ਜ਼ੀਰਾ, 21 ਅਕਤੂਬਰ (ਪ੍ਰਤਾਪ ਸਿੰਘ ਹੀਰਾ)-ਖਾਣ ਪੀਣ ਦੀਆਂ ਵਸਤਾਂ ਨੂੰ ਲੈ ਕੇ ਵੈਸੇ ਤਾਂ ਸਿਹਤ ਵਿਭਾਗ ਹਮੇਸ਼ਾ ਹੀ ਕੁੰਭਕਰਨ ਦੀ ਨੀਂਦ ਸੁੱਤਾ ਰਹਿੰਦਾ ਹੈ | ਇਸ ਵਾਰ ਦੀਵਾਲੀ ਦੇ ਤਿਉਹਾਰ ਮੌਕੇ ਸਿਹਤ ਵਿਭਾਗ ਦੀ ਮਿਹਰਬਾਨੀ ਨਾਲ ਕਬਾੜੀਆਂ ਅਤੇ ਟੈਂਟਾਂ ਵਾਲਿਆਂ ਨੇ ਵੀ ਗੈਰ ਮਿਆਰੀ ਮਠਿਆਈਆਂ ਵੇਚ ਕੇ ਆਪਣੀਆਂ ਜੇਬਾਂ ਭਰ ਲਈਆਂ | ਜ਼ੀਰਾ ਨੇੜਲੇ ਕਸਬਿਆਂ ਵਿਚ ਵੱਖ-ਵੱਖ ਕੰਮ ਕਰਨ ਵਾਲੇ ਲੋਕਾਂ ਨੇ ਬਾਹਰੋਂ ਗੈਰ ਮਿਆਰੀ ਮਠਿਆਈਆਂ ਲਿਆ ਕੇ ਲੋਕਾਂ ਦੀ ਸਿਹਤ ਨਾਲ ਰੱਜ ਕੇ ਖਿਲਵਾੜ ਕੀਤਾ, ਪਰ ਕਿਸੇ ਵੀ ਸਿਹਤ ਅਧਿਕਾਰੀ ਨੇ ਦੀਵਾਲੀ ਤੋਂ ਪਹਿਲਾਂ ਜਿੱਥੇ ਮਠਿਆਈਆਂ ਬਣਦੀਆਂ ਹਨ | ਉੱਥੇ ਜਾ ਕੇ ਜਾਂ ਕਿਸੇ ਹਲਵਾਈ ਦੁਕਾਨ ਦੀ ਦੁਕਾਨ ਦੀ ਕੋਈ ਚੈਕਿੰਗ ਨਹੀਂ ਕੀਤੀ | ਜਿਨ੍ਹਾਂ ਲੋਕਾਂ ਦਾ ਮਠਿਆਈ ਬਣਾਉਣ ਨਾਲ ਕੋਈ ਵਾਹ ਵਾਸਤਾ ਵੀ ਨਹੀਂ ਉਹ ਲੋਕ ਵੀ ਮਠਿਆਈਆਂ ਵੇਚਦੇ ਨਜ਼ਰ ਆਏ | ਲੋਕਾਂ ਵਲੋਂ ਮਠਿਆਈਆਂ ਵੇਚਣ ਦੌਰਾਨ ਦੁਕਾਨਾਂ ਦੇ ਬਾਹਰ ਸਟਾਲ ਲਾਏ ਹੋਏ ਸਨ ਅਤੇ ਮਿੱਟੀ ਘੱਟਾ ਧੂੜ ਮਠਿਆਈਆਂ 'ਤੇ ਪੈ ਰਿਹਾ ਸੀ, ਪਰ ਜਦੋਂ ਕੋਈ ਰੋਕਣ ਟੋਕਣ ਵਾਲਾ ਹੀ ਨਹੀਂ, ਫਿਰ ਡਰ ਕਿਸ ਦਾ, ਉੱਧਰ ਦੂਸਰੇ ਪਾਸੇ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਵਲੋਂ ਪਟਾਕੇ ਵੇਚਣ ਲਈ ਜ਼ੀਰਾ ਵਿਚ ਦੋ ਥਾਵਾਂ ਮੁਕੱਰਰ ਕੀਤੀਆਂ ਹੋਈਆਂ ਸਨ ਅਤੇ ਇਸ ਸਬੰਧੀ ਅਨਾਉਂਸਮੈਂਟ ਵੀ ਕਰਵਾਈ ਗਈ ਸੀ ਪ੍ਰਸ਼ਾਸਨ ਦੇ ਹੁਕਮਾਂ ਨੂੰ ਛਿੱਕੇ ਟੰਗ ਕੇ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਅੱਗੇ ਸ਼ਰੇਆਮ ਸਟਾਲ ਲਾ ਕੇ ਪਟਾਕੇ ਵੇਚੇ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਸ਼ਹਿਰ ਵਿਚ ਪਟਾਕਿਆਂ ਦਾ ਥੋਕ ਵਿਚ ਕੰਮ ਕਰਦੇ ਕੁੱਝ ਵਪਾਰੀਆਂ ਵਲੋਂ ਵੱਡੇ ਅਫ਼ਸਰਾਂ ਨੂੰ ਪਹਿਲਾਂ ਹੀ ਨਜ਼ਰਾਨੇ ਭੇਜ ਦਿੱਤੇ ਗਏ ਸਨ | ਜਿਸ ਕਰਕੇ ਪ੍ਰਸ਼ਾਸਨ ਦੇ ਸਾਹਮਣੇ ਇਹ ਸਭ ਕੁੱਝ ਹੁੰਦਾ ਰਿਹਾ | ਸਿਤਮ ਜਰੀਫੀ ਇਸ ਗੱਲ ਦੀ ਹੈ ਕਿ ਇਕ ਪੁਲਿਸ ਅਧਿਕਾਰੀ ਜਿਸ ਦੀ ਬਦਲੀ ਹੋਈ ਨੂੰ ਅੱਠ ਦਿਨ ਹੋ ਚੁੱਕੇ ਹਨ, ਉਹ ਵੀ ਪਟਾਕਾ ਵਪਾਰੀਆਂ ਕੋਲੋਂ ਪਹਿਲਾਂ ਹੀ ਆਪਣਾ ਹਿੱਸਾ ਲੈ ਗਿਆ ਸੀ |