25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਪਾਕਿ 'ਚ ਲਗਜ਼ਰੀ ਵਸਤੂ ਬਣੇ ਟਮਾਟਰ, ਭਾਅ ਪ੍ਰਤੀ ਕਿੱਲੋਗ੍ਰਾਮ 750 ਰੁਪਏ ਤੋਂ ਪਾਰ <br/>

ਅਜੀਤ ਡੈਸਕ 22-10-2025

ਅੰਮਿ੍ਤਸਰ, 21 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ 'ਚ ਟਮਾਟਰ ਇਕ ਲਗਜ਼ਰੀ ਵਸਤੂ ਬਣ ਚੁਕੇ ਹਨ | ਇਸਲਾਮਾਬਾਦ ਅਤੇ ਕਰਾਚੀ ਆਦਿ ਸ਼ਹਿਰਾਂ 'ਚ ਟਮਾਟਰ ਦਾ ਭਾਅ ਪ੍ਰਤੀ ਕਿੱਲੋਗ੍ਰਾਮ 750 ਰੁਪਏ ਤੋਂ ਪਾਰ ਹੋ ਗਿਆ ਹੈ, ਜਦਕਿ ਲਾਹੌਰ, ਗੁੱਜਰਾਂਵਾਲਾ, ਮੁਲਤਾਨ, ਸਰਗੋਧਾ, ਮੰਡੀ ਬਹਾਉਦੀਨ, ਸ਼ੇਖ਼ੂਪੁਰਾ, ਸ੍ਰੀ ਨਨਕਾਣਾ ਸਾਹਿਬ ਆਦਿ ਸ਼ਹਿਰਾਂ 'ਚ ਟਮਾਟਰ ਦਾ ਭਾਅ 650 ਰੁਪਏ ਪ੍ਰਤੀ ਕਿੱਲੋਗ੍ਰਾਮ ਨੂੰ ਪਾਰ ਕਰ ਗਿਆ ਹੈ | ਪਾਕਿ ਦੇ ਵੱਖ-ਵੱਖ ਸ਼ਹਿਰਾਂ 'ਚ ਪਿਆਜ਼, ਆਲੂ, ਹਰੀਆਂ ਮਿਰਚਾਂ, ਅਦਰਕ ਅਤੇ ਲਸਣ ਦੀਆਂ ਕੀਮਤਾਂ ਵੀ ਅਸਮਾਨ ਛੂਹ ਰਹੀਆਂ ਹਨ | ਪਾਕਿਸਤਾਨੀ ਮੀਡੀਆ ਰਿਪੋਰਟਾਂ ਮੁਤਾਬਿਕ ਪਾਕਿ 'ਚ ਮਹਿੰਗਾਈ ਲਗਭਗ ਸਾਰੀਆਂ ਰੋਜ਼ਾਨਾ ਵਰਤੋਂ ਵਾਲੀਆਂ ਵਸਤੂਆਂ ਨੂੰ ਆਪਣੀ ਲਪੇਟ 'ਚ ਲੈ ਰਹੀ ਹੈ, ਜਿਸ ਕਾਰਨ ਖਪਤਕਾਰ ਘਰੇਲੂ ਖ਼ਰਚਿਆਂ ਨੂੰ ਸੰਭਾਲਣ ਲਈ ਸੰਘਰਸ਼ ਕਰ ਰਹੇ ਹਨ | ਸਬਜ਼ੀਆਂ ਦੀਆਂ ਕੀਮਤਾਂ 'ਚ ਵੀ ਤੇਜ਼ੀ ਨਾਲ ਵਾਧਾ ਵੇਖਿਆ ਜਾ ਰਿਹਾ ਹੈ | ਪਿਆਜ਼ ਦਾ ਪ੍ਰਤੀ ਕਿੱਲੋਗ੍ਰਾਮ ਭਾਅ ਹੁਣ ਮੁਰਗੇ ਨਾਲੋਂ ਵੱਧ ਗਿਆ ਹੈ | ਮੁਰਗੇ ਦਾ ਮੀਟ 450 ਤੋਂ 500 ਰੁਪਏ ਪ੍ਰਤੀ ਕਿੱਲੋਗ੍ਰਾਮ ਦੇ ਵਿਚਕਾਰ ਵਿਕ ਰਿਹਾ ਹੈ, ਜਦਕਿ ਪਿਆਜ਼ ਦਾ ਭਾਅ 550 ਰੁਪਏ ਪ੍ਰਤੀ ਕਿੱਲੋ ਤੋਂ ਵੀ ਵੱਧ ਗਿਆ ਹੈ | ਸੂਬਾ ਸਿੰਧ ਦੇ ਬਦੀਨ, ਜਮਸ਼ੋਰੋ, ਮੀਰਪੁਰ ਖ਼ਾਸ ਅਤੇ ਤੁਰਬਤ ਵਰਗੇ ਜ਼ਿਲਿ੍ਹਆਂ 'ਚ ਗਲੇ-ਸੜੇ ਟਮਾਟਰ ਵੀ 450 ਰੁਪਏ ਪ੍ਰਤੀ ਕਿੱਲੋਗ੍ਰਾਮ 'ਚ ਵਿਕ ਰਹੇ ਹਨ, ਜਦੋਂਕਿ ਕਰਾਚੀ 'ਚ ਅਦਰਕ ਅਤੇ ਲਸਣ ਦੀਆਂ ਕੀਮਤਾਂ 5 ਜਾਂ 6 ਗੁਣਾ ਵੱਧ ਹੋ ਗਈਆਂ ਹਨ | ਸਬਜ਼ੀਆਂ ਦੇ ਵਪਾਰੀਆਂ ਦਾ ਕਹਿਣਾ ਹੈ ਕਿ ਇਹ ਘਾਟ ਲਹਿੰਦੇ ਪੰਜਾਬ ਤੋਂ ਸੀਮਤ ਸਪਲਾਈ ਅਤੇ ਸਿੰਧ ਦੀ ਫ਼ਸਲ ਦੇ ਮੰਡੀਆਂ ਤੱਕ ਪਹੁੰਚਣ 'ਚ ਦੇਰੀ ਕਾਰਨ ਹੈ | ਅਫ਼ਗਾਨਿਸਤਾਨ ਤੋਂ ਦਰਾਮਦ ਦੀ ਮੁਅੱਤਲੀ ਨੇ ਕੀਮਤਾਂ 'ਚ ਵਾਧੇ ਨੂੰ ਹੋਰ ਵਧਾ ਦਿੱਤਾ ਹੈ | ਜਾਣਕਾਰੀ ਅਨੁਸਾਰ ਪਾਕਿ 'ਚ ਸਭ ਤੋਂ ਵਧੇਰੇ ਵਰਤੀਆਂ ਜਾਣ ਵਾਲੀਆਂ ਸਬਜ਼ੀਆਂ 'ਚ ਟਮਾਟਰ ਪ੍ਰਮੁੱਖ ਹੈ ਅਤੇ ਇਕ ਅੰਦਾਜੇ ਅਨੁਸਾਰ ਪਾਕਿ 'ਚ ਰੋਜ਼ਾਨਾ 2 ਹਜ਼ਾਰ ਟਨ ਟਮਾਟਰ ਦੀ ਖਪਤ ਹੁੰਦੀ ਹੈ |

ਪਿਛਲੀ ਖ਼ਬਰ ਪਾਕਿਸਤਾਨ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ ਵਲੋਂ ਹਿੰਦੂ ਭਾਈਚਾਰੇ ਨੂੰ ਦੀਵਾਲੀ ਦੀ ਵਧਾਈ <br/> ਅਗਲੀ ਖ਼ਬਰ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਪੁਰਾਤਨ ਮਰਿਯਾਦਾ ਅਨੁਸਾਰ 'ਤਖ਼ਤ ਇਸ਼ਨਾਨ' ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।