26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਬਹੁ-ਪੱਖੀ ਖੁਰਾਕੀ ਸੰਕਟ 'ਚੋਂ ਗੁਜ਼ਰ ਰਿਹਾ ਹੈ ਭਾਰਤ

ਅਜੀਤ ਡੈਸਕ 04-12-2025

ਭੋਜਨ ਮਨੁੱਖੀ ਜੀਵਨ ਦਾ ਮਹੱਤਵਪੂਰਨ ਆਧਾਰ ਹੈ, ਚੰਗੀ ਸਿਹਤ ਤੇ ਖੁਸ਼ਹਾਲ ਜੀਵਨ ਲਈ ਪੋਸ਼ਟਿਕ ਭੋਜਨ ਬਹੁਤ ਜ਼ਰੂਰੀ ਹੈ। ਭਾਰਤ 'ਚ ਅਬਾਦੀ ਦੇ ਤੇਜ਼ ਵਾਧੇ ਕਾਰਨ ਗਰੀਬੀ ਤੇ ਬੇਰੁਜ਼ਗਾਰੀ ਵਰਗੀਆਂ ਆਰਥਿਕ ਸਮੱਸਿਆਵਾਂ ਨੇ ਦੇਸ਼ ਵਿਚਲੇ ਖੁਰਾਕੀ ਸੰਕਟ ਨੂੰ ਬਹੁਤ ਹੀ ਗੰਭੀਰ ਤੇ ਭਿਆਨਕ ਬਣਾ ਦਿੱਤਾ ਹੈ। ਭਾਰਤ ਦੀ ਅੰਨ ਸਮੱਸਿਆ ਕਈ ਪੱਖਾਂ ਤੋਂ ਦੇਖਣ ਨੂੰ ਮਿਲਦੀ ਹੈ। ਇਕ ਪਾਸੇ ਆਬਾਦੀ ਦੇ ਵੱਡੇ ਤਬਕੇ ਨੂੰ ਖਾਣ ਲਈ ਲੋੜੀਂਦਾ ਭੋਜਨ ਨਹੀਂ ਮਿਲਦਾ ਤੇ ਦੂਸਰੇ ਪਾਸੇ ਦੇਸ਼ ਅੰਨ ਦੀ ਬਰਬਾਦੀ ਤੇ ਖਾਧ ਪਦਾਰਥਾਂ ਵਿਚ ਮਿਲਾਵਟ ਕਰਨ ਦੇ ਮਾਮਲੇ 'ਚ ਸੰਸਾਰ ਵਿਚ ਸਭ ਤੋਂ ਮੋਹਰੀ ਹੈ। ਭਾਰਤ ਖ਼ੁਰਾਕ ਅਸੁਰੱਖਿਆ, ਅਨਾਜ ਦੀ ਬਰਬਾਦੀ ਤੇ ਖ਼ੁਰਾਕੀ ਪਦਾਰਥਾਂ ਵਿਚ ਹੋ ਰਹੀ ਮਿਲਾਵਟ ਵਰਗੀਆਂ 3 ਮੁੱਖ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ।
ਖੁਰਾਕ ਅਸੁਰੱਖਿਆ : ਵਿਸ਼ਵ ਦੀ ਚੌਥੀ ਵੱਡੀ ਅਰਥਵਿਵਸਥਾ ਦਾ ਦਾਅਵਾ ਕਰਨ ਵਾਲਾ ਭਾਰਤ 2047 ਤੱਕ ਵਿਕਸਿਤ ਦੇਸ਼ ਬਣਨ ਦਾ ਸੁਪਨਾ ਵੇਖ ਰਿਹਾ ਹੈ ਜੋ 'ਗਲੋਬਲ ਹੰਗਰ ਇੰਡੈਕਸ 2025' ਅਰਥਾਤ ਵਿਸ਼ਵ ਭੁੱਖਮਰੀ ਸੂਚੀ ਦੇ ਅਨੁਸਾਰ ਵਿਸ਼ਵ ਦੇ 123 ਦੇਸ਼ਾਂ 'ਚੋਂ 102ਵੇਂ ਨੰਬਰ 'ਤੇ ਹੈ ਅਤੇ ਉਸ ਦਾ ਗਲੋਬਲ ਹੰਗਰ ਇੰਡੈਕਸ ਅੰਕ 25.8 ਹੈ। ਭਾਰਤ ਵਿਚ ਭੁੱਖਮਰੀ ਦਾ ਪੱਧਰ ਬਹੁਤ ਗੰਭੀਰ ਹੈ, ਜਿੱਥੇ ਭੁੱਖਮਰੀ ਦਾ ਸ਼ਿਕਾਰ ਜ਼ਿਆਦਾਤਰ ਬੱਚੇ ਹਨ। ਸਿੱਟੇ ਵਜੋਂ 33 ਫੀਸਦੀ ਬੱਚਿਆਂ ਦੇ ਕੱਦ ਉਮਰ ਦੇ ਹਿਸਾਬ ਨਾਲ ਘੱਟ ਹਨ, ਜਦਕਿ 18.7 ਫ਼ੀਸਦੀ ਬੱਚਿਆਂ ਦਾ ਭਾਰ ਕੱਦ ਦੇ ਹਿਸਾਬ ਨਾਲ ਘੱਟ ਹੈ। ਦੇਸ਼ ਦੀ 12 ਫ਼ੀਸਦੀ ਵਸੋਂ ਕੁਪੋਸ਼ਣ ਦਾ ਸ਼ਿਕਾਰ ਹੈ, ਕੁਪੋਸ਼ਣ ਕਾਰਨ ਦੇਸ਼ ਦੇ 2.8 ਫ਼ੀਸਦੀ ਬੱਚੇ 5 ਸਾਲ ਤੋਂ ਪਹਿਲਾਂ ਹੀ ਮੌਤ ਦਾ ਸ਼ਿਕਾਰ ਹੋ ਜਾਂਦੇ ਹਨ। ਭਾਵੇਂ ਸਰਕਾਰ 80 ਕਰੋੜ ਤੋਂ ਵੱਧ ਅਬਾਦੀ ਨੂੰ ਮੁਫ਼ਤ ਤੇ ਸਬਸਿਡੀ ਉੱਪਰ ਰਾਸ਼ਨ ਮੁਹੱਈਆ ਕਰਵਾਉਂਦੀ ਹੈ, ਫਿਰ ਵੀ 20 ਕਰੋੜ ਆਬਾਦੀ ਖੁਰਾਕੀ ਪੱਧਰ ਤੋਂ ਅਸੁਰੱਖਿਅਤ ਹੈ। ਦੇਸ਼ ਦੇ 5 ਵਿਅਕਤੀਆਂ ਪਿੱਛੇ ਇਕ ਵਿਅਕਤੀ ਲੋੜੀਂਦੇ ਪੌਸ਼ਟਿਕ ਭੋਜਨ ਦੀ ਅਣਹੋਂਦ ਕਾਰਨ ਬਿਮਾਰੀਆਂ ਦਾ ਸ਼ਿਕਾਰ ਹੋ ਰਿਹਾ ਹੈ। 5ਵੇਂ ਨੈਸ਼ਨਲ ਫੈਮਿਲੀ ਹੈਲਥ ਸਰਵੇ-2019-2021 ਅਨੁਸਾਰ ਦੇਸ਼ ਵਿਚ 57 ਫ਼ੀਸਦੀ ਗਰਭਵਤੀ ਔਰਤਾਂ ਖੂਨ ਦੀ ਕਮੀ ਤੋਂ ਪੀੜਤ ਹਨ।
ਅੰਨ ਦੀ ਬਰਬਾਦੀ : ਇਕ ਪਾਸੇ ਦੇਸ਼ ਦੀ 20 ਫ਼ੀਸਦੀ ਵੱਸੋਂ ਪੌਸ਼ਟਿਕ ਅਨਾਜ ਦੀ ਕਮੀ ਕਾਰਨ ਭੁੱਖਮਰੀ ਤੇ ਬਿਮਾਰੀਆਂ ਦਾ ਸ਼ਿਕਾਰ ਹੋ ਰਹੀ ਹੈ, ਦੂਸਰੇ ਪਾਸੇ ਸੰਯੁਕਤ ਰਾਸ਼ਟਰ ਵਾਤਾਵਰਨ ਪ੍ਰੋਗਰਾਮ ਦੀ ਫੂਡ ਵੇਸਟ ਇੰਡੈਕਸ ਰਿਪੋਰਟ 2024 ਦੇ ਅਨੁਸਾਰ ਭਾਰਤ, ਚੀਨ ਤੋਂ ਬਾਅਦ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਅਨਾਜ ਬਰਬਾਦ ਕਰਨ ਵਾਲਾ ਦੇਸ਼ ਹੈ, ਜਿਥੇ ਸਾਲਾਨਾ 7.81 ਕਰੋੜ ਟਨ ਅਨਾਜ ਦੀ ਬਰਬਾਦੀ ਹੋ ਰਹੀ ਹੈ, ਜਿਸ ਦੀ ਕੀਮਤ 92,000 ਕਰੋੜ ਰੁਪਏ ਹੈ। ਭਾਰਤ ਵਿਚ ਖਪਤਕਾਰਾਂ ਤੱਕ ਪਹੁੰਚਣ ਵਾਲੇ ਭੋਜਨ ਦਾ 20 ਫ਼ੀਸਦੀ ਅਰਥਾਤ 5ਵਾਂ ਹਿੱਸਾ ਵਿਅਰਥ ਹੋ ਕੇ ਕੂੜੇਦਾਨ ਵਿਚ ਚਲੇ ਜਾਂਦਾ ਹੈ। ਇਸ ਤੋਂ ਇਲਾਵਾ ਤਕਰੀਬਨ 35-40 ਫ਼ੀਸਦੀ ਖੇਤੀ ਉਤਪਾਦਨ ਖਪਤਕਾਰ ਕੋਲ ਪਹੁੰਚਣ ਤੋਂ ਪਹਿਲਾਂ ਹੀ ਨਸ਼ਟ ਹੋ ਜਾਂਦਾ ਹੈ। ਜੇਕਰ ਹਰ ਪੱਧਰ 'ਤੇ ਦੇਖਿਆ ਜਾਵੇ ਤਾਂ 60 ਫ਼ੀਸਦੀ ਅੰਨ ਘਰੇਲੂ ਪੱਧਰ 'ਤੇ 28 ਫ਼ੀਸਦੀ ਭੋਜਨ ਸੇਵਾਵਾਂ ਵਾਲੇ ਪੱਧਰ 'ਤੇ ਅਤੇ 12 ਫ਼ੀਸਦੀ ਰਿਟੇਲ ਆਊਟਲੈੱਟ ਪੱਧਰ 'ਤੇ ਬਰਬਾਦ ਕੀਤਾ ਜਾਂਦਾ ਹੈ। ਭਾਰਤ ਵਿਚ ਖ਼ੁਰਾਕੀ ਬਰਬਾਦੀ ਦਾ ਸਭ ਤੋਂ ਵੱਡਾ ਕਾਰਨ ਲੋੜ ਤੋਂ ਵੱਧ ਭੋਜਨ ਪਕਵਾਨ ਬਣਾਉਣਾ ਹੈ। ਲੋਕ ਆਪਣੀ ਹੈਸੀਅਤ ਤੇ ਸ਼ਾਨੋ-ਸ਼ੋਕਤ ਨੂੰ ਦਿਖਾਉਣ ਲਈ ਵਿਆਹਾਂ, ਤਿਉਹਾਰਾਂ ਤੇ ਹੋਰ ਪ੍ਰੋਗਰਾਮਾਂ ਸਮੇਂ ਵੱਖ-ਵੱਖ ਪਕਵਾਨ ਲੋੜ ਤੋਂ ਵੱਧ ਮਾਤਰਾ ਵਿਚ ਤਿਆਰ ਕਰਵਾਉਂਦੇ ਹਨ ਅਤੇ ਪ੍ਰੋਗਰਾਮਾਂ ਤੋਂ ਬਾਅਦ ਬੇਲੋੜੇ ਭੋਜਨ ਨੂੰ ਅਜਾਈ ਸੁੱਟ ਦਿੱਤਾ ਜਾਂਦਾ ਹੈ। ਗਰੀਬ ਤੇ ਅਵਿਕਸਿਤ ਦੇਸ਼ਾਂ ਵਿਚ ਇਸ ਸਮੱਸਿਆ ਦਾ ਦੂਜਾ ਵੱਡਾ ਕਾਰਨ ਉਤਪਾਦਨ ਤੋਂ ਖਪਤਕਾਰ ਤੱਕ ਦੀ ਵੰਡ ਲੜੀ ਵਿਚ ਨਿਪੁੰਨਤਾ ਦੀ ਘਾਟ ਹੈ, ਜਿਸ ਕਾਰਨ ਭੋਜਨ ਦਾ ਇੱਕ ਵੱਡਾ ਹਿੱਸਾ ਭੋਜਨ ਦੀ ਪੈਕਿੰਗ, ਸਾਂਭ-ਸੰਭਾਲ, ਆਵਾਜਾਈ, ਭੰਡਾਰਨ (ਸਟੋਰੇਜ) ਅਤੇ ਵੰਡ ਦੌਰਾਨ ਖਰਾਬ ਹੋ ਜਾਂਦਾ ਹੈ। ਇਹ ਸਿਰਫ਼ ਅਨਾਜ ਦੀ ਬਰਬਾਦੀ ਨਹੀਂ ਸਗੋਂ ਅਨਾਜ ਪੈਦਾ ਕਰਨ ਲਈ ਵਰਤੇ ਜਾਣ ਵਾਲੇ ਬੀਜ, ਖਾਦ, ਪਾਣੀ, ਮਜ਼ਦੂਰੀ, ਊਰਜਾ, ਆਵਾਜਾਈ ਸਾਧਨਾਂ ਆਦਿ ਸਭ ਦੀ ਬਰਬਾਦੀ ਹੈ।
ਖ਼ੁਰਾਕੀ ਪਦਾਰਥਾਂ ਵਿਚ ਮਿਲਾਵਟ : ਖੇਤੀ ਪ੍ਰਧਾਨ ਦੇਸ਼ ਹੋਣ ਦੇ ਕਾਰਨ ਭਾਰਤ ਅਨੇਕਾਂ ਖਾਧ ਪਦਾਰਥਾਂ- ਦੁੱਧ, ਦਾਲਾਂ, ਪਟਸਨ, ਕਣਕ, ਚੌਲ, ਗੰਨਾ, ਮੂੰਗਫਲੀ, ਫਲ, ਸਬਜ਼ੀਆਂ, ਮਸਾਲਿਆਂ, ਪੋਲਟਰੀ, ਮੱਛੀ ਤੇ ਪਸ਼ੂ ਪਾਲਣ ਆਦਿ ਵਿਚ ਦੁਨੀਆ ਭਰ ਵਿਚ ਮੂਹਰਲਾ ਸਥਾਨ ਰੱਖਦਾ ਹੈ। ਫਿਰ ਵੀ ਦੇਸ਼ ਵਿਚ ਖੁਰਾਕ ਪਦਾਰਥਾਂ 'ਚ ਮਿਲਾਵਟ ਦੀ ਸਮੱਸਿਆ ਲਗਾਤਾਰ ਗੰਭੀਰ ਹੁੰਦੀ ਜਾ ਰਹੀ ਹੈ। ਪੰਜਾਬ, ਹਰਿਆਣਾ ਤੇ ਰਾਜਸਥਾਨ ਵਿਚ ਦੁੱਧ ਤੇ ਦੁੱਧ ਤੋਂ ਬਣੇ ਪਦਾਰਥਾਂ ਦਾ ਚੌਥੇ ਤੋਂ ਪੰਜਵਾਂ ਹਿੱਸਾ ਸੈਂਪਲ ਫੇਲ੍ਹ ਹੋਣ ਕਾਰਨ ਮਿਲਾਵਟ ਖਪਤਕਾਰ ਵਰਗ ਦੀ ਸਿਹਤ ਨਾਲ ਖਿਲਵਾੜ ਹੋ ਰਿਹਾ ਹੈ। ਦੁੱਧ ਦੀ ਵਧ ਰਹੀ ਮੰਗ ਨੂੰ ਪੂਰਾ ਕਰਨ ਲਈ ਸਿੰਥੈਟਿਕ ਦੁੱਧ ਦਾ ਉਤਪਾਦਨ ਡੇਅਰੀ ਕਿਸਾਨਾਂ ਦੀ ਆਮਦਨ ਤੇ ਰੁਜ਼ਗਾਰ 'ਤੇ ਵੱਡੀ ਸੱਟ ਮਾਰਦਾ ਹੈ। ਤਿਉਹਾਰਾਂ ਦੌਰਾਨ ਬਣਨ ਵਾਲੀਆਂ ਮਠਿਆਈਆਂ ਵਿਚ ਵੀ ਸਭ ਤੋਂ ਵੱਧ ਮਿਲਾਵਟ ਪਾਈ ਜਾਂਦੀ ਹੈ। ਫਲਾਂ ਤੇ ਸਬਜ਼ੀਆਂ ਉੱਪਰ ਖਤਰਨਾਕ ਖਾਦਾਂ ਤੇ ਕੀਟਨਾਸ਼ਕ ਦਵਾਈਆਂ ਦਾ ਛਿੜਕਾਅ ਕੀਤਾ ਜਾਂਦਾ ਹੈ। ਭਾਰਤ ਵਿਚ ਹਰ ਪ੍ਰਕਾਰ ਦੇ ਨਮਕ ਤੇ ਚੀਨੀ ਦੇ ਸੈਂਪਲਾਂ ਵਿਚ 0.1 ਐਮ.ਐਮ. ਤੋਂ 0.5 ਐਮ.ਐਮ. ਤੱਕ ਮਾਈਕ੍ਰੋਪਲਾਸਟਿਕ ਪਾਈ ਗਈ ਹੈ, ਜੋ ਬਹੁਤ ਭਿਆਨਕ ਬਿਮਾਰੀਆਂ ਦਾ ਕਾਰਨ ਬਣ ਸਕਦੀ ਹੈ। ਭਾਰਤ ਪੁਰਾਤਨ ਸਮੇਂ ਤੋਂ ਮਿਰਚ-ਮਸਾਲਿਆਂ ਦੇ ਉਤਪਾਦਨ ਵਿਚ ਮੋਹਰੀ ਰਿਹਾ ਹੈ ਅਤੇ ਮਸਾਲਿਆਂ ਦੇ ਕੁੱਲ ਅੰਤਰਰਾਸ਼ਟਰੀ ਵਪਾਰ ਵਿਚ 20 ਫ਼ੀਸਦੀ ਯੋਗਦਾਨ ਪਾ ਕੇ 4 ਅਰਬ ਅਮਰੀਕੀ ਡਾਲਰ ਕਮਾਉਂਦਾ ਸੀ, ਪਰ ਪਿਛਲੇ ਸਾਲ ਹਾਂਗਕਾਂਗ, ਸਿੰਗਾਪੁਰ, ਯੂਰਪੀ ਸੰਘ ਨੇ ਭਾਰਤੀ ਮਸਾਲਿਆਂ ਦੇ ਉੱਘੇ ਬ੍ਰਾਂਡਾਂ ਵਿਚ ਈਥਾਲੀਨ ਆਕਸਾਈਡ ਦੀ ਵਧੇਰੇ ਮਾਤਰਾ ਕਾਰਨ ਇਨ੍ਹਾਂ ਦੇ ਆਯਾਤ 'ਤੇ ਪਾਬੰਦੀ ਲਗਾ ਦਿੱਤੀ ਹੈ ਅਤੇ ਅਮਰੀਕਾ ਤੇ ਆਸਟ੍ਰੇਲੀਆ ਨੇ ਭਾਰਤੀ ਮਸਾਲਿਆਂ ਨੂੰ ਨਿਗਰਾਨੀ ਸੂਚੀ ਵਿਚ ਪਾ ਦਿੱਤਾ ਹੈ।
ਭਾਰਤ ਬਹੁਪੱਖੀ ਖ਼ੁਰਾਕੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ, ਇਕ ਪਾਸੇ 20 ਫੀਸਦੀ ਵਸੋਂ ਅਨਾਜ ਦੀ ਕਮੀ ਨਾਲ ਜੂਝ ਰਹੀ ਹੈ ਤਾਂ ਦੂਜੇ ਪਾਸੇ ਭਾਰਤੀ ਖਪਤਕਾਰ 20 ਫ਼ੀਸਦੀ ਭੋਜਨ ਪੂਰਨ ਤੌਰ 'ਤੇ ਬਰਬਾਦ ਕਰ ਦਿੰਦੇ ਹਨ। ਜੇਕਰ ਅੰਨ ਦੀ ਬਰਬਾਦੀ ਨੂੰ ਸਭ ਤੋਂ ਪਹਿਲਾਂ ਘਰੇਲੂ ਪੱਧਰ 'ਤੇ ਹੀ ਕੰਟਰੋਲ ਕਰ ਲਿਆ ਜਾਵੇ ਤਾਂ ਕਾਫ਼ੀ ਹੱਦ ਤੱਕ ਅੰਨ ਅਸੁਰੱਖਿਆ ਤੇ ਭੁੱਖਮਰੀ ਵਰਗੀਆਂ ਸਮੱਸਿਆਵਾਂ 'ਤੇ ਕਾਬੂ ਪਾਇਆ ਜਾ ਸਕਦਾ ਹੈ। ਮੈਰਿਜ ਪੈਲੇਸ, ਹੋਟਲ ਤੇ ਰੈਸਟੋਰੈਂਟ ਅੰਨ ਦੀ ਬਰਬਾਦੀ ਨੂੰ ਰੋਕਣ 'ਚ ਸਹਾਈ ਹੋ ਸਕਦੇ ਹਨ। ਅੰਨ ਭੰਡਾਰਨ ਲਈ ਕੋਲਡ ਸਟੋਰਾਂ ਦੀ ਅਹਿਮ ਭੂਮਿਕਾ ਹੁੰਦੀ ਹੈ। ਭਾਵੇਂ ਇਸ ਦਾ ਜ਼ਿਆਦਾ ਫਾਇਦਾ ਕਿਸਾਨਾਂ ਦੀ ਬਜਾਏ ਵਪਾਰੀ ਵਰਗ ਉਠਾ ਰਿਹਾ ਹੈ। ਖ਼ੁਰਾਕ ਪਦਾਰਥਾਂ ਵਿਚ ਹੋ ਰਹੀ ਮਿਲਾਵਟ ਨੂੰ ਰੋਕਣ ਲਈ ਸਰਕਾਰ, ਪ੍ਰਸ਼ਾਸਨ, ਸਿਹਤ ਵਿਭਾਗ, ਫੂਡ ਸੇਫਟੀ ਤੇ ਸਟੈਂਡਰਡਜ਼ ਅਥਾਰਿਟੀ ਆਫ ਇੰਡੀਆ ਆਦਿ ਸਭ ਨੂੰ ਉਚੇਚੇ ਤੌਰ 'ਤੇ ਯਤਨ ਕਰਨੇ ਚਾਹੀਦੇ ਹਨ। ਖ਼ੁਰਾਕ ਪਦਾਰਥਾਂ ਵਿਚ ਮਿਲਾਵਟ ਇਕ ਵੱਡਾ ਅਪਰਾਧ ਹੈ, ਪਰ ਭਾਰਤੀ ਕਾਨੂੰਨ ਅਤੇ ਨਿਆਂ ਪ੍ਰਣਾਲੀ ਅਨੁਸਾਰ ਇਸ ਅਪਰਾਧ ਦੀ ਸਜ਼ਾ ਬਹੁਤ ਘੱਟ ਹੈ। ਮਿਲਾਵਟ ਦੇ ਅਪਰਾਧ ਲਈ ਪਹਿਲਾਂ ਸਜ਼ਾ 6 ਮਹੀਨੇ ਤੱਕ ਦੀ ਕੈਦ ਜਾਂ 1000 ਰੁਪਏ ਤੱਕ ਦਾ ਜੁਰਮਾਨਾ ਸੀ। ਇੰਡੀਅਨ ਪੀਨਲ ਕੋਡ 1860 ਦੀ ਥਾਂ ਭਾਰਤੀ ਨਿਆ ਸੰਹਿਤਾ 2023 ਦੀ ਧਾਰਾ 274 ਤਹਿਤ ਜੁਰਮਾਨੇ ਦੀ ਰਕਮ ਭਾਵੇਂ 1000 ਤੋਂ ਵਧਾ ਕੇ 5000 ਰੁਪਏ ਤੱਕ ਕਰ ਦਿੱਤੀ ਗਈ ਹੈ ਪਰ ਕੈਦ 6 ਮਹੀਨੇ ਤੱਕ ਹੀ ਰੱਖੀ ਗਈ ਹੈ। ਭਾਰਤ ਵਿਚ ਖੁਰਾਕੀ ਪਦਾਰਥਾਂ ਦੇ ਵਧ ਰਹੇ ਸੰਕਟ ਨੂੰ ਹੱਲ ਕਰਨ ਲਈ ਸਰਕਾਰ ਨੂੰ ਠੋਸ ਕਦਮ ਚੁੱਕਣੇ ਚਾਹੀਦੇ ਹਨ ਤਾਂ ਜੋ 2030 ਤੱਕ ਭਾਰਤ ਟਿਕਾਊ ਵਿਕਾਸ ਦੇ ਨਾਲ-ਨਾਲ ਚੰਗੀ ਸਿਹਤ ਤੇ ਸਮਾਜ ਭਲਾਈ ਦੇ ਟੀਚੇ ਨੂੰ ਵੀ ਪ੍ਰਾਪਤ ਕਰ ਸਕੇ।

-ਸਹਾਇਕ ਪ੍ਰੋਫੈਸਰ, ਅਰਥਸ਼ਾਸਤਰ,
ਬਾਬਾ ਫਰੀਦ ਲਾਅ ਕਾਲਜ, ਫਰੀਦਕੋਟ।
ਮੋਬਾਈਲ : 97791-41063
manpreetkaur.mk1989@gmail.com

ਪਿਛਲੀ ਖ਼ਬਰ ਸਾਊ ਤੇ ਸੱਚੇ ਰਾਜਨੇਤਾ ਸਨ ਇੰਦਰ ਕੁਮਾਰ ਗੁਜਰਾਲ ਅਗਲੀ ਖ਼ਬਰ ਪਾਕਿਸਤਾਨ ਦੇ ਉੱਬਲਦੇ ਪਾਣੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।