ਤੋੜ-ਵਿਛੋੜਾ ਕਰ ਲਿਆ ਸੀ | ਪਰ ਇਸ ਦੇ ਬਾਵਜੂਦ ਵੀ ਹਾਸ਼ੀਏ 'ਤੇ ਪੁੱਜਿਆ ਅਕਾਲੀ ਦਲ ਬਾਦਲ ਪੂਰੀ ਤਰ੍ਹਾਂ ਉੱਠ ਨਹੀਂ ਸੀ ਸਕਿਆ | ਸ. ਪ੍ਰਕਾਸ਼ ਸਿੰਘ ਬਾਦਲ ਦੇ ਅਕਾਲ ਚਲਾਣੇ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਹੋਈਆਂ ਕਈ ਚੋਣਾਂ ਦੌਰਾਨ ਵੀ ਅਕਾਲੀਆਂ ਨੂੰ  ਵੱਡੀ ਸ਼ਰਮਿੰਦਗੀ ਉਠਾਉਣੀ ਪਈ ਸੀ | ਇਸ ਪਿੱਛੋਂ ਪਾਰਟੀ ਤੋਂ ਅਨੇਕਾਂ ਵੱਡੇ ਲੀਡਰਾਂ ਨੇ ਬਗ਼ਾਵਤ ਕਰ ਦਿੱਤੀ ਸੀ ਅਤੇ ਸੁਖਬੀਰ ਸਿੰਘ ਬਾਦਲ ਤੋਂ ਅਸਤੀਫ਼ੇ ਦੀ ਮੰਗ ਕੀਤੀ ਜਾਣ ਲੱਗੀ ਸੀ | ਪਰ ਪਾਰਟੀ 'ਤੇ ਕਾਬਜ਼ ਨੇਤਾਵਾਂ ਦੇ ਅੜੇ ਰਹਿਣ ਕਾਰਨ ਪਾਰਟੀ ਦੋ ਫਾੜ ਹੋ ਗਈ ਅਤੇ ਅਕਾਲੀ ਦਲ ਪੁਨਰ ਸੁਰਜੀਤ ਨਾਂਅ ਦਾ ਨਵਾਂ ਸੰਗਠਨ ਹੋਂਦ ਵਿਚ ਆ ਗਿਆ ਸੀ | ਜਿਸ ਨਾਲ ਅਕਾਲੀ ਸਫ਼ਾਂ ਵਿਚ ਹੋਰ ਵੀ ਨਿਰਾਸ਼ਾ ਤੇ ਦੁਬਿਧਾ ਪੈਦਾ ਹੋ ਗਈ ਸੀ | ਅੱਜ ਤੱਕ ਵੀ ਅਕਾਲੀ ਦਲ ਆਪਣੇ ਸਾਰੇ ਯਤਨਾਂ ਦੇ ਬਾਵਜੂਦ ਇਸ ਸੰਕਟ 'ਚੋਂ ਉੱਭਰਨ ਵਿਚ ਕਾਮਯਾਬ ਨਹੀਂ ਹੋ ਸਕਿਆ |
2027 ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ  ਮੁੱਖ ਰੱਖ ਕੇ ਉਸ ਨੇ ਭਾਜਪਾ ਨਾਲ ਨੇੜਤਾ ਵਧਾਉਣ ਦਾ ਯਤਨ ਕੀਤਾ ਸੀ ਪਰ ਦੂਸਰੇ ਪਾਸੇ ਭਾਜਪਾ ਨੇ ਸੂਬਾਈ ਚੋਣਾਂ ਇਕੱਲਿਆਂ ਲੜਨ ਲਈ ਲਗਾਤਾਰ ਆਪਣੀ ਪੂਰੀ ਤਿਆਰੀ ਵਿੱਢ ਰੱਖੀ ਸੀ | ਆਪਣੀਆਂ ਸੀਮਾਵਾਂ ਦੇ ਬਾਵਜੂਦ ਉਹ ਪੂਰੇ ਹੌਸਲੇ ਨਾਲ ਪੰਜਾਬ ਚੋਣਾਂ ਲਈ ਤਿਆਰੀ ਕਸਦੀ ਨਜ਼ਰ ਆ ਰਹੀ ਸੀ | ਪਿਛਲੇ ਸਮੇਂ ਵਿਚ ਇਸ ਦੇ ਵੱਡੇ-ਛੋਟੇ ਆਗੂ ਲਗਾਤਾਰ ਸੂਬੇ ਦੀਆਂ ਸਾਰੀਆਂ ਸੀਟਾਂ 'ਤੇ ਹੀ ਚੋਣ ਲੜਨ ਦਾ ਐਲਾਨ ਕਰਦੇ ਰਹੇ ਸਨ | ਹੁਣ ਅਚਾਨਕ ਦੋਹਾਂ ਦੇ ਗੱਠਜੋੜ ਦੇ ਐਲਾਨ ਨੇ ਜਿੱਥੇ ਅਕਾਲੀ-ਭਾਜਪਾ ਪਾਰਟੀਆਂ ਦੀਆਂ ਸਫ਼ਾਂ ਵਿਚ ਇਕ ਨਵੀਂ ਆਸ ਪੈਦਾ ਕੀਤੀ ਹੈ, ਉੱਥੇ ਵਿਰੋਧੀ ਪਾਰਟੀਆਂ ਅਕਾਲੀ ਦਲ (ਬ) ਦੀ ਇਸ ਪੱਖੋਂ ਸਖ਼ਤ ਆਲੋਚਨਾ ਕਰ ਰਹੀਆਂ ਹਨ ਕਿ ਉਸ ਨੇ ਸਿਰਫ਼ ਚੋਣਾਂ ਜਿੱਤਣ ਲਈ ਹੀ ਅਜਿਹਾ ਸਮਝੌਤਾ ਕੀਤਾ ਹੈ, ਕਿਉਂਕਿ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਨੇ ਹਾਲੇ ਤੱਕ ਚਿਰਾਂ ਤੋਂ ਲਟਕ ਰਹੇ ਪੰਥਕ ਮਸਲਿਆਂ ਸੰਬੰਧੀ ਆਪਣੀ ਸਥਿਤੀ ਸਾਫ਼ ਨਹੀਂ ਕੀਤੀ ਅਤੇ ਨਾ ਹੀ ਉਸ ਵਲੋਂ ਚਿਰਾਂ ਤੋਂ ਲਟਕਦੀਆਂ ਆ ਰਹੀਆਂ ਪੰਜਾਬ ਸੰਬੰਧੀ ਮੰਗਾਂ ਬਾਰੇ ਹੀ ਕੋਈ ਪ੍ਰਤੀਕਰਮ ਪ੍ਰਗਟ ਕੀਤਾ ਹੈ | ਪਿਛਲੇ ਸਮੇਂ ਦੌਰਾਨ ਦੋਵੇਂ ਹੀ ਪਾਰਟੀਆਂ ਚੋਣਾਂ ਵਿਚ ਉਤਰਨ ਲਈ ਵੱਖ-ਵੱਖ ਹਲਕਿਆਂ ਵਿਚ ਆਪੋ-ਆਪਣੇ ਹਲਕਾ ਇੰਚਾਰਜਾਂ ਦਾ ਵੀ ਲਗਾਤਾਰ ਐਲਾਨ ਕਰਦੀਆਂ ਰਹੀਆਂ ਹਨ | ਅਜਿਹੀ ਸੂਰਤ ਵਿਚ ਸੀਟਾਂ ਦੇ ਲੈਣ-ਦੇਣ ਦੀ ਵੀ ਇਕ ਵੱਡੀ ਸਮੱਸਿਆ ਖੜ੍ਹੀ ਹੋ ਸਕਦੀ ਹੈ, ਕਿਉਂਕਿ ਹਲਕਾ ਇੰਚਾਰਜ ਆਪਣੇ-ਆਪ ਨੂੰ  ਸੰਭਾਵਿਤ ਉਮੀਦਵਾਰ ਹੀ ਸਮਝਦੇ ਹਨ | ਫਿਰ ਵੀ ਹੁਣ ਵੇਖਣਾ ਹੋਵੇਗਾ ਕਿ ਇਸ ਸਮੇਂ ਵਿਧਾਨ ਸਭਾ ਵਿਚ ਹਾਸ਼ੀਏ 'ਤੇ ਆਈਆਂ ਹੋਈਆਂ ਇਨ੍ਹਾਂ ਦੋਵਾਂ ਪਾਰਟੀਆਂ ਦਾ ਇਹ ਗੱਠਜੋੜ ਇਨ੍ਹਾਂ ਲਈ ਕਿੰਨਾ ਕੁ ਫਾਇਦੇਮੰਦ ਸਾਬਤ ਹੋ ਸਕੇਗਾ? ਇਕਦਮ ਹੋਏ ਇਸ ਐਲਾਨ ਨੇ ਸੂਬੇ ਦੇ ਰਾਜਨੀਤਕ ਮਾਹੌਲ ਵਿਚ ਵੱਡੀ ਚਰਚਾ ਛੇੜ ਦਿੱਤੀ ਹੈ | ਨੇੜ ਭਵਿੱਖ ਵਿਚ ਲੋਕ ਇਸ ਗੱਠਜੋੜ ਨੂੰ  ਕਿਸ ਤਰ੍ਹਾਂ ਦਾ ਹੁੰਗਾਰਾ ਦਿੰਦੇ ਹਨ, ਇਹ ਵੀ ਦੇਖਣ ਵਾਲੀ ਗੱਲ ਹੋਵੇਗੀ |

-ਬਰਜਿੰਦਰ ਸਿੰਘ ਹਮਦਰਦ

ਪਿਛਲੀ ਖ਼ਬਰ ਵਿਚਾਰ-ਪ੍ਰਵਾਹ ਅਗਲੀ ਖ਼ਬਰ ਰਾਸ਼ਟਰ ਲਈ ਰਾਹ-ਦਸੇਰਾ ਹੈ ਸਾਡਾ ਸੰਵਿਧਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।